ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥
-ਗੁਰੂ ਗ੍ਰੰਥ ਸਾਹਿਬ ੧੩੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਨਾਨਕ ਸਾਹਿਬ ਜੀ ‘ਸੁਹਾਗਣ’ ਦੇ ਪ੍ਰਤੀਕ ਰਾਹੀਂ ਬਾਬਾ ਫਰੀਦ ਜੀ ਦੇ ਅਰੰਭ ਕੀਤੇ ਵਿਸ਼ੇ ਨੂੰ ਅੱਗੇ ਤੋਰਦਿਆਂ ਆਖਦੇ ਹਨ ਕਿ ਵਿਆਹੀ ਗਈ ਇਸਤਰੀ ਚਾਹੇ ਪੇਕੇ ਹੋਵੇ ਜਾਂ ਸਹੁਰੇ, ਉਸ ਦਾ ਸੂਹਾ ਲਿਬਾਸ ਵੇਖ ਕੇ ਲੋਕ ਉਸ ਨੂੰ ਸੁਹਾਗਣ ਹੀ ਆਖਦੇ ਹਨ, ਪਰ ਅਸਲ ਵਿਚ ਉਹ ਇਸਤਰੀ ਸੁਹਾਗਣ ਉਦੋਂ ਬਣਦੀ ਹੈ, ਜਦ ਉਹ ਆਪਣੇ ਪਤੀ ਨੂੰ ਭਾਉਂਦੀ ਜਾਂਦੀ ਹੈ। ਫਿਰ ਉਹ ਕੇਵਲ ਵੇਸ ਕਰਕੇ ਹੀ ਨਹੀਂ ਸਗੋਂ ਕਰਮ ਕਰਕੇ ਵੀ ਸੁਹਾਗਣ ਬਣ ਜਾਂਦੀ ਹੈ।
ਉਪਰੋਕਤ ਉਦਾਹਰਣ ਰਾਹੀਂ ਗੁਰੂ ਨਾਨਕ ਸਾਹਿਬ ਸਮਝਾ ਰਹੇ ਹਨ ਕਿ ਪ੍ਰਭੂ ਪਤੀ ਬੇਅੰਤ ਹੈ, ਉਸ ਦਾ ਸੁਭਾਅ ਬੇਪਰਵਾਹੀ ਵਾਲਾ ਹੈ, ਉਹ ਮਨੁਖ ਦੀ ਸੋਚ ਤੋਂ ਪਰੇ ਹੈ ਅਤੇ ਉਸ ਦੀ ਥਾਹ ਨਹੀਂ ਪਾਈ ਜਾ ਸਕਦੀ ਹੈ। ਇਹ ਜੀਵ ਇਸਤਰੀ ਹਰ ਥਾਂ ਪ੍ਰਭੂ ਪਤੀ ਦੀ ਹੀ ਹੈ, ਪਰ ਸੁਹਾਗਣ, ਭਾਵ ਦਰਵੇਸ਼ ਕੇਵਲ ਉਸ ਨੂੰ ਹੀ ਮੰਨਿਆ ਜਾ ਸਕਦਾ ਹੈ, ਜੋ ਪ੍ਰਭੂ ਨੂੰ ਭਾਅ ਜਾਵੇ, ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ ਹੈ, ਜਿਸ ਦੇ ਪਿਆਰ ਅਤੇ ਸਿਦਕ ਸਦਕਾ ਪ੍ਰਭੂ ਉਸ ਨੂੰ ਆਪਣੇ ਪਿਆਰ ਦਾ ਪਾਤਰ ਬਣਾ ਲਵੇ। ਅਜਿਹੇ ਜਗਿਆਸੂ ਪਿਆਰ ਨਾਲ ਪ੍ਰਭੂ ਦੇ ਹੁਕਮ ਅੰਦਰ ਜੀਵਨ ਬਤੀਤ ਕਰਦਿਆਂ ਆਪਣੇ ਸੁਭਾਅ ਅਤੇ ਵਿਹਾਰ (ਕਰਮਾਂ) ਕਾਰਣ ਸਤਿਕਾਰ ਦੇ ਪਾਤਰ ਬਣਦੇ ਹਨ। ਉਹ ਆਪਣਾ ਵਰਤਮਾਨ ਤੇ ਭਵਿਖ ਸਵਾਰ ਲੈਂਦੇ ਹਨ।