Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਸਕਰ ਖੰਡੁ ਨਿਵਾਤ ਗੁੜੁ   ਮਾਖਿਓ‍ੁ ਮਾਂਝਾ ਦੁਧੁ
ਸਭੇ ਵਸਤੂ ਮਿਠੀਆਂ   ਰਬ ਪੁਜਨਿ ਤੁਧੁ ॥੨੭॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਵਿਚ ਕੋਈ ਸ਼ੱਕ ਨਹੀ ਕਿ ਸੰਸਾਰ ਅੰਦਰ ਬੇਅੰਤ ਮਿੱਠੇ ਪਦਾਰਥ ਮੌਜੂਦ ਹਨ। ਪਰ ਇਨ੍ਹਾਂ ਵਿਚ ਇਹੋ-ਜਿਹਾ ਕੋਈ ਪਦਾਰਥ ਨਹੀ ਜੋ ਮਿਠਾਸ ਦੇ ਪਖ ਤੋਂ ਰੱਬ ਦੇ ਨਾਮ ਦੇ ਨੇੜੇ-ਤੇੜੇ ਵੀ ਹੋਵੇ। ਜੋ ਜਗਿਆਸੂ ਆਤਮ-ਰਸ ਦੇ ਸੁਆਦ ਦੇ ਜਾਣੂ ਹਨ, ਉਨ੍ਹਾਂ ਲਈ ਬਾਕੀ ਰਸ ਕੋਈ ਅਹਿਮੀਅਤ ਨਹੀ ਰਖਦੇ। ਦੂਜੇ ਪਾਸੇ ਜਿਵੇਂ ਇਕ ਮਨੁਖ ਸਰੀਰਿਕ ਤਲ ਤੇ ਰੋਗੀ ਹੁੰਦਾ ਹੈ ਤਾਂ ਉਸਨੂੰ ਰੋਗ ਕਰਕੇ ਸੁਆਦੀ ਪਦਾਰਥ ਵੀ ਫਿੱਕੇ ਮਹਿਸੂਸ ਹੁੰਦੇ ਹਨ, ਬਿਲਕੁਲ ਇਸੇ ਤਰਾਂ ਆਤਮਕ ਰੋਗੀ ਨੂੰ ਰੱਬੀ ਨਾਮ ਦੇ ਸੁਆਦ ਦਾ ਰਸ ਪਤਾ ਨਹੀ ਚਲਦਾ। ਇਸ ਰਸ ਨੂੰ ਤਾਂ ਕੇਵਲ ਉਹ ਜਾਣਦਾ ਹੈ ਜਿਸ ਨੇ ਇਸ ਨੂੰ ਚੱਖਿਆ ਹੈ: ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥

ਇਸ ਸਲੋਕ ਵਿਚ ਬਾਬਾ ਫਰੀਦ ਜੀ ਆਖਦੇ ਹਨ ਕਿ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਦੁੱਧ ਆਦਿ ਸਭ ਚੀਜ਼ਾਂ ਮਿੱਠੀਆਂ ਹਨ। ਮਨੁਖ ਇਨ੍ਹਾਂ ਦੇ ਸੁਆਦ ਤੋਂ ਜਾਣੂ ਹੈ। ਇਥੋਂ ਤਕ ਕਿ ਉਹ ਅੱਖਾਂ ਮੀਟ ਕੇ, ਸਿਰਫ ਸੁਆਦ ਚੱਖ ਕੇ ਹੀ ਦੱਸ ਸਕਦਾ ਹੈ ਕਿ ਇਹ ਸੁਆਦ ਕਿਹੜੀ ਚੀਜ਼ ਦਾ ਹੈ। ਇਨ੍ਹਾਂ ਦਾ ਹੀ ਸੁਆਦ ਇਨ੍ਹਾਂ ਦੀ ਪਹਿਚਾਣ ਹੈ। ਪਰ ਇਸਦੇ ਨਾਲ ਹੀ ਬਾਬਾ ਫਰੀਦ ਜੀ ਦੁਨੀਆ ਨੂੰ ਸਮਝਾ ਰਹੇ ਹਨ ਕਿ ਮੈਂ ਆਪਣੇ ਅਨੁਭਵ ਵਿਚੋਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾਂ ਹਾਂ ਕਿ ਉਪਰੋਕਤ ਵਸਤੂਆਂ ਨਾਲੋਂ ਵੀ ਕਿਤੇ ਵਧੀਕ ਮਿਠਾਸ ਰੱਬ ਦੇ ਨਾਮ ਵਿਚ ਹੈ। ਜਿੰਨ੍ਹਾਂ ਨੇ ਇਹ ਅੰਮ੍ਰਿਤ-ਰਸ ਚਖ ਲਿਆ, ਉਨ੍ਹਾਂ ਨੂੰ ਫਿਰ ਹੋਰ ਕਿਸੇ ਮਿਠਾਸ ਦੀ ਚਾਹ ਨਹੀ ਰਹਿੰਦੀ।
Tags