Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਅਜੁ ਸੁਤੀ ਕੰਤ ਸਿਉ   ਅੰਗੁ ਮੁੜੇ ਮੁੜਿ ਜਾਇ
ਜਾਇ ਪੁਛਹੁ ਡੋਹਾਗਣੀ   ਤੁਮ ਕਿਉ ਰੈਣਿ ਵਿਹਾਇ ॥੩੦॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਇਕ ਪਤੀਬਰਤਾ ਇਸਤ੍ਰੀ ਦੀ ਉਦਾਹਰਣ ਦਿੰਦਿਆ ਦੱਸਦੇ ਹਨ ਕਿ ਉਹ ਆਪਣੇ ਪਿਆਰੇ ਦੀ ਕੁਝ ਸਮੇਂ ਦੀ ਦੂਰੀ ਵੀ ਬਰਦਾਸ਼ਤ ਨਹੀ ਕਰ ਪਾਉਂਦੀ। ਉਸਨੂੰ ਉਸਦਾ ਸਰੀਰ ਝੂਠਾ ਪੈਂਦਾ ਪ੍ਰਤੀਤ ਹੁੰਦਾ ਹੇ। ਉਹ ਬਿਹਬਲ ਅਤੇ ਵਿਆਕੁਲ ਹੋ ਜਾਂਦੀ ਹੈ। ਉਸ ਵਾਸਤੇ ਇਹ ਵਿਛੋੜਾ ਅਸਹਿ ਹੈ। ਬਿਲਕੁਲ ਇਸੇ ਤਰਾਂ ਦੀ ਹਾਲਤ ਪ੍ਰਭੂ ਪ੍ਰੇਮ ਵਿਚ ਰੰਗ ਰਤੜੀ ਰੂਹ ਦੀ ਹੁੰਦੀ ਹੈ। ਪਿਆਰੇ ਦੀ ਯਾਦ ਤੋਂ ਥੋੜਾ ਜਿਹਾ ਅਵੇਸਲਾਪਣ ਹੀ ਉਸਨੂੰ ਵਿਰਾਗ ਨਾਲ ਤੜਫਨ ਲਗਾ ਦਿੰਦਾ ਹੈ। ਛਿਣ-ਭੰਗਰ ਦਾ ਵਿਛੋੜਾ ਵੀ ਉਹ ਬਰਦਾਸ਼ਤ ਨਹੀ ਕਰ ਸਕਦੀ। ਉਸ ਵਾਸਤੇ ਤਾਂ ਦੂਰੀ ਦਾ ਇਕ ਪਲ ਵੀ ਕਈ ਸਾਲਾਂ ਦੇ ਸਮਾਨ ਹੁੰਦਾ ਹੈ। ਵਿਛੋੜੇ ਦਾ ਦਰਦ ਉਸ ਦੇ ਰੋਮ-ਰੋਮ ਵਿਚੋਂ ਪ੍ਰਗਟ ਹੋ ਰਿਹਾ ਹੁੰਦਾ ਹੈ। ਗੁਰੂ ਅਰਜਨ ਸਾਹਿਬ ਤਾਂ ਇਥੋ ਤਕ ਦੱਸਦੇ ਹਨ ਕਿ ਇਕ ਘੜੀ ਦਾ ਵਿਛੋੜਾ ਮਾਨੋ ਜੀਵਨ ਵਿਚ ਕਲਜੁਗ ਦਾ ਆ ਜਾਣਾ ਹੈ: ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥

ਇਸਦੇ ਨਾਲ ਹੀ ਬਾਬਾ ਫਰੀਦ ਜੀ ਆਖਦੇ ਹਨ ਕਿ ਸਾਨੂੰ ਕਦੇ ਮਨਮੁਖਾਂ ਦੇ ਬਾਰੇ ਵਿਚ ਸੋਚ ਕੇ ਵੇਖਣਾ ਚਾਹੀਦਾ ਹੈ। ਉਨ੍ਹਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਿੰਨਾ ਨੇ ਨਾਮ ਨੂੰ ਬਿਲਕੁਲ ਹੀ ਵਿਸਾਰਿਆ ਹੋਇਆ ਹੈ? ਇਥੇ ਦੋ ਅਵਸਥਾਵਾਂ ਦਾ ਚਿਤ੍ਰ ਖਿੱਚ ਕੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਵੇਲੇ ਸਿਰ ਬੰਦਗੀ ਵਾਲਾ ਕੰਮ ਨਾ ਕੀਤਾ ਤਾਂ ਪੱਲੇ ਕੇਵਲ ਪਛਤਾਵਾ ਹੀ ਰਹਿ ਜਾਵੇਗਾ। ਇਸ ਸਮੇਂ ਸਰੀਰ ਦੇ ਅੰਗ ਪੈਰ ਠੀਕ ਹਨ, ਇਨ੍ਹਾਂ ਵਿਚ ਸਤਿਆ ਹੈ, ਲਾਹਾ ਖੱਟ ਲੈਣਾ ਚਾਹੀਦਾ ਹੈ। ਜਿਸ ਵੇਲੇ ਦੇਹੀ ਵਿਚੋਂ ਬਲ ਕਮਜ਼ੋਰ ਪੈ ਗਿਆ ਤਾਂ ਉਸ ਸਮੇਂ ਬੰਦਗੀ ਤਾਂ ਦੂਰ ਦੀ ਗੱਲ, ਆਪਣਾ ਸਰੀਰ ਤਕ ਨਹੀ ਸੰਭਾਲਿਆ ਜਾਂਦਾ।
Tags