Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਲੋਕ ਸੇਖ ਫਰੀਦ ਕੇ
ਸਤਿਗੁਰ ਪ੍ਰਸਾਦਿ

ਜਿਤੁ ਦਿਹਾੜੈ ਧਨ ਵਰੀ   ਸਾਹੇ ਲਏ ਲਿਖਾਇ
ਮਲਕੁ ਜਿ ਕੰਨੀ ਸੁਣੀਦਾ   ਮੁਹੁ ਦੇਖਾਲੇ ਆਇ
ਜਿੰਦੁ ਨਿਮਾਣੀ ਕਢੀਐ   ਹਡਾ ਕੂ ਕੜਕਾਇ
ਸਾਹੇ ਲਿਖੇ ਚਲਨੀ   ਜਿੰਦੂ ਕੂੰ ਸਮਝਾਇ
ਜਿੰਦੁ ਵਹੁਟੀ  ਮਰਣੁ ਵਰੁ   ਲੈ ਜਾਸੀ ਪਰਣਾਇ
ਆਪਣ ਹਥੀ ਜੋਲਿ ਕੈ   ਕੈ ਗਲਿ ਲਗੈ ਧਾਇ
ਵਾਲਹੁ ਨਿਕੀ ਪੁਰਸਲਾਤ   ਕੰਨੀ ਸੁਣੀਆਇ ॥ 
ਫਰੀਦਾ  ਕਿੜੀ ਪਵੰਦੀਈ   ਖੜਾ ਆਪੁ ਮੁਹਾਇ ॥੧॥
-ਗੁਰੂ ਗ੍ਰੰਥ ਸਾਹਿਬ ੧੩੭੭

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਵਿਆਹ ਦੇ ਮੁਹਾਵਰੇ ਵਿਚ ਮੌਤ ਦੀ ਗੱਲ ਕਰਦੇ ਹੋਏ ਦੱਸਦੇ ਹਨ ਕਿ ਜਿਸ ਤਰ੍ਹਾਂ ਲੜਕੀ ਦੇ ਵਰ ਦੀ ਚੋਣ ਕਰਕੇ ਉਸ ਦੇ ਵਿਆਹ ਦਾ ਦਿਨ ਤੈਅ ਹੋ ਜਾਂਦਾ ਹੈ ਤੇ ਲੜਕੇ ਵਾਲਿਆਂ ਨੂੰ ਸਾਹਾ ਚਿੱਠੀ ਲਿਖੀ ਜਾਂਦੀ ਹੈ ਕਿ ਉਹ ਤੈਅ ਕੀਤੇ ਗਏ ਦਿਨ ’ਤੇ ਬਰਾਤ ਲੈ ਕੇ ਆਉਣ ਅਤੇ ਲੜਕੀ ਵਿਆਹ ਕੇ ਲੈ ਜਾਣ। ਫਿਰ, ਜਿਸ ਲੜਕੇ ਦਾ ਹਾਲੇ ਸਿਰਫ ਨਾਂ ਹੀ ਸੁਣਿਆ ਹੁੰਦਾ ਹੈ, ਉਹ ਆ ਦਿਖਾਈ ਦਿੰਦਾ ਹੈ। 

ਐਨ੍ਹ ਇਸੇ ਤਰ੍ਹਾਂ ਹੀ ਜਦ ਮਨੁਖ ਇਸ ਜਹਾਨ ਵਿਚ ਆਉਂਦਾ ਹੈ, ਉਸੇ ਵੇਲੇ ਇਥੋਂ ਉਸ ਦੇ ਤੁਰ ਜਾਣ ਦਾ ਦਿਨ ਤੈਅ ਹੋ ਜਾਂਦਾ ਹੈ। ਉਮਰ ਭਰ ਮਨੁਖ ਮੌਤ ਦੇ ਦੂਤ ਦੀਆਂ ਗੱਲਾਂ ਸੁਣਦਾ ਰਹਿੰਦਾ ਹੈ ਤੇ ਡਰਿਆ ਰਹਿੰਦਾ ਹੈ। ਜਦ ਤੈਅ ਦਿਨ ’ਤੇ ਮੌਤ ਦਾ ਦੂਤ ਆ ਦਿਖਾਈ ਦਿੰਦਾ ਹੈ, ਫਿਰ ਉਹ ਮਨੁਖ ਦੇਹ ਨੂੰ ਨਿਤਾਣਾ ਕਰਕੇ, ਹੱਡਾਂ ਨੂੰ ਕੜਕਾ ਕੇ ਉਸ ਦੀ ਜਾਨ ਕੱਢ ਕੇ ਲੈ ਜਾਂਦਾ ਹੈ।

ਜਿਸ ਤਰ੍ਹਾਂ ਵਿਆਹ ਦਾ ਤੈਅ ਕੀਤਾ ਦਿਨ ਟਾਲਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਹੀ ਮੌਤ ਵੀ ਟਾਲੀ ਨਹੀਂ ਜਾ ਸਕਦੀ। ਮਨੁਖ ਦੀ ਜਾਨ ਵੀ ਵਹੁਟੀ ਦੇ ਵਾਂਗ ਹੈ ਅਤੇ ਮੌਤ, ਜਿਵੇਂ ਉਸ ਦਾ ਲਾੜਾ ਹੋਵੇ, ਜੋ ਉਸ ਨੂੰ ਵਿਆਹ ਕੇ ਆਪਣੇ ਨਾਲ ਲੈ ਜਾਂਦਾ ਹੈ। ਇਹ ਗੱਲ ਮਨੁਖ ਨੂੰ ਸਮਝਾ ਦੇਣੀ ਚਾਹੀਦੀ ਹੈ।

ਮੌਤ ਰੂਪੀ ਲਾੜੇ ਨਾਲ ਜਾਨ ਨੂੰ ਤੋਰ ਕੇ, ਦੇਹੀ ਭੱਜਕੇ ਕਿਹਦੇ ਗਲ ਲੱਗ ਕੇ ਆਪਣਾ ਦੁਖ ਰੋਵੇ। ਦੇਹੀ ਦਾ ਤਾਂ ਕੋਈ ਵੀ ਸਕਾ-ਸੰਬੰਧੀ ਨਹੀਂ। ਇਹ ਬਿਲਕੁਲ ਨਿਆਸਰੀ ਹੋ ਜਾਂਦੀ ਹੈ। ਮਰਨ ਉਪਰੰਤ ਉਸ ਨੂੰ ਇਕੱਲੀ ਨੂੰ ਹੀ ਦਫਨ ਕਰ ਦਿੱਤਾ ਜਾਂਦਾ ਹੈ।

ਫਿਰ ਬਾਬਾ ਫਰੀਦ ਮਨੁਖ ਨੂੰ ਪੁੱਛਦੇ ਹਨ ਕਿ ਜਿਵੇਂ ਸਿਆਣੇ ਮਾਪੇ ਆਪਣੀ ਧੀ ਨੂੰ ਸਹੁਰੇ ਘਰ ਰਹਿਣ ਦੀਆਂ ਮੁਸ਼ਕਲਾਂ ਬਾਰੇ ਦੱਸ ਕੇ ਚੇਤੰਨ ਕਰਦੇ ਰਹਿੰਦੇ ਹਨ, ਉਸੇ ਤਰ੍ਹਾਂ ਕੀ ਉਸ ਨੇ ਆਪਣੇ ਕੰਨਾਂ ਨਾਲ ਕਦੇ ਵੀ ਨਹੀਂ ਸੁਣਿਆ ਕਿ ਮਰਨ ਉਪਰੰਤ ਮਨੁਖ ਦੀ ਰੂਹ ਨੂੰ, ਅੱਗ ਦੇ ਦਰਿਆ ਉੱਤੇ ਬਣੇ ਵਾਲ ਤੋਂ ਵੀ ਬਰੀਕ ਪੁਲ ਤੋਂ ਲੰਘਣਾ ਪੈਂਦਾ ਹੈ? ਭਾਵ, ਜਿਥੋਂ ਕੋਈ ਵਿਰਲਾ ਹੀ ਅੱਗੇ ਲੰਘ ਸਕਦਾ ਹੈ।

ਅਖੀਰ ਵਿਚ ਬਾਬਾ ਫਰੀਦ ਜੀ ਮਨੁਖ ਨੂੰ ਸੁਚੇਤ ਕਰਦਿਆਂ ਆਖਦੇ ਹਨ ਕਿ ਧਾਰਮਕ ਗ੍ਰੰਥਾਂ ਦੇ ਰਾਹੀਂ ਪੈਗੰਬਰੀ ਪੁਰਖ ਵਾਜਾਂ ਮਾਰ-ਮਾਰ ਕੇ ਸਮਝਾ ਰਹੇ ਹਨ ਕਿ ਆਪਣੇ-ਆਪ ਨੂੰ ਵਿਕਾਰਾਂ ਹੱਥੋਂ ਲੁਟਾਈ ਨਾ ਜਾਓ। ਇਸ ਦੁਨੀਆ ਦੇ ਮੋਹ ਦੇ ਜਾਲ ਤੋਂ ਬਚਦਿਆਂ ਇਸ ਮਨੁਖਾ ਜਨਮ ਦਾ ਲਾਹਾ ਖੱਟੀਏ। ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਮਨਮੁਖ ਬਣ ਕੇ ਨਫੇ ਦੀ ਥਾਂ ਅਸਲ ਵੀ ਗਵਾ ਬੈਠੀਏ।
Tags