ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਦੇ ੧੧੯ਵੇਂ ਸਲੋਕ ਦੇ ਪ੍ਰਥਾਇ ਇਹ ਸਲੋਕ ਉਚਾਰਣ ਕੀਤਾ ਗਿਆ ਹੈ, ਇਸ ਦੇ ਨਾਲ ਹੀ ਇਸ ਵਿਚ ਪਿਛਲੇ ਸਲੋਕ ਦੇ ਵਿਸ਼ੇ ਕਿ ਪ੍ਰਭੂ ਮਨੁਖ ਦੇ ਅੰਦਰ ਹੀ ਹੈ, ਪਰ ਉਸ ਦੀ ਪ੍ਰਾਪਤੀ ਕਿਵੇਂ ਹੋਵੇਗੀ, ਦਾ ਜੁਆਬ ਵੀ ਦਿੱਤਾ ਗਿਆ ਹੈ। ਗੁਰੂ ਰਾਮਦਾਸ ਸਾਹਿਬ ਆਖਦੇ ਹਨ ਕਿ ਮੈਂ ਵੀ ਪਿਆਰੇ ਨੂੰ ਖੂਬ ਜੋਰ-ਸ਼ੋਰ ਨਾਲ ਢੂੰਢ ਰਿਹਾ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਉਹ ਤਾਂ ਮੇਰੇ ਨਾਲ ਹੀ ਹੈ, ਮੈਨੂੰ ਕਿਤੇ ਹੋਰ ਜਾਕੇ ਉਸ ਨੂੰ ਢੂੰਢਣ ਦੀ ਲੋੜ ਨਹੀ ਹੈ।
ਗੁਰੂ ਸਾਹਿਬ ਦੱਸਦੇ ਹਨ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਆਰਾ ਪ੍ਰਭੂ ਹਰ ਮਨੁਖ ਦੇ ਅੰਦਰ ਹੀ ਵਸਦਾ ਹੈ, ਪਰ ਉਸ ਨੂੰ ਦੇਖ ਪਾਉਣਾ, ਉਸ ਨੂੰ ਅਨੁਭਵ ਕਰਨਾ ਕੋਈ ਸੌਖੀ ਗੱਲ ਨਹੀ ਹੈ। ਉਹ ਮਨੁਖੀ ਸੂਝ-ਸਮਝ ਤੋਂ ਬਾਹਰ ਹੈ। ਹਕੀਕਤ ਇਹ ਹੈ ਕਿ ਜੇ ਕੋਈ ਇਹ ਸੋਚੇ ਕਿ ਮੈਂ ਆਪਣੇ ਕਿਸੇ ਜਤਨ, ਢੰਗ-ਤਰੀਕੇ ਨਾਲ ਅਲੱਖ ਨੂੰ ਪਾ ਲਵਾਂਗਾ, ਦੇਖ ਲਵਾਂਗਾ, ਅਨੁਭਵ ਕਰ ਲਵਾਂਗਾ ਤਾਂ ਇਹ ਉਸ ਦਾ ਭਰਮ ਹੈ। ਉਹ ਇਨ੍ਹਾਂ ਅੱਖਾਂ ਨਾਲ ਨਜਰ ਆਉਣ ਵਾਲਾ ਨਹੀਂ। ਉਹ ਅਦਿਖ ਹੈ। ਅਸਲ ਵਿਚ ਪ੍ਰਭੂ-ਮਿਲਾਪ ਜਾਂ ਕਹਿ ਲਵੋ ਆਪਣੇ ਅੰਦਰ ਉਸ ਦਾ ਅਨੁਭਵ ਕੇਵਲ ਗੁਰੂ ਜਾਂ ਗੁਰੂ ਅਨੁਸਾਰੀ ਨਾਮ ਵਿਚ ਰੰਗ ਰਤੜੀ ਰੂਹ, ਜਿਸ ਨੇ ਖੁਦ ਪ੍ਰਭੂ ਦਾ ਅਨੁਭਵ ਹਾਸਲ ਕੀਤਾ ਹੋਵੇ ਦੁਆਰਾ ਹੀ ਹੋ ਸਕਦਾ ਹੈ।