Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ

ਫਰੀਦਾ  ਗਰਬੁ ਜਿਨੑਾ ਵਡਿਆਈਆ   ਧਨਿ ਜੋਬਨਿ ਆਗਾਹ
ਖਾਲੀ ਚਲੇ ਧਣੀ ਸਿਉ   ਟਿਬੇ ਜਿਉ ਮੀਹਾਹੁ ॥੧੦੫॥
-ਗੁਰੂ ਗ੍ਰੰਥ ਸਾਹਿਬ ੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਸਲੋਕ ਗੁਰੂ ਅਰਜਨ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ। ਇਸ ਵਿਚ ਗੁਰੂ ਸਾਹਿਬ ਨੇ ਹੰਕਾਰ ਨੂੰ ਛੱਡ ਕੇ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਮਨੁਖ ਤੇ ਪ੍ਰਭੂ ਵਿਚਕਾਰ ਵਿੱਥ ਦਾ ਵਡਾ ਕਾਰਣ ਹੀ ਹਉਮੈ ਹੈ। ਹਉਮੈ ਦਾ ਸੰਬੰਧ ਜੀਵਨ ਦੇ ਗੁਣਾਂ ਜਾਂ ਕਿਸੇ ਖਾਸ ਪ੍ਰਾਪਤੀ ਨਾਲ ਜੁੜਿਆ ਹੁੰਦਾ ਹੈ। ਮਨੁਖ ਅੰਦਰ ਆਪਣੀ ਵਡਿਆਈ ਸੁਣਨ ਦੀ ਬੜੀ ਪ੍ਰਬਲ ਇੱਛਾ ਹੈ, ਇਹ ਹਮੇਸ਼ਾ ਆਪਣੀ ਵਾਹ-ਵਾਹ ਸੁਣਨ ਦਾ ਇੱਛੁਕ ਹੈ।

ਸੰਸਾਰੀ ਤਲ ਉੱਤੇ ਜੀਵਨ ਬਤੀਤ ਕਰਨ ਵਾਲਿਆਂ ਦੇ ਮਨ ਵਿਚ ਜਮੀਨ-ਜਾਇਦਾਦ, ਧਨ-ਸੰਪਦਾ ਦੀ ਇਕ ਅਮੁਕ ਭੁੱਖ ਹੈ। ਇਸ ਦੇ ਨਾਲ ਹੀ ਮਨੁਖ ਇਹ ਵੀ ਸੋਚਦਾ ਹੈ ਕਿ ਉਸ ਦੇ ਕੋਲ ਜਿੰਨੀ ਜਿਆਦਾ ਧਨ-ਦੌਲਤ ਹੋਵੇਗੀ, ਉਨ੍ਹਾਂ ਹੀ ਉਸ ਦਾ ਸੰਸਾਰ ਵਿਚ ਰੁਤਬਾ ਵਡਾ ਹੋਵੇਗਾ ਅਤੇ ਲੋਕ ਉਸ ਦੀ ਵਡਿਆਈ ਕਰਨਗੇ। ਇਸ ਸਾਰੇ ਕਾਸੇ ਵਿਚ ਉਹ ਜੀਵਨ ਦਾ ਅਸਲ ਮਨੋਰਥ ਭੁਲਾ ਬੈਠਦਾ ਹੈ। ਇਸ ਦੇ ਕਾਰ-ਵਿਹਾਰ ਵਿਚ, ਸੁਭਾਅ ਵਿਚ ਮੇਰ-ਤੇਰ, ਦੂਈ-ਦ੍ਵੈਸ਼ ਵਾਲਾ ਭਾਵ ਬਹੁਤ ਜਿਆਦਾ ਵਧ ਜਾਂਦਾ ਹੈ। ਇਹ ਆਪਣੇ-ਆਪ ਨੂੰ ਵਡਾ ਤੇ ਦੂਜਿਆਂ ਨੂੰ ਛੋਟੇ ਕਰਕੇ ਵੇਖਦਾ ਹੈ।

ਗੁਰੂ ਅਰਜਨ ਸਾਹਿਬ ਵੀ ਇਹੋ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਹਨ ਕਿ ਜਦੋਂ ਤੱਕ ਮਨੁਖ ਆਪਣੇ-ਆਪ ਨੂੰ ਵਿਸ਼ੇਸ਼ ਸਮਝਦਿਆਂ ਹੋਇਆਂ, ਆਪਣੀਆਂ ਖੂਬੀਆਂ, ਧਨ-ਦੌਲਤ ਅਤੇ ਜਵਾਨੀ ਦੇ ਹੰਕਾਰ ਵਿਚ ਹੈ, ਓਨਾ ਸਮਾਂ ਇਹ ਰੱਬੀ ਬਖਸ਼ਿਸ਼ ਦਾ ਪਾਤਰ ਨਹੀ ਬਣ ਸਕੇਗਾ, ਭਾਵ ਰੱਬੀ-ਮਿਲਾਪ ਤੋਂ ਸਖਣਾ ਹੀ ਰਹੇਗਾ। ਗੁਰੂ ਸਾਹਿਬ ਆਖਦੇ ਹਨ ਕਿ ਇਸ ਦੀ ਹਾਲਤ ਉਨ੍ਹਾਂ ਟਿੱਬਿਆਂ ਵਰਗੀ ਹੈ, ਜਿੰਨ੍ਹਾਂ ਉਪਰ ਪਏ ਮੀਂਹ ਦਾ ਉਹ ਲਾਭ ਨਹੀ ਉਠਾਂ ਸਕੇ ਅਤੇ ਸੁੱਕੇ ਦੇ ਸੁੱਕੇ ਹੀ ਰਹਿ ਗਏ ਹਨ। ਉਨ੍ਹਾਂ ’ਤੇ ਬਸ ਕੰਡਿਆਲੇ ਬੂਟੇ ਹੀ ਉੱਗਦੇ ਹਨ, ਬਿਲਕੁਲ ਇਸੇ ਤਰ੍ਹਾਂ ਹੰਕਾਰੀ ਮਨੁਖ ਦੀ ਹਾਲਤ ਹੁੰਦੀ ਹੈ, ਉਹ ਵੀ ਨਾਮ ਰੂਪੀ ਮੀਂਹ ਦਾ ਲਾਹਾ ਨਹੀ ਚੁੱਕ ਪਾਉਂਦਾ ਤੇ ਉਸ ਦੇ ਹਿਰਦੇ ਵਿਚ ਕੰਡਿਆਲੀ ਥੋਹਰ ਵਰਗਾ ਸੁਭਾਅ ਹੀ ਉੱਗਦਾ ਹੈ, ਜਿਸ ਨਾਲ ਨਾ ਤੇ ਉਸ ਨੂੰ ਸਕੂਨ ਮਿਲਦਾ ਤੇ ਨਾ ਹੀ ਉਹ ਕਿਸੇ ਦਾ ਭਲਾ ਕਰ ਪਾਉਂਦਾ ਹਨ। ਇਸ ਤਰ੍ਹਾਂ ਆਪਣਾ ਜੀਵਨ ਵਿਆਰਥ ਗਵਾ ਬੈਠਦੇ ਹਨ।

ਇਸ ਸਲੋਕ ਦੇ ਜਰੀਏ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਨੁਖ ਨੂੰ ਹੰਕਾਰ ਛੱਡ ਕੇ ਹਲੀਮੀ ਭਾਵ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪ੍ਰਭੂ ਦੀ ਪ੍ਰਾਪਤੀ ਲਈ ਬਾਹਰੀ ਭੇਖ ਬਦਲਣ ਦੀ ਲੋੜ ਨਹੀ ਬਸ ਆਪਣਾ ਮਨ ਸੰਵਾਰਨ ਦੀ ਜਰੂਰਤ ਹੈ।

Tags