Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ

ਫਰੀਦਾ  ਦਿਲੁ ਰਤਾ ਇਸੁ ਦੁਨੀ ਸਿਉ   ਦੁਨੀ ਕਿਤੈ ਕੰਮਿ
ਮਿਸਲ ਫਕੀਰਾਂ ਗਾਖੜੀ   ਸੁ ਪਾਈਐ ਪੂਰ ਕਰੰਮਿ ॥੧੧੧॥
-ਗੁਰੂ ਗ੍ਰੰਥ ਸਾਹਿਬ ੧੩੮੩-੧੩੮੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਜਿਸ ਦੁਨੀਆ ਦੇ ਰੰਗ ਵਿਚ ਮਨੁਖ ਨੇ ਆਪਣਾ ਆਪ ਰੰਗ ਲਿਆ ਹੈ ਤੇ ਜਿਸ ਦੇ ਰੰਗ-ਢੰਗ ਵਿਚ ਉਸ ਨੇ ਆਪਣੇ-ਆਪ ਨੂੰ ਢਾਲ ਲਿਆ ਹੈ, ਉਹ ਦੁਨੀਆ ਅਸਲ ਵਿਚ ਕਿਸੇ ਵੀ ਕੰਮ ਦੀ ਨਹੀਂ ਹੈ। ਉਹ ਕਦੇ ਵੀ ਕਿਸੇ ਦਾ ਸਦੀਵੀ ਸਾਥ ਨਹੀਂ ਦਿੰਦੀ ਤੇ ਨਾ ਹੀ ਕਦੇ ਕਿਸੇ ਦੇ ਨਾਲ ਸਦੀਵੀ ਨਿਭਦੀ ਹੈ। ਇਸ ਕਰਕੇ ਮਨੁਖ ਲਈ ਇਸ ਦੁਨੀਆ ਤੋਂ ਨਿਰਲੇਪ ਰਹਿਣਾ ਹੀ ਬਿਹਤਰ ਹੈ। ਉਹ ਲੋਕ ਚੰਗੇ ਹਨ ਜੋ ਦੁਨੀਆਂ ’ਤੇ ਨਿਰਭਰ ਨਹੀਂ ਕਰਦੇ ਤੇ ਸਿਰਫ ਪ੍ਰਭੂ ’ਤੇ ਹੀ ਭਰੋਸਾ ਰਖਦੇ ਹਨ।

ਪਰ ਨਾਲ ਹੀ ਦੱਸਿਆ ਹੈ ਕਿ ਸਿਰਫ ਫਕੀਰ ਹੀ ਹਨ, ਜੋ ਦੁਨੀਆ ਤੋਂ ਨਿਰਲੇਪ ਰਹਿੰਦੇ ਹਨ। ਪਰ ਫਕੀਰਾਂ ਵਾਂਗ ਦੁਨੀਆ ਤੋਂ ਨਿਰਲੇਪ ਰਹਿਣਾ ਬੇਹੱਦ ਮੁਸ਼ਕਲ ਹੈ। ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਜਾਂ ਘੱਟੋ-ਘੱਟ ਆਪ ਕੋਸ਼ਿਸ਼ ਕਰਕੇ ਅਜਿਹਾ ਕਰਨਾ ਮੁਸ਼ਕਲ ਹੈ। ਜੇ ਪ੍ਰਭੂ ਦੀ ਮਿਹਰ ਹੋਵੇ ਤੇ ਉਹ ਪੂਰਨ ਰੂਪ ਵਿਚ ਆਪਣੀ ਕਿਰਪਾ ਦੇ ਦਰ ਖੋਲ੍ਹ ਦੇਵੇ ਤਾਂ ਕਿਤੇ ਜਾ ਕੇ ਫਕੀਰਾਂ ਜਿਹੀ ਨਿਰਲੇਪਤਾ ਤੇ ਨਿਰਮਲਤਾ ਪ੍ਰਾਪਤ ਹੁੰਦੀ ਹੈ। ਪ੍ਰਭੂ ਦੀ ਮਿਹਰ ਸਦਕਾ ਹੀ ਫਕੀਰੀ ਨਸੀਬ ਹੁੰਦੀ ਹੈ।

ਇਹ ਕਹਿਣਾ ਵਾਜਬ ਨਹੀਂ ਹੈ ਕਿ ਗੁਰੂ ਸਾਹਿਬ ਨੇ ਬਾਬਾ ਫਰੀਦ ਦੇ ਵਿਚਾਰ ਵਿਚਲੀ ਊਣ ਪੂਰੀ ਕੀਤੀ ਹੈ ਜਾਂ ਅਸਪਸ਼ਟਾ ਨੂੰ ਸਪਸ਼ਟ ਕੀਤਾ ਹੈ। ਪਰ ਇਹ ਹੋ ਸਕਦਾ ਹੈ ਕਿ ਜਿਥੇ ਕਿਤੇ ਗੁਰੂ ਸਾਹਿਬ ਨੂੰ ਲਗਦਾ ਹੋਵੇਗਾ ਕਿ ਸਧਾਰਣ ਬੁੱਧੀ ਇਨਸਾਨ ਕੋਲ ਏਨੀ ਗਹਿਰੀ ਤੇ ਸੰਖੇਪ ਗੱਲ ਨੂੰ ਸਮਝ ਸਕਣਾ ਮੁਸ਼ਕਲ ਹੋ ਸਕਦਾ ਹੈ, ਉਥੇ ਗੁਰੂ ਸਾਹਿਬ ਕੁਝ ਖੁੱਲ੍ਹ ਲੈ ਲੈਂਦੇ ਹਨ ਤੇ ਹਰ ਕਿਸੇ ਦੀ ਸਹੂਲਤ ਲਈ ਵਖਿਆਨ ਨੂੰ ਰਤਾ ਹੋਰ ਸਰਲ ਕਰ ਦਿੰਦੇ ਹਨ। 

Tags