ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕਾਂ ਵਿਚ ਆ ਰਹੇ ਬੁਢਾਪੇ ਦੇ ਪ੍ਰਸੰਗ ਨੂੰ ਅੱਗੇ ਟੋਰਦਿਆਂ, ਬਾਬਾ ਫਰੀਦ ਜੀ ਨੇ ਇਸ ਸਲੋਕ ਵਿਚ ਮਨੁਖੀ ਉਮਰ ਦੇ ਇਸ ਪੜਾਅ ਦੀ ਨਿਰਬਲਤਾ, ਲਾਚਾਰਗੀ ਨੂੰ ਬਿਆਨ ਕਰਦਿਆਂ ਦੱਸਿਆ ਹੈ ਕਿ ਵੇਖੋ ਕਿਹੋ-ਜਿਹਾ ਸਮਾਂ ਆ ਗਿਆ ਹੈ, ਜਿਹੜੀ ਚੀਜ਼ ਪਹਿਲਾਂ ਮਿੱਠੀ ਮਲੂਮ ਹੁੰਦੀ ਸੀ , ਓਹੀ ਹੀ ਹੁਣ ਕੁੜੱਤਣ ਵਿਚ ਬਦਲ ਗਈ ਹੈ। ਜੋ ਸ਼ੈਅ ਪਹਿਲਾਂ ਕਿਸੇ ਵੇਲੇ ਸਰੀਰ ਲਈ ਸੁਖਦਾਈ ਸੀ, ਉਸ ਵਿਚੋਂ ਹੀ ਹੁਣ ਦੁਖ ਪ੍ਰਾਪਤ ਹੋ ਰਿਹਾ ਹੈ। ਜਵਾਨੀ ਪਹਿਰ ਜਿੰਨਾਂ ਦਾ ਸੇਵਨ ਕਰ ਕੇ ਤਾਕਤ ਮਿਲਦੀ ਸੀ, ਬੁਢਾਪੇ ਅੰਦਰ ਉਲਟਾ ਹੁਣ ਉਹ ਨੁਕਸਾਨ ਪਹੁੰਚਾ ਰਹੀਆਂ ਹਨ। ਸੰਸਾਰ ਨੂੰ ਭੋਗਣ ਵਾਲੇ ਇੰਦ੍ਰਿਆਂ ਦਾ ਬਲ ਚਲਾ ਗਿਆ, ਤਨ ਨਿਰਬਲ ਹੋ ਗਿਆ ਹੈ। ਬੁਢਾਪੇ ਦੀ ਇਹ ਪੀੜਾ, ਇਹ ਦਰਦ ਕਿ ਸਭ ਕੁਝ ਹੁੰਦਿਆਂ ਵੀ ਭੋਗਣ ਤੋਂ ਅਸਮਰੱਥ ਹੈ, ਇਹੋ-ਜਿਹੀ ਜੀਵਨ ਦੀ ਹਾਲਤ ਦਾ ਬਿਆਂ ਆਪਣੇ ਰੱਬ ਤੋਂ ਬਿਨਾਂ ਹੋਰ ਕਿਸ ਕੋਲ ਕਰੇ? ਉਸ ਤੋਂ ਬਿਨਾਂ ਇਸ ਤਕਲੀਫ ਨੂੰ ਸੁਣਨ ਵਾਲਾ ਕੋਈ ਨਹੀਂ ਤੇ ਉਹ ਹੀ ਇਸ ਦੁਖ ਨੂੰ ਹਰਨ ਵਾਲਾ ਹੈ।