Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਤਨੁ ਤਪਾਇ ਤਨੂਰ ਜਿਉ   ਬਾਲਣੁ ਹਡ ਬਾਲਿ
ਸਿਰਿ ਪੈਰੀ ਕਿਆ ਫੇੜਿਆ   ਅੰਦਰਿ ਪਿਰੀ ਨਿਹਾਲਿ ॥੧੨੦॥
-ਗੁਰੂ ਗ੍ਰੰਥ ਸਾਹਿਬ ੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੁਰਾਣੇ ਵੇਲਿਆਂ ਤੋਂ ਹੀ ਪ੍ਰਭੂ-ਮਿਲਾਪ ਲਈ ਕਈ ਤਰ੍ਹਾਂ ਦੇ ਸਰੀਰਕ ਕਸ਼ਟਾਂ ਵਾਲੇ ਢੰਗ ਤਰੀਕੇ ਵਰਤੇ ਜਾਂਦੇ ਰਹੇ ਹਨ। ਬਾਬਾ ਫਰੀਦ ਜੀ ਨੇ ਪਿਛਲੇ ਸਲੋਕ ਵਿਚ ਆਪਣੇ ’ਤੇ ਢੁਕਾ ਕੇ ਇਕ ਜਗਿਆਸੂ ਦੀ ਮਨੋਵੇਦਨਾ ਦਾ ਜਿਕਰ ਕੀਤਾ ਸੀ ਜੋ ਪ੍ਰਭੂ-ਮਿਲਾਪ ਲਈ ਤੜਫ ਰਿਹਾ ਹੈ। ਬਾਬਾ ਫਰੀਦ ਜੀ ਨੇ ਕਿਹਾ ਸੀ ਕਿ ਇਹ ਮਾਰਗ ਕਿੰਨਾ ਵੀ ਕਠਨ ਕਿਉਂ ਨਾ ਹੋਵੇ ਤੇ ਇਸ ਤੇ ਚੱਲਣ ਲਈ ਜੇ ਸਰੀਰ ਨੂੰ ਕਸ਼ਟ ਵੀ ਝੱਲਣੇ ਪੈਣ ਤਾਂ ਉਹ ਪਿਛੇ ਨਹੀ ਹਟਣਗੇ। ਜਗਿਆਸੂ ਦਾ ਬਸ ਇਕ ਹੀ ਨਿਸ਼ਾਨਾ ਹੈ ਕਿ ਉਸ ਨੂੰ ਪ੍ਰਭੂ ਪਿਆਰੇ ਦਾ ਦਰਸ ਹੋ ਜਾਵੇ।

ਗੁਰੂ ਨਾਨਕ ਸਾਹਿਬ ਜੀ ਨੇ ਇਸ ਸਲੋਕ ਦੇ ਰਾਹੀਂ ਉਪਦੇਸ਼ ਕੀਤਾ ਹੈ ਕਿ ਪ੍ਰਭੂ-ਮਿਲਾਪ ਲਈ ਸਰੀਰ ਨੂੰ ਧੂਣਿਆਂ ਵਿਚ ਤਪਾ ਕੇ ਕਸ਼ਟ ਦੇਣ ਦੀ ਲੋੜ ਨਹੀਂ, ਨਾ ਹੀ ਆਪਣੇ ਹੱਡਾਂ-ਪੈਰਾਂ ਨੂੰ ਬਾਲਣ ਵਾਂਗ ਸਾੜਨ ਦੀ ਹੀ ਜਰੂਰਤ ਹੈ ਅਤੇ ਨਾ ਹੀ ਸਿਰ ਦੇ ਭਾਰ ਚੱਲ ਕੇ ਕੋਈ ਪੰਧ ਸਰ ਕੀਤਿਆਂ ਪ੍ਰਾਪਤੀ ਹੋਣੀ ਹੈ। ਪ੍ਰਭੂ-ਮਿਲਾਪ ਵਾਸਤੇ ਸਰੀਰ ਨੂੰ ਕਠਨ ਤਪ ਸਾਧ ਕੇ ਕਸ਼ਟ ਦੇਣ ਦੀ ਕੋਈ ਲੋੜ ਨਹੀ ਹੈ। ਅਸਲ ਵਿਚ ਜਗਿਆਸੂ ਰੱਬ ਨੂੰ ਬਾਹਰੋਂ ਲੱਭ ਰਿਹਾ ਹੈ ਅਤੇ ਉਹ ਇਸ ਦੇ ਅੰਦਰ ਵਸਦਾ ਹੈ। ਇਸ ਲਈ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪ੍ਰਭੂ ਤਾਂ ਹਰ ਸਮੇਂ ਅਤੇ ਹਰ ਥਾਂ ਮਨੁਖ ਦੇ ਨਾਲ ਹੈ। ਉਹ ਇਕ ਪਲ ਵੀ ਉਸ ਤੋਂ ਦੂਰ ਨਹੀਂ ਹੁੰਦਾ। ਉਹ ਤਾਂ ਇਸ ਦੇ ਰੋਮ-ਰੋਮ ਵਿਚ ਸਮਾ ਰਿਹਾ ਹੈ। ਬਾਹਰੋਂ ਲੱਭਣ ਦੀ ਬਜਾਇ ਆਪਣੇ ਅੰਦਰੋਂ ਉਸ ਪ੍ਰਭੂ ਦਾ ਅਨੁਭਵ ਕਰ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੰਦਰੋਂ ਕਿਵੇ ਪ੍ਰਾਪਤ ਕੀਤਾ ਜਾ ਸਕਦਾ ਹੈ? ਇਸ ਗੱਲ ਦਾ ਜੁਆਬ ਅਗਲੇ ਸਲੋਕ ਵਿਚ ਦਿੱਤਾ ਗਿਆ ਹੈ।

Tags