ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮੌਤ ਇਕ ਅਟੱਲ ਸਚਾਈ ਹੈ। ਇਸ ਤੋਂ ਬਚਣ ਲਈ ਮਨੁਖ ਆਪਣੇ ਵੱਲੋਂ ਚਾਹੇ ਜਿੰਨੇ ਮਰਜੀ ਉਪਾਅ ਕਰੇ ਪਰ ਮੌਤ ਫਿਰ ਵੀ ਇਸ ਨੂੰ ਆ ਦਬੋਚਦੀ ਹੈ ਤੇ ਮਨੁਖ ਸਦੀਵੀ ਤੌਰ ਤੇ ਅੱਖਾਂ ਮੀਟ ਜਾਂਦਾ ਹੈ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਦੇਹੀ ਰੂਪ ਇਮਾਰਤ ਵਿਚ ਹਾਲੇ ਦੋ ਦੀਵੇ ਬਲਦੇ ਹੀ ਸਨ, ਭਾਵ ਹਾਲੇ ਅੱਖਾਂ ਦੀ ਨਜ਼ਰ ਵੀ ਕਾਇਮ ਹੀ ਸੀ ਤੇ ਸਰੀਰ ਵਿਚ ਜਾਨ ਵੀ ਹਾਲੇ ਬਾਕੀ ਸੀ। ਪਰ ਫਿਰ ਵੀ ਇਸ ਦੇਹੀ ਦੇ ਮਾਲਕ ਦਾ ਦੂਤ, ਮੌਤ ਦਾ ਸੁਨੇਹਾ ਲੈ ਕੇ ਆ ਬੈਠਾ ਹੈ। ਇਥੇ ਮੌਤ ਦੇ ਦੂਤ ਦਾ ਭਾਵ ਬੁੱਢੇਪਾ ਵੀ ਹੋ ਸਕਦਾ ਹੈ, ਕਮਜ਼ੋਰੀ ਵੀ ਤੇ ਜਾਂ ਕੋਈ ਬਿਮਾਰੀ ਵੀ ਕਹੀ ਜਾ ਸਕਦੀ ਹੈ।
ਫਿਰ ਨਾਲ ਹੀ ਦੱਸਿਆ ਹੈ ਕਿ ਜਿਸ ਕਿਲ੍ਹੇ ਰੂਪ ਸਰੀਰ ਵਿਚ ਜਾਨ ਵਸਦੀ ਹੈ, ਮੌਤ ਦੇ ਫਰਿਸ਼ਤੇ ਨੇ ਇਸ ਕਿਲ੍ਹੇ ਨੂੰ ਜਿੱਤ ਲਿਆ ਹੈ ਤੇ ਆਪਣੇ ਕਬਜੇ ਹੇਠ ਲੈ ਲਿਆ ਹੈ। ਇਸ ਤੋਂ ਇਲਾਵਾ ਦੇਹ ਰੂਪ ਘਰ ਦੇ ਸਾਰੇ ਅੰਗਾਂ ਪੈਰਾਂ (ਦੀ ਤਾਕਤ) ਦੇ ਰੂਪ ਵਿਚ ਸਾਰਾ ਸਾਜੋ-ਸਮਾਨ ਲੁੱਟ-ਪੁਟ ਲਿਆ ਹੈ। ਇਥੇ ਹੀ ਬਸ ਨਹੀਂ, ਫਿਰ ਉਹ ਅੱਖਾਂ ਬੰਦ ਕਰ ਗਿਆ, ਹਨ੍ਹੇਰਾ ਕਰ ਗਿਆ, ਭਾਵ ਸਰੀਰ ਵਿਚੋਂ ਜਾਨ ਕੱਢ ਕੇ ਲੈ ਗਿਆ ਹੈ। ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਇਸ ਦੇਹੀ ਨੇ ਸਦਾ ਨਹੀਂ ਰਹਿਣਾ, ਇਸ ਲਈ ਇਸ ਤੋਂ ਸਮਾਂ ਰਹਿੰਦੇ ਵਧ ਤੋਂ ਵਧ ਲਾਹਾ ਲੈਣਾ ਚਾਹੀਦਾ ਹੈ।