ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨੑਿ ॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਰੱਬੀ ਪ੍ਰੇਮ ਵਿਚ ਸਬਰ-ਸੰਤੋਖ ਦਾ ਜੀਵਨ ਬਸਰ ਕਰਨ ਵਾਲੇ ਮਨੁਖ ਆਪਣੇ ਤਨ-ਮਨ ਨੂੰ ਪੂਰੀ ਤਰ੍ਹਾਂ ਸਾਧ ਲੈਂਦੇ ਹਨ, ਭਾਵ ਉਹ ਆਪਣੇ ਜੀਵਨ ਦੀਆਂ ਪਰਮਾਰਥਕ, ਆਰਥਕ, ਸਮਾਜਕ ਮੁਸ਼ਕਲਾਂ ਵਿਚ ਡੋਲਦੇ ਨਹੀ ਹਨ, ਸਗੋਂ ਸਬਰ ਅੰਦਰ ਰਹਿੰਦਿਆਂ ਇਨ੍ਹਾਂ ਪ੍ਰਸਥਿਤੀਆਂ ਦਾ ਖਿੜੇ ਮੱਥੇ ਸਾਹਮਣਾ ਕਰਦੇ ਹਨ ਤੇ ਦੁਖ ਨੂੰ ਵੀ ਦਾਤ ਸਮਝਦੇ ਹਨ। ਸਬਰ ਵਾਲਾ ਸੁਭਾਅ ਧਾਰਨ ਕਰਨ ਕਰ ਕੇ ਇਨ੍ਹਾਂ ਦਾ ਮਨ ਵਿਸ਼ੇ-ਵਿਕਾਰਾਂ ਵਾਲੇ ਪਾਸੇ ਨਹੀ ਭਟਕਦਾ।
ਇਨ੍ਹਾਂ ਦੀ ਮਨੋਅਵਸਥਾ ਬਹੁਤ ਉੱਚੀ ਹੁੰਦੀ ਹੈ। ਇਹ ਮਨ ਅਤੇ ਸੁਰਤ ਕਰਕੇ ਹਮੇਸ਼ਾ ਰੱਬ ਦੀ ਨੇੜਤਾ ਮਾਣਦੇ ਹਨ। ਇਸੇ ਰੱਬੀ ਅਨੁਭਵ ਸਦਕਾ ਪ੍ਰਭੂ ਨੂੰ ਹਰ ਸਮੇਂ ਅਤੇ ਹਰ ਥਾਂ ’ਤੇ ਅਨੁਭਵ ਕਰਦਿਆਂ ਸਬਰ-ਸੰਤੋਖ ਵਾਲਾ ਜੀਵਨ ਬਤੀਤ ਕਰਦੇ ਹਨ। ਇਨ੍ਹਾਂ ਦੀ ਇਕ ਵਡੀ ਵਡਿਆਈ ਇਹ ਹੈ ਕਿ ਆਪਣੇ ਨਿਮਰ ਸੁਭਾਅ ਕਾਰਣ ਇਹ ਆਪਾ ਨਹੀ ਜਣਾਉਂਦੇ ਭਾਵ ਰੱਬੀ ਰਜਾ ਵਿਚ ਸੰਤੁਸ਼ਟ ਰਹਿੰਦਿਆਂ ਪ੍ਰਾਪਤ ਹੋਏ ਰੱਬੀ-ਮਿਲਾਪ ਦੇ ਅਨੁਭਵ ਨੂੰ ਦੂਸਰਿਆਂ ਸਨਮੁਖ ਜਣਾਉਂਦੇ ਨਹੀ ਹਨ।