ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੂਫੀ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਸ਼ਬਦ ਦੀ ਉਤਪਤੀ ਨੂੰ ਵਖ-ਵਖ ਸ਼ਬਦਾਂ ਨਾਲ ਜੋੜ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਸ਼ਬਦ ਦੇ ਵਖਰੇ-ਵਖਰੇ ਅਰਥ ਕੀਤੇ ਹਨ। ਇਕ ਮੱਤ ਇਹ ਵੀ ਹੈ ਕਿ ਸੂਫੀ ਸ਼ਬਦ ਦੀ ਉਤਪਤੀ ‘ਸੂਫ’ ਸ਼ਬਦ ਤੋਂ ਹੋਈ ਹੈ, ਜਿਸ ਦਾ ਅਰਥ ਉੱਨ ਹੈ। ਪਹਿਲੇ ਇਸਲਾਮੀ ਫਕੀਰ ਅਤੇ ਦਰਵੇਸ਼ ਕਾਲੀ ਉੱਨ ਦਾ ਕੱਪੜਾ ਪਹਿਨਦੇ ਸਨ। ਸੂਫੀਆਂ ਵਿਚ ਕਾਲੇ ਕੱਪੜੇ ਸਾਦਗੀ, ਸਹਿਜ ਅਤੇ ਨਿਮਰਤਾ ਦੇ ਪ੍ਰਤੀਕ ਹਨ। ਕਾਲੇ ਕੱਪੜੇ ਉਸ ਰੱਬੀ ਗਿਆਨ ਦੇ ਵੀ ਸੰਕੇਤਕ ਹਨ, ਜਿਸ ਦੀ ਭਾਲ ਵਿਚ ਸੂਫੀ ਲੋਕ ਹਮੇਸ਼ਾ ਰਹਿੰਦੇ ਹਨ। ਇਸ ਦੇ ਇਲਾਵਾ ਸੂਫੀਆਂ ਵਿਚ ਕਾਲਾ ਰੰਗ ਰੱਬੀ ਯਾਦ ਅਤੇ ਬਿਰਹਾ ਦਾ ਸੂਚਕ ਵੀ ਹੈ। ਇਸ ਕਰਕੇ ਜਿਹੜੇ ਲੋਕ ਕਾਲੇ ਰੰਗ ਦੇ ਕੱਪੜੇ ਪਹਿਨਦੇ ਹਨ, ਲੋਕ ਉਨ੍ਹਾਂ ਨੂੰ ਸਿਆਣੇ ਅਤੇ ਭਲੇ ਪੁਰਸ਼ ਦਰਵੇਸ਼ ਸਮਝਕੇ ਬੇਹੱਦ ਇੱਜਤ ਕਰਦੇ ਹਨ।
ਪਰ ਅੱਜ ਦੇ ਸਮੇਂ ਵਿਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਧਾਰਮਕ ਲਿਬਾਸ ਜਾਂ ਰਹੁ-ਰੀਤਾਂ ਰਾਹੀਂ ਹੀ ਆਪਣੇ ਆਪ ਨੂੰ ਧਰਮੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਬਹੁਤਾਤ ਵੇਖਣ ਵਿਚ ਆਉਂਦਾ ਹੈ ਕਿ ਲੋਕ ਬਾਹਰੋਂ ਧਾਰਮਕ ਚਿੰਨ੍ਹ ਧਾਰਨ ਕਰ ਲੈਂਦੇ ਹਨ, ਪਰ ਉਨ੍ਹਾਂ ਦਾ ਅੰਦਰ ਬੁਰੇ ਵਿਚਾਰਾਂ ਤੇ ਜੀਵਨ ਮਾੜੇ ਅਮਲਾਂ ਨਾਲ ਭਰਿਆ ਹੁੰਦਾ ਹੈ। ਉਨ੍ਹਾਂ ਨੂੰ ਮਹਿਸੂਸ ਹੀ ਨਹੀ ਹੁੰਦਾ ਕਿ ਅਸਲ ਵਿਚ ਧਰਮੀ ਬਣਨ ਵਾਸਤੇ ਆਪਣੇ ਅੰਦਰ ਦੀਆਂ ਕੰਮਜੋਰੀਆਂ ਅਤੇ ਮਲੀਨਤਾ ਨੂੰ ਦੂਰ ਕਰਨਾ ਬਹੁਤ ਜਰੂਰੀ ਹੁੰਦਾ ਹੈ। ਦੂਜੇ ਪਾਸੇ ਇਹ ਗੱਲ ਵੀ ਮਾਇਨਾ ਰਖਦੀ ਹੈ ਕਿ ਆਮ ਲੋਕ ਅਮਲ ਨਾਲੋਂ ਭੇਖ ਦੇ ਜ਼ਿਆਦਾ ਉਪਾਸ਼ਕ ਹਨ, ਇਸੇ ਅਗਿਤਾਨਤਾ ਕਾਰਣ ਪਾਖੰਡੀ ਲੋਕ ਧਰਮ ਦੇ ਨਾਮ ਤੇ ਸ਼ੋਸ਼ਣ ਕਰਦੇ ਹਨ।
ਇਸ ਲਈ ਇਸ ਸਲੋਕ ਵਿਚ ਬਾਬਾ ਫਰੀਦ ਜੀ ਆਪਣੇ-ਆਪ ’ਤੇ ਢੁਕਾਅ ਕੇ ਸਾਨੂੰ ਸਮਝਾ ਰਹੇ ਹਨ ਕਿ, ਉਨ੍ਹਾਂ ਨੇ ਕੇਵਲ ਦਰਵੇਸ਼ਾਂ ਵਾਲੇ ਕਾਲੇ ਰੰਗ ਦੇ ਕੱਪੜੇ ਹੀ ਨਹੀ ਪਾਏ ਹੋਏ ਸਗੋਂ ਉਨ੍ਹਾਂ ਦੀ ਦਿਖ ਵੀ ਦਰਸ਼ੇਵਾਂ ਵਾਲੀ ਹੈ। ਉਨ੍ਹਾਂ ਦੁਆਰਾ ਸੂਫੀਆਂ ਵਾਲੇ ਕਾਲੇ ਕੱਪੜੇ ਪਹਿਨੇ ਹੋਣ ਕਾਰਣ ਲੋਕ ਉਨ੍ਹਾਂ ਦਾ ਬੇਹੱਦ ਮਾਣ-ਸਤਿਕਾਰ ਕਰਦੇ ਹਨ। ਬਾਹਰ ਦੀ ਇਹ ਧਰਮੀਆਂ ਵਾਲੀ ਦਿਖ ਤਾਂ ਸਭ ਨੂੰ ਦਿਸਦੀ ਹੈ ਪਰ ਆਪਣੇ ਅੰਦਰ ਦੀ ਹਾਲਤ ਨੂੰ ਕੇਵਲ ਉਹ ਆਪ ਹੀ ਜਾਣਦੇ ਹਨ। ਅੰਦਰ ਤਾਂ ਪਾਪਾਂ ਤੇ ਅਗਿਆਨਤਾ ਨਾਲ ਭਰਿਆ ਪਿਆ ਹੈ। ਜਿਸ ਕਾਰਣ ਉਨ੍ਹਾਂ ਨੂੰ ਆਪਣੇ ਵਿਹਾਰ ਵਿਚ ਪਾਪ ਦੀ ਕਾਲਖ ਦਿਖਾਈ ਦੇ ਰਹੀ ਹੈ ਜੋ ਆਮ ਲੋਕ ਨਹੀ ਦੇਖ ਪਾ ਰਹੇ।
ਬਾਬਾ ਫਰੀਦ ਜੀ ਗੱਲ ਨੂੰ ਅੱਗੇ ਤੋਰਦਿਆਂ ਸੰਸਾਰ ਦੀ ਅਗਿਆਨਤਾ ਬਿਆਨ ਕਰਦਿਆਂ ਦੱਸਦੇ ਹਨ ਕਿ ਇਹ ਠੀਕ ਹੈ ਕਿ ਉਸ ਦੇ ਕਾਲੇ ਧਾਰਮਕ ਪਹਿਰਾਵੇ ਨੂੰ ਦੇਖਕੇ ਹੀ ਲੋਕ ਉਸ ਨੂੰ ਭਲਾ ਪੁਰਸ਼ ਅਤੇ ਦਰਵੇਸ਼ ਸਮਝ ਰਹੇ ਹਨ, ਜਦਕਿ ਉਨ੍ਹਾਂ ਦਾ ਅੰਦਰ ਬੁਰਾਈਆਂ ਨਾਲ ਭਰਿਆ ਹੋਇਆ ਹੈ। ਇਹੋ-ਜਿਹਾ ਮਨੁਖ ਨਾ ਤਾਂ ਆਪਣਾ ਭਲਾ ਕਰ ਸਕਦਾ ਨਾ ਕਿਸੇ ਦੂਜੇ ਦਾ ਕੁਝ ਸੰਵਾਰ ਸਕਦਾ ਹੈ। ਮਨੁਖ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਕੇਵਲ ਸ਼ੋਭਨੀਕ ਪਹਿਰਾਵੇ ਦੇ ਨਾਲ ਕੋਈ ਦਰਵੇਸ਼ ਨਹੀ ਬਣਿਆ ਜਾਂਦਾ। ਇਸ ਵਾਸਤੇ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ ਪਹਿਚਾਣ ਕੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਰੂਹਾਨੀ ਜੀਵਨ ਵਾਸਤੇ ਸੱਚ, ਇਮਾਨਦਾਰੀ, ਦਇਆ, ਸੰਤੋਖ ਆਦਿ ਗੁਣਾਂ ਨੂੰ ਵੀ ਧਾਰਨ ਕਰਨਾ ਪੈਂਦਾ ਹੈ, ਜਿਨ੍ਹਾਂ ਕਾਰਣ ਉਸ ਦੀ ਇੱਜਤ ਹੁੰਦੀ ਹੋਵੇ।