Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਭੰਨੀ ਘੜੀ ਸਵੰਨਵੀ   ਟੂਟੀ ਨਾਗਰ ਲਜੁ
ਜੋ ਸਜਣ ਭੁਇ ਭਾਰੁ ਥੇ   ਸੇ ਕਿਉ ਆਵਹਿ ਅਜੁ ॥੬੯॥
ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਨੇ ਆਪਣੇ ਇਸ ਸਲੋਕ ਦੁਆਰਾ ਮਨੁਖ ਦਾ ਧਿਆਨ ਇਸ ਗੱਲ ਵੱਲ ਕੇਂਦਰਤ ਕਰ ਰਹੇ ਹਨ ਕਿ ਜੇਕਰ ਉਸ ਨੇ ਆਪਣਾ ਮਨੁਖਾ ਦੇਹੀ ਦਾ ਸਮਾਂ ਅਜਾਈਂ ਗਵਾ ਲਿਆ ਤਾਂ ਇਹ ਮੌਕਾ ਇਸ ਨੂੰ ਦੁਬਾਰਾ ਪ੍ਰਾਪਤ ਨਹੀ ਹੋਵੇਗਾ। ਪਿਛਲੇ ਸਲੋਕ ਵਾਲੀ ਗੱਲ ਦਾ ਦੁਹਰਾਉ ਕਰਦਿਆਂ ਪਹਿਲੀ ਤੁਕ ਵਿਚ ਫਰੀਦ ਜੀ ਦੱਸਦੇ ਹਨ ਕਿ ਯਾਦ ਰਖੋ, ਜਿਸ ਸੁੰਦਰ ਦੇਹੀ ਦਾ ਮਨੁਖ ਨੂੰ ਬਹੁਤ ਮਾਣ ਸੀ ਉਹ ਘੜੇ ਵਾਂਗ ਭੱਜ ਗਈ ਹੈ। ਸੁਆਸਾਂ ਰੂਪੀ ਡੋਰ ਟੁੱਟਣ ਕਰ ਕੇ ਇਹ ਸਰੀਰ ਮੁਰਦਾ ਹੋ ਗਿਆ ਹੈ।

ਅਗਲੀ ਤੁਕ ਵਿਚ ਬਾਬਾ ਫਰੀਦ ਜੀ ਨੇ ਮਰਨ ਵਾਲੇ ਪ੍ਰਾਣੀ ਵਾਸਤੇ ਸ਼ਬਦ ‘ਭੁਇ ਭਾਰੁ ਥੇ’ ਵਰਤਦਿਆਂ ਦਸਿਆ ਹੈ ਕਿ ਉਹ ਤਾਂ ਇਸ ਧਰਤੀ ’ਤੇ ਨਿਰਾ ਭਾਰ ਹੀ ਸੀ। ਸੁਆਲ ਪੈਦਾ ਹੁੰਦਾ ਕਿ ਉਹ ਇਸ ਧਰਤੀ ’ਤੇ ਭਾਰ ਕਿਉਂ ਸੀ ਤਾਂ ਇਸ ਦਾ ਜੁਆਬ ਵੀ ਬਾਬਾ ਫਰੀਦ ਜੀ ਨੇ ਆਪਣੇ ਆਸਾ ਰਾਗ ਦੇ ਸ਼ਬਦ ਵਿਚ ਦਿੱਤਾ ਹੋਇਆ ਹੈ ਤੇ ਉਹ ਆਖਦੇ ਹਨ ਕਿ ਜਿੰਨਾਂ ਨੂੰ ਬੰਦਗੀ ਵਿਸਰ ਗਈ ਉਹ ਅਸਲ ਵਿਚ ਇਸ ਧਰਤੀ ਤੇ ਭਾਰ ਹੀ ਹਨ: ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ॥

ਅਜਿਹੇ ਮਨੁਖ ਆਪਣਾ ਸਾਰਾ ਜੀਵਨ ਦੁਨੀਆਦਾਰੀ ਦੇ ਲੇਖੇ ਲਾ ਦਿੰਦੇ ਹਨ। ਬੁਰਿਆਈ ਅਤੇ ਪਾਪ ਦੇ ਮਾਰਗ ’ਤੇ ਚਲਦਿਆਂ ਉਹ ਮੌਤ ਨੂੰ ਵੀ ਤੇ ਪ੍ਰਭੂ ਨੂੰ ਭੁਲਾ ਬੈਠਦੇ ਹਨ ਤੇ ਅਖੀਰ ਗਵਾਏ ਸਮੇਂ ਲਈ ਪਛਤਾਉਂਦੇ ਹਨ, ਪਰ ਹੁਣ ਸਮਾਂ ਮੁੜ ਹੱਥ ਨਹੀਂ ਆਉਂਦਾ। ਇਸ ਲਈ ਬਾਬਾ ਫਰੀਦ ਜੀ ਸੰਕੇਤਾਤਮਕ ਰੂਪ ਵਿਚ ਸਮਝਾ ਰਹੇ ਹਨ ਕਿ ਸਮੇਂ ਦੀ ਕਦਰ ਕਰਦਿਆਂ, ਨੇਕ ਮਾਰਗ ਤੇ ਚੱਲ ਕੇ ਆਪਣੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕਰਨਾ ਚਾਹੀਦਾ ਹੈ। ਜੀਵਨ ਦਾ ਅਸਲ ਅਨੰਦ ਇਸ ਅਭੇਦਤਾ ਵਿਚ ਹੀ ਹੈ।

Tags