ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਦ ਤੀਰ ਨੂੰ ਕਮਾਣ ਵਿਚ ਪਾ ਕੇ ਛੱਡਿਆ ਜਾਂਦਾ ਹੈ ਤਾਂ ਤੀਰ ਝਟਕੇ ਨਾਲ ਆਪਣੀ ਨੋਕ ਦੀ ਦਿਸ਼ਾ ਵੱਲ ਤੇਜੀ ਨਾਲ ਜਾਂਦਾ ਹੈ ਤੇ ਨਿਸ਼ਾਨੇ ’ਤੇ ਜਾ ਲੱਗਦਾ ਹੈ। ਜਿੰਨੇ ਜੋਰ ਨਾਲ ਚਿੱਲਾ ਖਿੱਚਿਆ ਜਾਵੇ ਤੇ ਜਿੰਨੀ ਕਮਾਣ ਵਿਚ ਮਜਬੂਤੀ ਹੋਵੇ, ਉਹ ਜੋਰ ਅਤੇ ਮਜਬੂਤੀ ਹੀ ਤੀਰ ਦੀ ਰਫਤਾਰ ਨੂੰ ਤੇਜ ਕਰ ਦਿੰਦੀ ਹੈ। ਤੀਰ ਜਿੰਨਾ ਵੀ ਤੇਜ ਹੋਵੇਗਾ, ਓਨਾ ਹੀ ਉਸ ਦੀ ਮਾਰ ਗਹਿਰੀ ਹੋਵੇਗੀ।
ਇਸ ਸਲੋਕ ਵਿਚ ਦੱਸਿਆ ਹੈ ਕਿ ਜੇ ਕਿਸੇ ਨੇ ਰੱਬ ਦਾ ਪਿਆਰ ਪ੍ਰਾਪਤ ਕਰਨਾ ਹੋਵੇ ਤਾਂ ਉਸ ਕੋਲ ਸਬਰ-ਸੰਤੋਖ ਦਾ ਕਮਾਣ ਹੋਣਾ ਚਾਹੀਦਾ ਹੈ, ਸਬਰ-ਸੰਤੋਖ ਦਾ ਹੀ ਉਸ ਕਮਾਨ ਦਾ ਚਿੱਲਾ ਹੋਣਾ ਚਾਹੀਦਾ ਹੈ। ਫਿਰ ਸਬਰ ਰੂਪ ਉਸ ਚਿੱਲੇ ’ਤੇ ਚੜ੍ਹਾਇਆ ਗਿਆ ਤੀਰ ਵੀ ਸਬਰ-ਸੰਤੋਖ ਦਾ ਹੀ ਹੋਣਾ ਚਾਹੀਦਾ ਹੈ।
ਜੇ ਕਿਸੇ ਕੋਲ ਸਬਰ ਦਾ ਹੀ ਤੀਰ ਹੋਵੇ ਤਾਂ ਅਜਿਹੇ ਤੀਰ ਦੇ ਵਾਰ ਨੂੰ ਪ੍ਰਭੂ ਕਦੀ ਖਾਲੀ ਨਹੀਂ ਜਾਣ ਦਿੰਦਾ। ਇਸ ਸਾਰੇ ਕਾਸੇ ਦਾ ਭਾਵ ਸਿਰਫ ਏਨਾ ਹੈ ਕਿ ਮਨੁਖ ਅਗਰ ਸਬਰ-ਸੰਤੋਖ ਦਾ ਪੱਲਾ ਫੜੀ ਰਖੇ ਤੇ ਮਨ ਨੂੰ ਭਟਕਣ ਨਾ ਦੇਵੇ ਤਾਂ ਪ੍ਰਭੂ ਉਸ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ।