ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ ੩ ॥
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕ ਵਿਚ ਬਾਬਾ ਫਰੀਦ ਜੀ ਨੇ ਕਿਹਾ ਸੀ ਕਿ ਜਿਹੜੇ ਲੋਕ ਜੁਆਨੀ ਵੇਲੇ ਪ੍ਰਭੂ ਨੂੰ ਯਾਦ ਨਹੀਂ ਕਰਦੇ ਉਹ ਬੁਢੇਪੇ ਵਿਚ ਵੀ ਨਹੀਂ ਕਰ ਸਕਦੇ ਜਾਂ ਕੋਈ ਵਿਰਲਾ ਹੀ ਕਰਦਾ ਹੋਵੇਗਾ। ਕਿਉਂਕਿ ਜੁਆਨੀ ਦੀ ਪੱਕੀ ਹੋਈ ਆਦਤ ਬੁਢੇਪੇ ਵਿਚ ਬਦਲਨੀ ਮੁਸ਼ਕਲ ਹੈ। ਇਸ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਕਾਲੀ-ਧੌਲੀ ਜਾਂ ਜੁਆਨੀ ਤੇ ਬੁਢੇਪੇ ਦੇ ਵਾਦ-ਵਿਵਾਦ ਨੂੰ ਛੱਡ ਕੇ ਹਰ ਉਮਰ ਤੇ ਹਰ ਹਾਲਾਤ ਵਿਚ ਪ੍ਰਭੂ ਨਾਲ ਪ੍ਰੇਮ ਕਰਨ ਦੀ ਸਲਾਹ ਦਿੰਦੇ ਹਨ। ਗੁਰੂ ਸਾਹਿਬ ਆਖਦੇ ਹਨ ਕਿ ਜੇ ਕੋਈ ਧਿਆਨ ਨਾਲ ਦੇਖੇ ਤਾਂ ਪ੍ਰਭੂ ਪਿਆਰ ਨਾਲ ਉਮਰ ਦਾ ਕੋਈ ਸੰਬੰਧ ਨਹੀਂ ਹੈ। ਬੰਦੇ ਦੇ ਆਪਣੇ ਹਥ-ਵੱਸ ਕੁਝ ਨਹੀਂ ਹੈ। ਪ੍ਰਭੂ-ਮਿਲਾਪ ਆਪਣੀ ਮਰਜ਼ੀ ’ਤੇ ਨਿਰਭਰ ਨਹੀਂ ਕਰਦਾ। ਚਾਹੇ ਹਰ ਕੋਈ ਕਰ ਕੇ ਦੇਖ ਲਵੇ। ਉਸ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ।
ਮਾਲਕ ਪ੍ਰਭੂ ਦੇ ਪਿਆਰ ਦਾ ਪਿਆਲਾ ਸਿਰਫ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਸ ਨੂੰ ਉਹ ਆਪ ਆਪਣੀ ਇੱਛਾ ਨਾਲ ਬਖਸ਼ ਦੇਵੇ। ਰੱਬੀ ਪਿਆਰ ਉਸ ਦੀ ਹੀ ਬਖਸ਼ਿਸ਼ ਹੈ, ਬੰਦੇ ਦੀ ਮਰਜ਼ੀ ਨਹੀਂ ਹੈ ਤੇ ਨਾ ਹੀ ਇਸ ਵਿਚ ਉਮਰ ਦਾ ਕੋਈ ਤਕਾਜ਼ਾ ਹੈ। ਸਿਰਫ ਪ੍ਰਭੂ ਹੀ ਜਾਣਦਾ ਹੈ ਕਿ ਉਸ ਨੇ ਕਿਸ ਉਤੇ ਕਦੋਂ ਆਪਣੇ ਪਿਆਰ ਦੀ ਮਿਹਰ ਕਰਨੀ ਹੈ।