Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕੰਧਿ ਕੁਹਾੜਾ  ਸਿਰਿ ਘੜਾ   ਵਣਿ ਕੈ ਸਰੁ ਲੋਹਾਰੁ ॥ 
ਫਰੀਦਾ  ਹਉ ਲੋੜੀ ਸਹੁ ਆਪਣਾ   ਤੂ ਲੋੜਹਿ ਅੰਗਿਆਰ ॥੪੩॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਉਸ ਲੁਹਾਰ ਦੀ ਤਸਵੀਰ ਨੂੰ ਬਿਆਨ ਕੀਤਾ ਹੈ ਜੋ ਮੋਢੇ ਉੱਤੇ ਕੁਹਾੜਾ ਰੱਖ, ਰੁੱਖਾਂ ਨੂੰ ਕੱਟ ਕੇ ਕੋਲੇ ਬਣਾਉਣ ਲਈ ਜੰਗਲ ਵਿਚ ਜਾਂਦਾ ਹੈ, ਜਾਂ ਸਿਰ ਉੱਤੇ ਘੜਾ ਰੱਖ ਕੇ ਪਾਣੀ ਭਰਨ ਲਈ ਸਰੋਵਰ ਨੂੰ ਜਾਂਦਾ ਹੈ। ਲੁਹਾਰ ਪਾਣੀ ਦੀ ਵਰਤੋਂ ਮੁੱਖ ਤੌਰ ’ਤੇ ਕੁਵੇਂਚਿੰਗ (quenching) ਲਈ ਕਰਦੇ ਹਨ। ਇਸ ਪ੍ਰਕਿਰਿਆ ਵਿਚ ਗਰਮ ਧਾਤ ਨੂੰ ਤੁਰੰਤ ਠੰਡਾ ਕੀਤਾ ਜਾਂਦਾ ਹੈ ਤਾਂ ਜੋ ਉਸ ਦੀ ਕਠੋਰਤਾ ਅਤੇ ਮਜ਼ਬੂਤੀ ਵਧੇ। ਪਾਣੀ ਦੀ ਵਰਤੋਂ ਹਥੌੜੇ, ਚਿਮਟੇ, ਛੈਣੀ ਆਦਿ ਸੰਦਾਂ ਨੂੰ ਠੰਡਾ ਕਰਨ ਲਈ ਵੀ ਹੁੰਦੀ ਹੈ। ਇਸ ਤੋਂ ਇਲਾਵਾ, ਭੱਠੀ ਵਿਚ ਅੱਗ ਨੂੰ ਸੰਭਾਲਣ/ਨਿਯੰਤਰਤ ਕਰਨ ਲਈ ਵੀ ਪਾਣੀ ਕੰਮ ਆਉਂਦਾ ਹੈ।

ਇਹ ਦ੍ਰਿਸ਼ ਦੇਖ ਕੇ ਬਾਬਾ ਫਰੀਦ ਜੀ ਪ੍ਰਤੀਕਾਤਮਕ ਸ਼ਬਦਾਂ ਰਾਹੀਂ ਇਸ ਸਲੋਕ ਵਿਚ ਇਹ ਭਾਵ ਪ੍ਰਗਟਾਉਂਦੇ ਜਾਪਦੇ ਹਨ ਕਿ ਜਿਵੇਂ ਘੜੇ ਵਾਲਾ ਸ਼ਾਂਤ ਸੁਭਾਅ, ਕੁਹਾੜੇ ਵਾਲੇ ਜੁਲਮੀ ਸੁਭਾਅ ਨੂੰ ਸੰਬੋਧਨ ਹੁੰਦਾ ਹੋਇਆ ਕਹਿ ਰਿਹਾ ਹੋਵੇ ਕਿ ਮੈਂ ਤਾਂ ਆਪਣੇ ਸ਼ਹੁ-ਸਰੋਵਰ ਨੂੰ ਲੱਭਦਾ ਫਿਰਦਾ ਹਾਂ, ਪਰ ਤੂੰ ਅੰਗਿਆਰ ਭਾਲਦਾ ਫਿਰਦਾ ਹੈਂ; ਭਾਵ, ਤੂੰ ਰੁੱਖਾਂ ਨੂੰ ਕੱਟ ਕੇ ਤੇ ਸਾੜ ਕੇ ਕੋਲੇ ਬਣਾਉਣ ਲਈ ਭਟਕ ਰਿਹਾ ਹੈਂ।

ਵਿਦਵਾਨਾਂ ਨੇ ਇਸ ਸਲੋਕ ਦੇ ਅਰਥ ਵਖ-ਵਖ ਢੰਗ ਨਾਲ ਕੀਤੇ ਹਨ। ਪਰ ਕਿਸੇ ਮਨੁਖ ਜਾਂ ਕਿਸੇ ਖਾਸ ਪੇਸ਼ੇ ਦੇ ਹਵਾਲੇ ਦੀ ਥਾਂ, ਮਨੁਖੀ ਸੁਭਾਅ ਅੰਦਰਲੇ ਪਰਸਪਰ ਸੰਵਾਦ ਨੂੰ ਸਮਝਣਾ ਵਧੇਰੇ ਗੁਰਮਤਿ ਅਨੁਕੂਲ ਅਤੇ ਮਨੁਖਤਾਵਾਦੀ ਜਾਪਦਾ ਹੈ। ਘੜੇ ਵਾਲਾ ਸ਼ਾਂਤ ਸੁਭਾਅ ਅਤੇ ਕੁਹਾੜੇ ਵਾਲਾ ਜੁਲਮੀ ਸੁਭਾਅ—ਇਹ ਦੋਵੇਂ ਹੀ ਸਾਡੇ ਅੰਦਰ ਵਸਦੇ ਹਨ। ਇਕ ਸਾਨੂੰ ਆਪਣੇ ਅਸਲੇ ਦੇ ਨੇੜੇ ਲੈ ਜਾਂਦਾ ਹੈ, ਜਦਕਿ ਦੂਜਾ ਸਾਨੂੰ ਸਾਰੀ ਉਮਰ ਧੰਧਿਆਂ ਵਿਚ ਪਾ ਕੇ ਰਾਹੋਂ ਭਟਕਾਈ ਰਖਦਾ ਹੈ। ਬਾਬਾ ਫਰੀਦ ਜੀ ਇਥੇ ਸਾਨੂੰ ਆਪਣੇ ਅੰਦਰਲੇ ਸ਼ਾਂਤ ਤੇ ਸਹਿਜ ਸੁਭਾਅ ਨੂੰ ਵਿਕਸਿਤ ਕਰ ਕੇ ਆਪਣੇ ਮੂ਼ਲ ਵੱਲ ਮੁੜਨ ਲਈ ਪ੍ਰੇਰ ਰਹੇ ਹਨ।

Tags