ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥
-ਗੁਰੂ ਗ੍ਰੰਥ ਸਾਹਿਬ ੧੩੭੯-੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਨੇ ਇਸ ਸਲੋਕ ਵਿਚ, ਪਿਛਲੇ ਸਲੋਕ ਦੇ ਵਿਚਾਰ ਨੂੰ ਹੀ ਹੋਰ ਅੱਗੇ ਵਧਾਇਆ ਹੈ ਅਤੇ ਦੱਸਿਆ ਹੈ ਕਿ ਅਸੀਂ ਵੇਖਦੇ ਹਾਂ ਹਰ ਘੜੀ ਅਤੇ ਪਹਿਰ ਦੇ ਬੀਤ ਜਾਣ ’ਤੇ ਦਰਵਾਜ਼ੇ ਵਿਚ ਟੰਗੇ ਹੋਏ ਘੜਿਆਲ ਉੱਤੇ ਹਥੋੜੇ ਮਾਰ-ਮਾਰ ਕੇ ਉਸ ਨੂੰ ਵਜਾਇਆ ਜਾਂਦਾ ਹੈ। ਵੇਖੋ ਇਸ ਤਰ੍ਹਾਂ ਇਕ ਬੇਕਸੂਰ ਘੜਿਆਲ ਬੇਵਜ੍ਹਾ ਹੀ ਸਜ਼ਾ ਪਾ ਰਿਹਾ ਹੈ।
ਬਿਲਕੁਲ ਇਸੇ ਤਰ੍ਹਾਂ ਬੁਰਿਆਈਆਂ ਅਤੇ ਐਬਾਂ ਵਿਚ ਫਸਿਆ ਹੋਇਆ, ਪਰਾਇਆ ਹੱਕ ਖਾਣ ਵਾਲਾ ਅਤੇ ਰੱਬ ਸੱਚੇ ਵੱਲੋਂ ਅਵੇਸਲਾ ਰਹਿਣ ਵਾਲਾ ਸਰੀਰ ਵੀ ਦਰਵਾਜ਼ੇ ਵਿਚ ਟੰਗੇ ਹੋਏ ਅਤੇ ਘੜੀ-ਘੜੀ ਬਾਅਦ ਮਾਰ ਸਹਿਣ ਵਾਲੇ ਘੜਿਆਲ ਦੀ ਤਰ੍ਹਾਂ ਦੁਖ ਸਹਿੰਦਾ ਹੈ। ਰਾਤ ਰੂਪ ਉਸ ਦਾ ਸਾਰਾ ਜੀਵਨ ਦੁਖ-ਤਕਲੀਫ ਵਿਚ ਹੀ ਬਤੀਤ ਹੁੰਦਾ ਹੈ। ਉਹ ਕਦੇ ਸੁਖੀ ਨਹੀਂ ਰਹਿੰਦਾ। ਇਸ ਲਈ ਮਿਹਨਤ ਵਾਲਾ ਨੇਕ ਅਤੇ ਚੇਤੰਨ ਜੀਵਨ ਹੀ ਜੀਣਾ ਚਾਹੀਦਾ ਹੈ। ਇਸ ਲਈ ਜਰੂਰੀ ਹੈ ਕਿ ਨਾਸਵਾਨ ਸੰਸਾਰ ਨਾਲੋਂ ਮੋਹ ਤੋੜ ਕੇ ਉਸ ਸਭ ਥਾਈਂ ਭਰਪੂਰ ਹਸਤੀ ਨਾਲ ਪ੍ਰੇਮ ਪਾਇਆ ਜਾਵੇ।