ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਆਟਾ ਬਹੁਤਾਤ ਵਿਚ ਪਿਆ ਹੈ ਕਿ ਮੁੱਕਣ ਦੀ ਕੋਈ ਚਿੰਤਾ ਨਹੀਂ ਹੈ। ਦੂਜੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਆਟਾ ਤਾਂ ਕਿਤੇ ਰਿਹਾ, ਲੂਣ ਤਕ ਨਹੀਂ ਹੈ। ਭਾਵ, ਸਮਾਜ ਵਿਚ ਆਰਥਕ ਪਾੜਾ ਇਸ ਹੱਦ ਤਕ ਵਧਿਆ ਹੋਇਆ ਹੈ ਕਿ ਬਹੁਤ ਸਾਰੇ ਲੋਕ ਹੱਦੋਂ ਵੱਧ ਅਮੀਰ ਹਨ ਤੇ ਬਹੁਤ ਸਾਰੇ ਲੋਕ ਬੇਹੱਦ ਗਰੀਬੀ ਵਿਚ ਜੀਵਨ ਬਸਰ ਕਰ ਰਹੇ ਹਨ।
ਸਾਡੇ ਸਮਾਜ ਦੇ ਆਮ ਲੋਕਾਂ ਵੱਲੋਂ ਬੇਸ਼ਕ ਅਮੀਰ ਲੋਕਾਂ ਨੂੰ ਆਦਰ ਦਿੱਤਾ ਜਾਂਦਾ ਹੈ ਤੇ ਗਰੀਬਾਂ ਨੂੰ ਨਿਰਾਦਰ ਦੇ ਭਾਵ ਨਾਲ ਦੇਖਿਆ ਜਾਂਦਾ ਹੈ। ਪਰ ਇਥੇ ਦੱਸਿਆ ਹੈ ਕਿ ਅਮੀਰ ਅਤੇ ਗਰੀਬ ਲੋਕਾਂ ਵਿਚੋਂ ਚੰਗੇ-ਮਾੜੇ ਦਾ ਲੇਖਾ-ਜੋਖਾ, ਇਥੇ ਇਸ ਸਮਾਜ ਦੀ ਬਜਾਏ, ਅੱਗੇ ਜਾ ਕੇ, ਸੱਚ ਦੇ ਸਾਹਮਣੇ ਪੇਸ਼ ਹੋਇਆਂ ਹੀ ਹੋ ਸਕਦਾ ਹੈ। ਉਥੇ ਹੀ ਪਤਾ ਲੱਗੇਗਾ ਕਿ ਮਾਰ ਕਿਸ ਨੂੰ ਪੈਂਦੀ ਹੈ। ਫਿਰ ਹੀ ਪਤਾ ਲੱਗੇਗਾ ਕਿ ਮਾਰ ਪੈਣ ਵਾਲੇ ਬੁਰੇ ਲੋਕ ਕੌਣ ਹਨ ਤੇ ਚੰਗੇ ਲੋਕ ਕਿਹੜੇ ਹਨ। ਇਥੇ ਸੰਕੇਤ ਹੈ ਕਿ ਦੂਜਿਆਂ ਦਾ ਹੱਕ ਮਾਰ ਕੇ, ਪਾਪ ਦੀ ਕਮਾਈ ਨਾਲ ਐਸ਼ੋ-ਇਸ਼ਰਤ ਵਾਲਾ ਜੀਵਨ ਬਤੀਤ ਕਰਨ ਵਾਲੇ ਲੋਕ ਬੇਸ਼ੱਕ ਸਮਾਜ ਵਿਚ ਆਦਰਜੋਗ ਸਮਝੇ ਜਾਂਦੇ ਹੋਵਣ, ਪਰ ਸੱਚ ਦੇ ਸਾਹਮਣੇ ਉਹੀ ਲੋਕ ਦੋਸ਼ੀ ਗਿਣੇ ਜਾਂਦੇ ਹਨ।