ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਇਸ ਸਲੋਕ ਵਿਚ ਮਨੁਖ ਨੂੰ ਸਮਝਾਉਦਿਆਂ ਆਖਦੇ ਹਨ ਕਿ ਤੂੰ ਨਿਰਮਲ ਜਲ ਵਾਲਾ ਅਜਿਹਾ ਸਰੋਵਰ ਲੱਭਣ ਦੀ ਕੋਸ਼ਿਸ਼ ਕਰ, ਜਿਸ ਵਿਚ ਤੱਕਿਆਂ ਤੈਨੂੰ ਆਪਣੇ ਅਸਲ ਅਤੇ ਮੌਲਿਕ ਸਰੂਪ ਦੀ ਪਛਾਣ ਹੋ ਸਕੇ। ਇਹੀ ਉਹ ਵਸਤੂ ਹੈ, ਜਿਹੜੀ ਹਰ ਕਿਸੇ ਨੇ ਲੱਭਣੀ ਹੈ। ਇਹ ਆਪਣੇ ਅਸਲ ਆਪੇ ਦੀ ਪਛਾਣ ਹੈ। ਇਹੀ ਆਤਮ ਅਤੇ ਪਰਮਾਤਮ ਦਾ ਮੇਲ ਹੈ।
ਛੱਪੜ ਦਾ ਪਾਣੀ ਗੰਧਲਾ ਹੁੰਦਾ ਹੈ, ਜਿਹੜਾ ਨਾ ਹੀ ਪਿਆਸ ਬੁਝਾਉਣ ਦੇ ਯੋਗ ਹੁੰਦਾ ਹੈ ਤੇ ਨਾ ਹੀ ਉਸ ਵਿਚ ਆਪਣਾ ਅਕਸ ਦੇਖਿਆ ਜਾ ਸਕਦਾ ਹੈ। ਜੇ ਛੱਪੜ ਦੇ ਪਾਣੀ ਵਿਚ ਹੱਥ ਪਾਇਆ ਜਾਵੇ ਤਾਂ ਚਿੱਕੜ ਹੀ ਪੱਲੇ ਪੈਂਦਾ ਹੈ। ਅਸਲ ਵਿਚ ਸਰੋਵਰ ਸ਼ੁਧ ਗਿਆਨਵਾਨ ਲੋਕਾਂ ਦੀ ਸੰਗਤ ਦਾ ਹੀ ਪ੍ਰਤੀਕ ਹੈ, ਜਿਥੇ ਜਾਣ ਨਾਲ ਸਾਨੂੰ ਆਪਣੇ ਮੂਲ ਰੂਪ ਦਾ ਪਤਾ ਲੱਗਦਾ ਹੈ। ਦੂਸਰੇ ਪਾਸੇ ਛੱਪੜ ਭੇਖੀ ਲੋਕਾਂ ਦਾ ਪ੍ਰਤੀਕ ਹੈ, ਇਨ੍ਹਾਂ ਪਾਸ ਰਹਿਣ ਨਾਲ ਕੇਵਲ ਘਾਟਾ ਹੀ ਪ੍ਰਾਪਤ ਹੁੰਦਾ ਹੈ।
ਨੋਟ: ਫਰੀਦ ਉਦ ਦੀਨ ਅੱਤਾਰ ਦੀ ਪੁਸਤਕ ‘ਮੰਤਕ ਉਤ ਤਾਇਰ’ (ਪੰਛੀਆਂ ਦੀ ਮਜਲਿਸ) ਵਿਚ ਆਪਣੇ ਰਾਜੇ ਪੰਛੀ ਹੁਦਹੁਦ ਦੀ ਅਗਵਾਈ ਵਿਚ ਸੱਤ ਵਾਦੀਆਂ ਦਾ ਮੁਸ਼ਕਲ ਸਫਰ ਤੈਅ ਕਰਕੇ ਇਕ ਅਜਿਹੇ ਸਰੋਵਰ ’ਤੇ ਪੁੱਜਦੇ ਹਨ, ਜਿਥੇ ਉਹ ਆਪਣੀ ਪਿਆਸ ਬੁਝਾਉਂਦੇ ਹਨ ਤੇ ਨਿਰਮਲ ਪਾਣੀ ਵਿਚ ਆਪਣਾ ਅਸਲ ਅਕਸ ਦੇਖ ਕੇ ਆਪਣੇ ਮੂਲ ਰੂਪ ਨਾਲ ਸਾਂਝ ਪਾਉਂਦੇ ਹਨ। ਦੱਸਿਆ ਹੈ ਕਿ ਇਹੀ ਅਸਲ ਵਿਚ ਪ੍ਰਭੂ ਮਿਲਾਪ ਹੈ।