ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
-ਗੁਰੂ ਗ੍ਰੰਥ ਸਾਹਿਬ ੧੩੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪ੍ਰਸਿੱਧ ਅਖਾਣ ਹੈ ਕਿ ਚਿਹਰਾ ਮਨ ਦਾ ਸੂਚਕ ਹੁੰਦਾ ਹੈ (The face is the index of the mind)। ਇਸ ਅਖਾਣ ਵਿਚ ਸੁਝਾਅ ਹੈ ਕਿ ਇਕ ਵਿਅਕਤੀ ਦੇ ਚਿਹਰੇ ਦੇ ਹਾਵ-ਭਾਵ ਉਸ ਦੇ ਅੰਦਰੂਨੀ ਹਲਾਤ ਨੂੰ ਪ੍ਰਗਟ ਕਰਦੇ ਹਨ। ਮਨੁਖ ਦੇ ਮਾਨਸਕ ਭਾਵ ਅਤੇ ਸਥਿਤੀ ਉਸ ਦੇ ਚਿਹਰੇ ਤੋਂ ਪੜ੍ਹੀ ਜਾ ਸਕਦੀ ਹੈ। ਇਹ ਅਖਾਣ ਮਾਨਸਕ ਸਥਿਤੀ ਅਤੇ ਸਰੀਰਕ ਕਿਰਿਆਵਾਂ ਦੇ ਆਪਸੀ ਸੰਬੰਧ ਬਾਰੇ ਦੱਸਦਾ ਹੈ ਕਿ ਮਨੁਖ ਦਾ ਬਾਹਰੀ ਵਿਵਹਾਰ ਉਸ ਦੀ ਅੰਦਰੂਨੀ ਹਾਲਤ ਦਾ ਸ਼ੀਸ਼ਾ ਹੀ ਹੁੰਦਾ ਹੈ।
ਨਾਮ ਵਿਹੂਣੇ ਲੋਕਾਂ ਦੇ ਹਿਰਦੇ ਦਾ ਸੱਖਣਾਪਣ ਚਿਹਰੇ ’ਤੋਂ ਹੀ ਪਤਾ ਲੱਗਦਾ ਹੋਵੇਗਾ। ਕਿਉਂਕਿ ਸੱਖਣੇ ਹਿਰਦੇ ਵਾਲੇ ਲੋਕਾਂ ਦੇ ਚਿਹਰੇ ਵੀ ਬੁਝੇ ਹੋਏ, ਬੇਰੌਣਕੇ ਤੇ ਕੋਝੇ ਹੀ ਨਜਰ ਆਉਂਦੇ ਹੋਣਗੇ। ਜਿਸ ਕਰਕੇ ਦੇਖਣ ਵਾਲਿਆਂ ਨੂੰ ਉਨ੍ਹਾਂ ਤੋਂ ਡਰ ਵੀ ਆਉਂਦਾ ਹੋਵੇਗਾ। ਅਜਿਹੀ ਡਰਾਉਣੀ ਹਾਲਤ ਸੰਵੇਦਨਸ਼ੀਲ ਮਨਾਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਉਹ ਹਮੇਸ਼ਾ ਪ੍ਰਭੂ ਨਾਲ ਜੁੜੇ ਰਹਿਣ ਤੇ ਉਸ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾਈ ਰਖਣ। ਦਰਵੇਸ਼ ਲੋਕ ਚਿਹਰਾ ਦੇਖ ਕੇ ਹੀ ਜਾਣ ਜਾਂਦੇ ਹੋਣਗੇ ਕਿ ਮਨੁਖ ਪ੍ਰਭੂ ਦੇ ਨਾਮ ਨਾਲ ਜੁੜੇ ਹੋਏ ਹਨ ਕਿ ਨਹੀਂ।
ਪ੍ਰਭੂ ਦੇ ਨਾਮ ਤੋਂ ਵਿਜੋਗੇ ਹੋਏ ਡਰਾਉਣੇ ਨਜਰ ਆਉਣ ਵਾਲੇ ਲੋਕ ਇਸ ਜਹਾਨ ਵਿਚ ਵੀ ਸੁਖ ਦੇ ਅਸਲ ਅਹਿਸਾਸ ਤੋਂ ਵਾਂਝੇ ਰਹਿੰਦੇ ਹਨ। ਇਥੋਂ ਤਕ ਕਿ ਉਹ ਅਗਲੇ ਜਹਾਨ ਵਿਚ ਵੀ ਦੁਖ ਹੀ ਪਾਉਂਦੇ ਹਨ। ਰੱਬ ਦੀ ਦਰਗਾਹ ਵਿਚ ਵੀ ਉਨ੍ਹਾਂ ਨੂੰ ਇਜਤ ਵਾਲੀ ਥਾਂ ਨਸੀਬ ਨਹੀਂ ਹੁੰਦੀ। ਰੱਬੀ ਰਜ਼ਾ ਨੂੰ ਭੁਲਣ ਵਾਲੇ ਰੱਬੀ ਸਜਾ ਦੇ ਭਾਗੀਦਾਰ ਬਣਦੇ ਹਨ।