Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕਿਝੁ ਬੁਝੈ  ਕਿਝੁ ਸੁਝੈ   ਦੁਨੀਆ ਗੁਝੀ ਭਾਹਿ
ਸਾਂਈਂ ਮੇਰੈ ਚੰਗਾ ਕੀਤਾ   ਨਾਹੀ ਹੰ ਭੀ ਦਝਾਂ ਆਹਿ ॥੩॥ 
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੁਰਾਣੇ ਸਮਿਆਂ ਵਿਚ ਚੁਲ੍ਹਿਆਂ ਵਿਚ ਅੱਗ ਦੱਬਣ ਦਾ ਰਿਵਾਜ਼ ਸੀ। ਇਸ ਦ੍ਰਿਸ਼ਟਾਂਤ ਨੂੰ ਸਨਮੁਖ ਰਖ ਕੇ ਬਾਬਾ ਫਰੀਦ ਜੀ ਨੇ ਇਸ ਸਲੋਕ ਵਿਚ ਦੁਨੀਆ ਨੂੰ ਵਿਸ਼ੇ ਵਿਕਾਰਾਂ ਦੀ ਅਜਿਹੀ ਗੁੱਝੀ ਅੱਗ ਦੱਸਿਆ ਗਿਆ ਹੈ, ਜਿਹੜੀ ਬਾਹਰੋਂ ਭਾਵੇਂ ਨਜ਼ਰ ਨਹੀਂ ਆਉਂਦੀ ਪਰ ਅਦਿਖ ਰੂਪ ਵਿਚ ਮਨੁਖ ਦਾ ਸਭ ਕੁਝ ਸਾੜ ਕੇ ਸੁਆਹ ਕਰ ਰਹੀ ਹੈ। ਦਿਸਦੀ ਅੱਗ ਤੋਂ ਬਚਣ ਦੇ ਤਾਂ ਕਈ ਤਰੀਕੇ ਹਨ। ਪਰ ਜਿਹੜੀ ਅੱਗ ਦਿਸ ਹੀ ਨਹੀਂ ਰਹੀ ਉਸ ਤੋਂ ਬਚਣ ਲਈ ਕੋਈ ਤਰੀਕਾ ਨਹੀਂ ਸੁਝਦਾ ਹੈ ਤੇ ਨਾ ਹੀ ਕੁਝ ਪਤਾ ਲੱਗਦਾ ਹੈ ਕਿ ਉਸ ਦਾ ਕੀ ਹੱਲ ਕੀਤਾ ਜਾਵੇ।

ਫਿਰ ਬਾਬਾ ਫਰੀਦ ਜੀ ਦੱਸਦੇ ਹਨ ਕਿ ਉਨ੍ਹਾਂ ਦੇ ਮਾਲਕ ਪ੍ਰਭੂ ਨੇ ਉਨ੍ਹਾਂ ’ਤੇ ਮਿਹਰ ਕਰਕੇ ਬੜਾ ਚੰਗਾ ਕੀਤਾ ਹੈ ਕਿ ਉਨ੍ਹਾਂ ਨੂੰ ਉਸ ਅੱਗ ਤੋਂ ਬਚਾ ਲਿਆ ਹੈ। ਜੇ ਉਹ ਨਾ ਬਚਾਉਂਦੇ ਤਾਂ ਉਨ੍ਹਾਂ ਨੇ ਵੀ ਉਸ ਵਿਕਾਰਾਂ ਵਾਲੀ ਅੱਗ ਵਿਚ ਸੜ ਜਾਣਾ ਸੀ। ਇਹ ਤਾਂ ਪ੍ਰਭੂ ਦੀ ਮਿਹਰ ਹੈ ਕਿ ਉਹ ਪਰਹੇਜ਼ਗਾਰੀ ਦੇ ਰਾਹ ਤੁਰ ਪਏ ਤੇ ਦੁਨੀਆਦਾਰੀ ਦੀ ਗੁੱਝੀ ਅੱਗ ਵਿਚ ਡਿਗਣੋ ਬਚ ਗਏ।
Tags