ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨੑਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥
-ਗੁਰੂ ਗ੍ਰੰਥ ਸਾਹਿਬ ੧੩੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚਾਰ ਪਹਿਰ ਦਿਨ ਦੇ ਤੇ ਚਾਰ ਪਹਿਰ ਹੀ ਰਾਤ ਦੇ ਹੁੰਦੇ ਹਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਨੇਤਰਾਂ ਵਿਚ ਨੀਂਦ ਜ਼ੋਰ ਪਾਉਣ ਲੱਗਦੀ ਹੈ। ਇਸ ਲਈ ਉਸ ਵੇਲੇ, ਸੌਣ ਤੋਂ ਪਹਿਲਾਂ, ਪ੍ਰਭੂ ਨੂੰ ਯਾਦ ਕਰਨਾ ਮੁਸ਼ਕਲ ਮਹਿਸੂਸ ਹੁੰਦਾ ਹੈ। ਇਸੇ ਤਰ੍ਹਾਂ ਰਾਤ ਦੇ ਆਖਰੀ ਪਹਿਰ, ਤੜਕਸਾਰ, ਉਠਣਾ ਵੀ ਮੁਸ਼ਕਲ ਲੱਗਦਾ ਹੈ ਤੇ ਉਸ ਵੇਲੇ ਉਠ ਕੇ ਪ੍ਰਭੂ ਨੂੰ ਯਾਦ ਕਰਨਾ ਤਾਂ ਹੋਰ ਵੀ ਔਖਾ ਲੱਗਦਾ ਹੈ। ਬੇਸ਼ੱਕ ਸਧਾਰਣ ਮਨੁਖ ਨੂੰ ਤਾਂ ਹਰ ਸਮੇਂ ਹੀ ਪ੍ਰਭੂ ਨੂੰ ਯਾਦ ਕਰਨਾ ਸੌਖਾ ਨਹੀਂ ਲੱਗਦਾ। ਪਰ ਇਥੇ ਬਾਬਾ ਫਰੀਦ ਜੀ ਦੱਸਦੇ ਹਨ ਕਿ ਜਿਹੜੇ ਲੋਕ ਰਾਤ ਦੇ ਪਹਿਲੇ ਪਹਿਰ, ਸੌਣ ਤੋਂ ਪਹਿਲਾਂ, ਕੁਝ ਸਮਾਂ ਪ੍ਰਭੂ ਦੇ ਸਿਮਰਨ ਵਿਚ ਬਤੀਤ ਕਰਦੇ ਹਨ, ਉਹ ਇਸ ਤਰ੍ਹਾਂ ਹੈ ਜਿਵੇਂ ਫੁੱਲ ਖਿੜ ਪਿਆ ਹੋਵੇ। ਸੌਣ ਤੋਂ ਪਹਿਲਾਂ ਕੀਤੀ ਬੰਦਗੀ ਚੰਗੀ ਨੀਂਦ ਲਈ ਸਹਾਈ ਹੁੰਦੀ ਹੈ। ਜਿਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ, ਉਹ ਸਹੀ ਤਰੀਕੇ ਨਾਲ ਜਾਗ ਵੀ ਨਹੀਂ ਸਕਦੇ। ਉਹ ਦਿਨ ਭਰ ਉਨੀਂਦਰੇ ਵਿਚ ਊਂਘਦੇ ਰਹਿੰਦੇ ਹਨ। ਇਥੋਂ ਤਕ ਕਿ ਉਹ ਦਿਨ ਭਰ ਕੋਈ ਕੰਮ ਵੀ ਚੰਗੀ ਤਰਾਂ ਸੁਚੇਤ ਰਹਿ ਕੇ ਨਹੀਂ ਕਰ ਸਕਦੇ। ਰਾਤ ਦੇ ਉਨੀਂਦਰੇ ਕਾਰਣ ਉਨ੍ਹਾਂ ਦਾ ਦਿਨ ਵੀ ਬੇਕਾਰ ਬਤੀਤ ਹੁੰਦਾ ਹੈ।
ਫਿਰ ਜਿਹੜੇ ਸੱਜਣ ਸੌਣ ਤੋਂ ਪਹਿਲਾਂ ਪ੍ਰਭੂ ਦਾ ਸਿਮਰਨ ਕਰਕੇ ਸ਼ਾਂਤ ਚਿਤ ਹੋ ਕੇ ਸੌਂਦੇ ਹਨ, ਉਹ ਰਾਤ ਦੇ ਆਖਰੀ ਪਹਿਰ, ਭਾਵ ਤੜਕੇ ਜਾਗ ਜਾਂਦੇ ਹਨ। ਫਿਰ ਉਹ ਸਭ ਤੋਂ ਪਹਿਲਾਂ ਕੁਝ ਸਮਾਂ ਪ੍ਰਭੂ ਦੇ ਸਿਮਰਨ ਨਾਲ ਜੁੜਦੇ ਹਨ। ਉਹ ਤਰੋ-ਤਾਜ਼ੇ ਤੇ ਸਜਗ ਹੁੰਦੇ ਹਨ ਕਿ ਇਸ ਸਿਮਰਨ ਸਦਕਾ ਉਨ੍ਹਾਂ ਨੂੰ ਨਾਮ ਰੂਪੀ ਫਲ ਪ੍ਰਾਪਤ ਹੁੰਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਰਾਤ ਵਾਲਾ ਫੁੱਲ ਸਵੇਰ ਦੇ ਸਿਮਰਨ ਸਦਕਾ ਫਲ ਬਣ ਜਾਂਦਾ ਹੈ। ਇਸ ਤਰ੍ਹਾਂ ਰਾਤ ਦੇ ਪਹਿਲੇ ਪਹਿਰ ਵਿਚ ਕੀਤੀ ਬੰਦਗੀ ਨਾਲ ਰੱਬ ਦੇ ਨਾਮ ਦੀ ਲਗਨ ਲੱਗਦੀ ਹੈ ਤੇ ਰਾਤ ਦੇ ਪਿਛਲੇ ਪਹਿਰ ਵਿਚ ਕੀਤੀ ਬੰਦਗੀ ਨਾਲ ਉਹ ਲਗਨ ਹੌਲੀ-ਹੌਲੀ ਨਾਮ ਦੇ ਰਸ ਵਿਚ ਤਬਦੀਲ ਹੋ ਜਾਂਦੀ ਹੈ। ਇਸ ਬੰਦਗੀ ਕਾਰਣ ਮਨੁਖ ਦਾ ਜੀਵਨ ਬਹੁਤ ਵਧੀਆ ਬਤੀਤ ਹੁੰਦਾ ਹੈ। ਉਹ ਪੂਰਨ ਰੂਪ ਵਿਚ ਇਕਾਗਰ ਅਤੇ ਸਜਗ ਹੋ ਕੇ ਆਪਣੇ ਕਾਰ ਵਿਹਾਰ ਕਰਦਾ ਹੈ।
ਰਾਤ ਸੌਣ ਸਮੇਂ ਤੇ ਅੰਮ੍ਰਿਤ ਵੇਲੇ ਦੇ ਨਾਮ-ਸਿਮਰਨ ਦੀ ਉਪਰ ਦੱਸੀ ਅਹਿਮੀਅਤ ਤੋਂ ਜਿਹੜੇ ਸੁਚੇਤ ਹਨ ਜਾਂ ਜਿਨ੍ਹਾਂ ਨੂੰ ਇਸ ਦੀ ਸਮਝ ਲੱਗ ਗਈ ਹੈ, ਉਹੀ ਮਾਲਕ ਪ੍ਰਭੂ ਦੇ ਫੁੱਲ ਅਤੇ ਫਲ ਰੂਪ ਦਾਤ ਪ੍ਰਾਪਤ ਕਰਦੇ ਹਨ। ਕਿਉਂਕਿ ਜਾਗਤ ਅਵਸਥਾ ਵਾਲੇ ਹੀ ਉਕਤ ਸਮਿਆਂ ਦੀ ਸਿਮਰਨ ਲਈ ਵਰਤੋਂ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਹੀ ਨਾਮ ਰੂਪੀ ਰੱਬੀ ਸੌਗਾਤ ਪ੍ਰਾਪਤ ਹੁੰਦੀ ਹੈ। ਹੋਰ ਸਾਰੇ ਇਸ ਦਾਤ ਖੁਣੋਂ ਖੁੰਝ ਜਾਂਦੇ ਹਨ।