Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕਿਆ ਹੰਸੁ  ਕਿਆ ਬਗੁਲਾ   ਜਾ ਕਉ ਨਦਰਿ ਧਰੇ
ਜੇ ਤਿਸੁ ਭਾਵੈ ਨਾਨਕਾ   ਕਾਗਹੁ ਹੰਸੁ ਕਰੇ ॥੧੨੪॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕਾਂ ਵਿਚ ਹੰਸ ਤੇ ਬਗਲੇ ਦੀ ਪ੍ਰਤੀਕਾਤਮਿਕ ਵਰਤੋਂ ਤੋਂ ਕਿਸੇ ਦੇ ਮਨ ਵਿਚ ਇਹ ਭੁਲੇਖਾ ਪੈਦਾ ਹੋ ਸਕਦਾ ਹੈ ਕਿ ਸ਼ਾਇਦ ਪੰਛੀ ਹੰਸ ਅਤੇ ਬਗਲਾ ਆਪਣੇ ਆਪ, ਆਪਣੇ ਯਤਨ ਸਦਕਾ, ਇਹੋ ਜਿਹੇ ਬਣੇ ਹਨ। ਪਰ ਉਨ੍ਹਾਂ ਦਾ ਆਪਣੇ ਚੰਗੇ ਬੁਰੇ ਹੋਣ ਵਿਚ, ਆਪਣਾ ਕੋਈ ਯੋਗਦਾਨ ਨਹੀਂ ਹੈ। ਇਸ ਲਈ ਨਾ ਹੀ ਚੰਗੇ ਹੋਣ ਲਈ ਹੰਸ ਦੀ ਸਿਫਤ ਕੀਤੀ ਜਾ ਸਕਦੀ ਹੈ ਤੇ ਨਾ ਹੀ ਬੁਰਾ ਹੋਣ ਲਈ ਬਗਲੇ ਨੂੰ ਦੋਸ਼ ਦਿਤਾ ਜਾ ਸਕਦਾ ਹੈ। ਕਿਉਂਕਿ ਹੰਸ ਤੇ ਬਗਲੇ ਨੂੰ ਪੈਦਾ ਕਰਨ ਵਾਲਾ ਤੇ ਉਨ੍ਹਾਂ ਦੇ ਇਹੋ-ਜਿਹੇ ਕਰਮ ਬਣਾਉਣ ਵਾਲਾ ਪ੍ਰਭੂ ਆਪ ਹੀ ਹੈ। ਚਾਹੇ ਹੰਸ ਹੋਵੇ ਚਾਹੇ ਬਗਲਾ ਹੋਵੇ ਇਹ ਸਭ ਕੁਝ ਉਸ ਦੀ ਮਿਹਰ ਅਤੇ ਮਰਜ਼ੀ ਨਾਲ ਹੀ ਹੁੰਦਾ ਹੈ। 

ਏਥੇ ਹੀ ਬਸ ਨਹੀਂ, ਜੇ ਪ੍ਰਭੂ ਨੂੰ ਚੰਗਾ ਲੱਗੇ ਜਾਂ ਜੇ ਉਹ ਚਾਹਵੇ ਤਾਂ ਹਰ ਤਰ੍ਹਾਂ ਦੀ ਤਬਦੀਲੀ ਵੀ ਕਰ ਸਕਦਾ ਹੈ। ਫਿਰ ਉਹ ਚਾਹੇ ਤਾਂ ਕਾਂ ਨੂੰ ਵੀ ਹੰਸ ਬਣਾ ਸਕਦਾ ਹੈ, ਭਾਵ ਉਹ ਬੁਰੇ ਗੁਣਾ ਵਾਲੇ ਮਨੁਖ ’ਤੇ ਕਿਰਪਾ ਕਰ ਕੇ ਉਸ ਨੂੰ ਚੰਗੇ ਪਾਸੇ ਵੀ ਲਾ ਸਕਦਾ ਹੈ। ਉਹ ਦੰਭੀ, ਪਖੰਡੀ, ਮਕਾਰ ਅਤੇ ਚੋਰ ਉਚੱਕੇ ਨੂੰ ਵੀ ਧਰਮ ਕਰਮ ਵਾਲੇ ਪਾਸੇ ਤੋਰ ਸਕਦਾ ਹੈ। ਪ੍ਰਭੂ ਦੀ ਸਮਰੱਥਾ ਅਤੇ ਬਖਸ਼ਿਸ਼ ਬੇਅੰਤ ਹੈ।

Tags