ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਤਿਲ ਸਿਹਤ ਲਈ ਲਾਹੇਵੰਦ ਸਮਝੇ ਜਾਂਦੇ ਹਨ ਤੇ ਇਨ੍ਹਾਂ ਦਾ ਸੱਭਿਆਚਾਰਕ ਤੇ ਅਧਿਆਤਮਿਕ ਮਹੱਤਵ ਵੀ ਮੰਨਿਆ ਜਾਂਦਾ ਹੈ। ਤਿਲ ਅਕਾਰ ਵਿਚ ਜਿੰਨਾ ਨਿੱਕਾ ਹੁੰਦਾ ਹੈ, ਮਹੱਤਵ ਵਿਚ ਓਨਾ ਹੀ ਵਡਾ ਹੈ। ਹਿੰਦੂ ਧਰਮ ਅਨੁਸਾਰ ਮਿਰਤਕ ਸੰਸਕਾਰ ਸਮੇਂ ਜਲ ਵਿਚ ਤਿਲ ਮਿਲਾ ਕੇ ਦਾਨ ਦੇਣਾ ਉੱਤਮ ਮੰਨਿਆ ਜਾਂਦਾ ਹੈ। ਇਸ ਰਸਮ ਨੂੰ ਤਿਲਾਂਜਲੀ ਕਹਿੰਦੇ ਹਨ। ਵਿਆਹ ਸ਼ਾਦੀ ਵੇਲੇ ਵੀ ਤਿਲਾਂ ਨਾਲ ਜੁੜੀਆਂ ਕਈ ਰਸਮਾਂ ਹਨ, ਜਿਨ੍ਹਾਂ ਨਾਲ ਅੱਗੇ ਕਈ ਤਰ੍ਹਾਂ ਦੇ ਸ਼ੁਭ ਵਿਸ਼ਵਾਸ਼ ਜੁੜੇ ਹੋਏ ਹਨ। ਤਿਲ ਅਕਾਰ ਬਰੀਕ ਹੋਣ ਕਾਰਣ ਵਰਤਣ ਵੇਲੇ ਅਕਸਰ ਡੁੱਲ੍ਹ ਜਾਂਦੇ ਹਨ। ਖਾਸ ਤੌਰ ਪਰ ਬੁੱਕ ਭਰਨ ਵੇਲੇ ਤਾਂ ਬੇਹੱਦ ਖਿਆਲ ਰਖਣਾ ਪੈਂਦਾ ਹੈ। ਤਿਲਾਂ ਦੀ ਵਰਤੋਂ ਨਾਲ ਸੰਜਮ ਅਤੇ ਸੰਭਾਲ ਦੋਵੇਂ ਜੁੜੇ ਹੋਏ ਹਨ। ਇਸ ਸਲੋਕ ਵਿਚ ਬਾਬਾ ਫਰੀਦ ਜੀ ਪਸ਼ਚਾਤਾਪ ਦੇ ਅਹਿਸਾਸ ਵਿਚ ਦੱਸਦੇ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਤਿਲ ਥੋੜ੍ਹੇ ਹਨ ਤਾਂ ਉਹ ਸੰਭਲ ਕੇ ਬੁੱਕ ਭਰਦੇ ਤੇ ਤਿਲ ਡੁੱਲ੍ਹਣ ਤੋਂ ਬਚਾ ਲੈਂਦੇ। ਪਰ ਹੁਣ ਜਦ ਤਿਲ ਡੁੱਲ੍ਹ ਚੁੱਕੇ ਹਨ ਤਾਂ ਕੋਈ ਚਾਰਾ ਨਹੀਂ ਹੈ। ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਹਰ ਕੰਮ ਕਰਨ ਤੋਂ ਪਹਿਲਾਂ ਸੰਭਲਣ ਦੀ ਲੋੜ ਹੁੰਦੀ ਹੈ। ਇਸ ਵਿਚਾਰ ਨੂੰ ਮਨੁਖ ਦੀ ਉਮਰ ’ਤੇ ਵੀ ਲਾਗੂ ਕਰਕੇ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਲਾਪਰਵਾਹ ਹੁੰਦੇ ਹਨ ਤੇ ਸਮੇਂ ਦੀ ਦੁਰਵਰਤੋਂ ਕਰਦੇ ਹਨ, ਉਨ੍ਹਾਂ ਨੂੰ ਅਖੀਰ ਪਛਤਾਉਣਾ ਪੈਂਦਾ ਹੈ ਕਿ ਉਹ ਸਮੇਂ ਸਿਰ ਸੰਭਲ ਕਿਉਂ ਨਾ ਸਕੇ। ਉਨ੍ਹਾਂ ਨੇ ਤਿਲਾਂ ਜਿਹਾ ਆਪਣਾ ਕੀਮਤੀ ਜੀਵਨ ਵਿਅਰਥ ਗੁਆ ਲਿਆ ਹੈ। ਜਿਆਦਾਤਰ ਟੀਕਾਕਾਰ ‘ਨੰਢੜਾ’ ਸ਼ਬਦ ਦੇ ਅਰਥ ‘ਬਾਲ ਸੁਭਾਵਾ ਵਾਲਾ ਕਰਦੇ ਹਨ। ਉਨ੍ਹਾਂ ਅਨੁਸਾਰ ਫਰੀਦ ਜੀ ਇਥੇ ਕਹਿ ਰਹੇ ਹਨ ਕਿ ਜੇ ਮੈਨੂੰ ਇਹ ਪਤਾ ਹੁੰਦਾ ਕਿ ਪ੍ਰਭੂ-ਪਤੀ ਬਾਲਾਂ ਵਰਗੇ ਨਿਰਛਲ ਸੁਭਾਅ ਦਾ ਮਾਲਕ ਹੈ, ਭਾਵ ਉਹ ਚਤਰਾਈਆਂ ਦੀ ਥਾਂ ਭੋਲੇ ਸੁਭਾਅ ਨੂੰ ਪਿਆਰ ਕਰਦਾ ਹੈ, ਤਾਂ ਮੈਂ ਆਪਣੇ-ਆਪ ’ਤੇ ਇੰਨਾਂ ਮਾਣ ਨਾ ਕਰਦਾ, ਸਗੋਂ ਨਿਮਰਤਾ ਤੇ ਨਿਰਛਲਤਾ ਵਿਚ ਵਿਚਰਦਾ। ਸੰਦਰਭ ਅਨੁਸਾਰ ਇਸ ਤੁਕ ਨੂੰ ਹੇਠ ਲਿਖੇ ਅਨੁਸਾਰ ਵੀ ਸਮਝਿਆ ਜਾ ਸਕਦਾ ਹੈ: ਫਿਰ ਫਰੀਦ ਜੀ ਹੋਰ ਅਜਿਹੀ ਇਸਤਰੀ ਦੀ ਉਦਾਹਰਣ ਦਿੰਦੇ ਹਨ, ਜਿਹੜੀ ਆਪਣੀ ਭਰਪੂਰ ਜੁਆਨੀ ’ਤੇ ਏਨਾ ਮਾਣ ਕਰਦੀ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਸ ਜਿਹਾ ਭਰਪੂਰ ਜੁਆਨ ਤਾਂ ਉਸ ਦਾ ਹੋਣ ਵਾਲਾ ਪਤੀ ਵੀ ਨਹੀਂ ਹੋ ਸਕਦਾ। ਪਰ ਜਦ ਉਸ ਇਸਤਰੀ ਦੀ ਸ਼ਾਦੀ ਹੁੰਦੀ ਹੈ ਤਾਂ ਉਹ ਆਪਣੇ ਪਤੀ ਨੂੰ ਆਪਣੇ ਨਾਲੋਂ ਵੀ ਵਧੇਰੇ ਭਰਪੂਰ ਜਆਨ ਦੇਖ ਕੇ ਪਛਤਾਉਂਦੀ ਹੈ ਕਿ ਜੇ ਉਸ ਨੂੰ ਪਹਿਲਾਂ ਪਤਾ ਹੁੰਦਾ ਕਿ ਉਸ ਦਾ ਪਤੀ ਏਨਾ ਜੁਆਨ ਹੈ ਤਾਂ ਉਹ ਕਦੀ ਵੀ ਆਪਣੀ ਜੁਆਨੀ ਦਾ ਏਨਾ ਮਾਣ ਨਾ ਕਰਦੀ। ਇਹ ਗੱਲ ਸਿਰਫ ਇਸਤਰੀ ਤਕ ਸੀਮਿਤ ਨਹੀਂ ਹੈ। ਬਲਕਿ ਜਿਹੜਾ ਮਨੁਖ ਆਪਣੀ ਸਮਰੱਥਾ ’ਤੇ ਏਨਾ ਮਾਣ ਕਰਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦ ਮਨੁਖ ਰੱਬੀ-ਮਿਲਾਪ ਦੇ ਰਾਹ ਤੁਰਦਾ ਹੈ ਤਾਂ ਹੌਲੀ-ਹੌਲੀ ਉਸ ਦੇ ਅੰਦਰ ਅਹਿਸਾਸ ਜਾਗਦਾ ਕਿ ਅਸਲ ਵਿਚ ਸਭ ਕੁਝ ਕਰਨ-ਕਰਾਉਣ ਵਾਲਾ ਤਾਂ ਰੱਬ ਹੀ ਹੈ। ਰੱਬ ਦੇ ਸਾਹਮਣੇ ਉਹ ਤਾਂ ਕੁਝ ਵੀ ਨਹੀਂ ਹੈ। ਫਿਰ ਉਸ ਨੂੰ ਵੀ ਪਛਤਾਵਾ ਹੁੰਦਾ ਹੈ ਕਿ ਜੇ ਉਸ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਰੱਬ ਏਨਾ ਸਮਰੱਥਾਵਾਨ ਹੈ ਕਿ ਉਸ ਜਿਹੀ ਸਮਰੱਥਾ ਕਿਸੇ ਹੋਰ ਵਿਚ ਨਹੀਂ ਹੈ ਤਾਂ ਉਹ ਕਦੇ ਵੀ ਆਪਣੇ-ਆਪ ’ਤੇ ਏਨਾ ਮਾਣ ਨਾ ਕਰਦਾ। ਉਹ ਅਜਿਹੇ ਫਜ਼ੂਲ ਮਾਣ ਵਿਚ ਆਪਣਾ ਜੀਵਨ ਵਿਅਰਥ ਨਾ ਬਤੀਤ ਕਰਦਾ; ਬਲਕਿ ਸੰਜਮ, ਸਮਝ ਅਤੇ ਨਿਮਰਤਾ ਵਾਲਾ ਰਾਹ ਅਪਣਾਉਂਦਾ।