ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥
ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਕਪਾਹ ਵੱਲ ਦੇਖੋ, ਉਸ ਨਾਲ ਕੀ ਵਾਪਰਿਆ, ਇਸ ਨੂੰ ਝੰਮਣੀ ਨਾਲ ਝੰਮ ਕੇ ਵੇਲਣੇ ਵਿਚ ਵੇਲਿਆ ਜਾਂਦਾ ਹੈ। ਫਿਰ ਪੇਂਜਾ ਇਸ ਨੂੰ ਤੂੰਬਾਂ-ਤੂੰਬਾਂ ਪਿੰਜ ਕੇ ਪੂਣੀਆਂ ਬਣਾਉਂਦਾ ਹੈ। ਇਸੇ ਤਰ੍ਹਾਂ ਦੀਆਂ ਮੁਸੀਬਤਾਂ ਦਾ ਸ਼ਿਕਾਰ ਤਿਲ ਵੀ ਹੁੰਦੇ ਹਨ। ਕੋਹਲੂ ਵਿਚ ਪਾ ਕੇ ਉਨ੍ਹਾਂ ਨੂੰ ਨਪੀੜ ਕੇ ਉਨ੍ਹਾਂ ਦਾ ਤੇਲ ਕੱਢਿਆ ਜਾਂਦਾ ਹੈ।
ਏਥੇ ਹੀ ਬਸ ਨਹੀਂ, ਹੋਰ ਦੇਖੋ ਕਮਾਦ ਨਾਲ ਕੀ ਹੋਇਆ, ਜਿਸ ਨੂੰ ਵੇਲਣੇ ਵਿਚ ਪੀੜ ਦਿੱਤਾ ਗਿਆ। ਕਾਗਜ ਨਾਲ ਕੀ ਹੋਇਆ, ਜਿਸ ਨੂੰ ਪਾਣੀ ਵਿਚ ਗਾਲ ਕੇ ਕੁੱਟ-ਕੁੱਟ ਕੇ ਕਈ ਕੁਝ ਬਣਾ ਲਿਆ ਗਿਆ। ਹੋਰ ਤਾਂ ਹੋਰ ਕੋਲਿਆਂ ਨਾਲ ਦੇਖੋ ਕੀ ਕੁਝ ਹੁੰਦਾ ਹੈ, ਉਨ੍ਹਾਂ ਨੂੰ ਭੱਠੀਆਂ ਵਿਚ ਕਿਸ ਤਰ੍ਹਾਂ ਵਾਰ-ਵਾਰ ਤਪਾਇਆ ਤੇ ਸਾੜਿਆ ਜਾਂਦਾ ਹੈ।
ਅਖੀਰ ਵਿਚ ਅਜਿਹੇ ਹਵਾਲੇ ਦੇ ਕੇ ਦੱਸਿਆ ਹੈ ਕਿ ਜਿਹੜੇ ਵੀ ਲੋਕ ਆਪਣੇ ਜੀਵਨ ਵਿਚ ਬੁਰੇ ਕੰਮ ਕਰਦੇ ਹਨ, ਉਨ੍ਹਾਂ ਨੂੰ ਸਜਾ ਵਜੋਂ ਅਜਿਹੇ ਤਸੀਹੇ ਦਿੱਤੇ ਜਾਂਦੇ ਹਨ, ਜਿਸ ਬਾਰੇ ਸੋਚ ਕੇ ਹੀ ਬੰਦੇ ਦੀ ਰੂਹ ਕੰਬ ਜਾਂਦੀ ਹੈ। ਇਸ ਲਈ ਮਨੁਖ ਨੂੰ ਬੁਰੇ ਕੰਮਾਂ ਤੋਂ ਹਰ ਹਾਲਤ ਵਿਚ ਬਚਣਾ ਚਾਹੀਦਾ ਹੈ। ਇਸ ਗੱਲ ਦੀ ਚਿਤਾਵਨੀ ਦੇ ਕੇ ਬਾਬਾ ਫਰੀਦ ਜੀ ਸਾਨੂੰ ਪਾਪਾਂ ਦੇ ਰਾਸਤੇ ਤੋਂ ਮੋੜ ਕੇ ਨੇਕ ਰਸਤੇ ਉੱਤੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨੋਟ: ਕੁਰਾਨ ਸ਼ਰੀਫ ਦੇ ‘ਸੂਰਤ ਅਲ ਹਾਕਾ’ ਵਿਚ ਦੱਸਿਆ ਹੈ ਕਿ ਆਖਰੀ ਫੈਸਲੇ ਦੀ ਘੜੀ, ਜਦ ਮਨੁਖ ਨੂੰ ਪਤਾ ਲੱਗੇਗਾ ਕਿ ਬੁਰੇ ਕਰਮਾਂ ਵਾਲੇ ਨੂੰ ਕਿੰਨੇ ਸਖਤ ਅਤੇ ਅਸਹਿ ਤਸੀਹੇ ਦਿੱਤੇ ਜਾਂਦੇ ਹਨ ਤੇ ਜਦ ਉਨ੍ਹਾਂ ਦੇ ਅੱਛੇ-ਬੁਰੇ ਕੰਮਾਂ ਦਾ ਸਾਰਾ ਵੇਰਵਾ ਲਿਖ ਕੇ ਉਨ੍ਹਾਂ ਹੱਥਾਂ ਵਿਚ ਫੜਾ ਦਿੱਤਾ ਜਾਵੇਗਾ ਤਾਂ ਜਿਨ੍ਹਾਂ ਨੇ ਵੀ ਜੀਵਨ ਵਿਚ ਬੁਰੇ ਕੰਮ ਕੀਤੇ ਹੋਣਗੇ, ਉਹ ਸੋਚਣਗੇ ਕਿ ਕਾਸ਼ ਉਨ੍ਹਾਂ ਦੇ ਕਰਮ-ਪੱਤਰ ਉਨ੍ਹਾਂ ਨੂੰ ਨਾ ਫੜਾਏ ਜਾਂਦੇ ਤੇ ਉਨ੍ਹਾਂ ਨੂੰ ਪਤਾ ਹੀ ਨਾ ਹੁੰਦਾ ਕਿ ਉਨ੍ਹਾਂ ਨੇ ਕੀ ਕੀ ਕੀਤਾ ਹੈ? ਕਾਸ਼ ਉਨ੍ਹਾਂ ਦੀ ਦੁਨਿਆਵੀ ਮੌਤ ਹੀ ਆਖਰੀ ਮੌਤ ਹੁੰਦੀ ਤੇ ਉਥੇ ਹੀ ਸਾਰੀ ਗੱਲ ਨਿਬੜ ਗਈ ਹੁੰਦੀ।