ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨੑਿ ਇਕਨੑਾ ਸੁਤਿਆ ਦੇਇ ਉਠਾਲਿ ॥੧੧੩॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਦੇ ਪਿਛਲੇ ਸਲੋਕ ਤੋਂ ਕੋਈ ਸੋਚ ਸਕਦਾ ਹੈ ਕਿ ਰੱਬੀ ਦਾਤ ਨੂੰ ਪ੍ਰਾਪਤ ਕਰਨਾ ਮਨੁਖ ਦੇ ਵਸ ਵਿਚ ਹੈ ਕਿ ਉਹ ਆਪ ਸੁਚੇਤ ਹੋ ਕੇ ਸਮੇਂ ਸਿਰ ਸਿਮਰਨ ਕਰੇ ਤੇ ਪ੍ਰਭੂ ਦੀ ਦਾਤ ਪ੍ਰਾਪਤ ਕਰੇ। ਪਰ ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਸਾਰੀਆਂ ਦਾਤਾਂ, ਸੌਗਾਤਾਂ ਦਾ ਮਾਲਕ ਪ੍ਰਭੂ ਆਪ ਹੈ ਤੇ ਕਦੇ ਵੀ ਕੋਈ ਦਾਤ ਜਾਂ ਸੌਗਾਤ ਆਪਣੀ ਕੋਸ਼ਿਸ਼ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਦਾਤ ਤਦ ਮਿਲਦੀ ਹੈ ਜੇ ਦਾਤ ਦੇਣ ਵਾਲਾ ਦਾਤ ਲੈਣ ਵਾਲੇ ਤੋਂ ਖੁਸ਼ ਹੋ ਜਾਵੇ। ਦਾਤ ਦੇ ਮਾਲਕ ਦੀ ਖੁਸ਼ੀ ਬਿਨਾਂ ਦਾਤ ਪ੍ਰਾਪਤ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕਿਉਂਕਿ ਦਾਤ ਦੇਣ ਵਾਲੇ ਮਾਲਕ ’ਤੇ ਕਿਸੇ ਦਾ ਕੋਈ ਰੋਹਬ ਜਾਂ ਜੋਰ ਨਹੀਂ ਚਲਦਾ।
ਜੇ ਦਾਤਾਂ ਦੇ ਮਾਲਕ ਪ੍ਰਭੂ ’ਤੇ ਕਿਸੇ ਦਾ ਰੋਹਬ ਜਾਂ ਜੋਰ ਚਲਦਾ ਹੁੰਦਾ ਤਾਂ ਉਸ ਦੀ ਦਾਤ ਹਰ ਕਿਸੇ ਨੂੰ ਪ੍ਰਾਪਤ ਹੋਈ ਹੁੰਦੀ। ਪਰ ਇਹ ਸਭ ਉਸ ਦੀ ਆਪਣੀ ਮਰਜੀ ਅਤੇ ਖੁਸ਼ੀ ’ਤੇ ਹੀ ਨਿਰਭਰ ਕਰਦਾ ਹੈ। ਕਈ ਅਜਿਹੇ ਹਨ, ਜਿਨ੍ਹਾਂ ਨੂੰ ਜਾਗਤ ਅਵਸਥਾ ਹੋਣ ’ਤੇ ਵੀ ਪ੍ਰਭੂ ਦੀ ਦਾਤ ਪ੍ਰਾਪਤ ਨਹੀਂ ਹੋਈ ਤੇ ਕਈ ਅਜਿਹੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪ ਮਿਹਰ ਕਰ ਕੇ ਚੇਤੰਨ ਕਰ ਦਿੱਤਾ ਤੇ ਉਨ੍ਹਾਂ ਨੂੰ ਆਪਣੀ ਦਾਤ ਵੀ ਬਖਸ਼ ਦਿੱਤੀ ਹੈ।