ਇਸ ਸ਼ਬਦ ਰਾਹੀਂ ਦੱਸਿਆ ਗਿਆ ਹੈ ਕਿ ਮਨੁਖ ਦਾ ਮਨ ਹਰ ਵੇਲੇ ਲੋਭ ਆਦਿਕ ਵਿਕਾਰਾਂ ਵਿਚ ਗ੍ਰਸਤ ਰਹਿੰਦਾ ਹੈ, ਜਿਸ ਕਾਰਣ ਉਹ ਹਰ ਪਾਸੇ ਭਟਕਦਾ ਫਿਰਦਾ ਹੈ। ਉਸ ਦੀ ਇਸ ਨਿਘਰ ਚੁੱਕੀ ਹਾਲਤ ਵਿਚ ਹਰੀ ਦਾ ਜਸ ਹੀ ਉਸ ਦਾ ਆਸਰਾ ਬਣ ਸਕਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਮਹਲਾ ੯ ॥
ਬਿਰਥਾ ਕਹਉ ਕਉਨ ਸਿਉ ਮਨ ਕੀ ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥
-ਗੁਰੂ ਗ੍ਰੰਥ ਸਾਹਿਬ ੪੧੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਪ੍ਰੋ. ਪੂਰਨ ਸਿੰਘ ਜੀ ‘ਸ੍ਰੀ ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ’ ਵਿਚ ਲਿਖਦੇ ਹਨ ਕਿ ਜਦ ਅਸੀਂ ਗੁਰੂ ਤੇਗਬਹਾਦਰ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਸਾਹਮਣੇ ਇਕ ਪਾਸੇ ਅਜਿਹੇ ਮਨੁਖ ਦੀ ਮਨੋ-ਅਵਸਥਾ ਪ੍ਰਗਟ ਹੁੰਦੀ ਹੈ, ਜਿਸ ਦੀ ਸੁਰਤ ਪ੍ਰਭੂ ਦੇ ਚਰਨਾਂ ਵਿਚ ਇਸ ਕਦਰ ਚੁਭੀ ਹੋਈ ਹੈ ਕਿ ਰੱਤੀ ਭਰ ਵੀ ਇਧਰ-ਉਧਰ ਹੋਣ ਨਾਲ ਜਿਸ ਦਾ ਮਨ ਤੜਪ ਉਠਦਾ ਹੈ। ਦੂਜੇ ਪਾਸੇ ਅਜਿਹੇ ਮਨੁਖ ਦੀ ਮਨੋਦਸ਼ਾ ਦਰਸਾਈ ਗਈ ਹੈ, ਜਿਸ ਲਈ ਸੰਸਾਰ ਸਿਰਫ ਸੁਪਨਾ ਹੈ, ਇਸ ਦਾ ਕੋਈ ਵੀ ਰਿਸ਼ਤਾ ਸੱਚਾ ਨਹੀਂ ਹੈ। ਜਿਸ ਨੂੰ ਹਰ ਕਿਸੇ ਨੇ ਤਿਆਗ ਦਿੱਤਾ ਹੈ, ਜਿਹੜਾ ਸਾਰੇ ਪਾਸਿਓਂ ਮੁਸ਼ਕਲਾਂ ਵਿਚ ਘਿਰਿਆ ਹੋਇਆ ਹੈ। ਜਿਸ ਨੂੰ ਕਿਤੋਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ, ਜਿਸ ਦੇ ਨੇਤਰ ਹਮੇਸ਼ਾ ਨਮ ਰਹਿੰਦੇ ਹਨ ਤੇ ਜਿਹੜਾ ਏਨਾ ਇਕੱਲਾ ਤੇ ਉਦਾਸ ਮਹਿਸੂਸ ਕਰਦਾ ਹੈ ਕਿ ਪ੍ਰਭੂ ਦੇ ਬਿਨਾਂ ਕੋਈ ਵੀ ਉਸ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ।
ਪਾਤਸ਼ਾਹ ਦੀ ਬਾਣੀ ਵਿਚ ਬਹੁਤ ਥਾਵਾਂ ’ਤੇ ਮਨੁਖ ਦੇ ਨਜਦੀਕੀ ਰਿਸ਼ਤਿਆਂ, ਸਕੇ-ਸੰਬੰਧੀਆਂ ਤੇ ਮਿੱਤਰ-ਦੋਸਤਾਂ ਨੂੰ ਖੁਦਗਰਜ਼ੀ, ਮਤਲਬਪ੍ਰਸਤੀ ਤੇ ਕਿਸੇ ਵੀ ਦੁਖ ਦੀ ਘੜੀ ਜਾਂ ਬਿਪਤਾ ਵਿਚ ਸਾਥ ਨਾ ਦੇਣ ਤੇ ਛੱਡ ਕੇ ਚਲੇ ਜਾਣ ਕਾਰਣ ਨਕਾਰਿਆ ਗਿਆ ਹੈ। ਇਹ ਸਾਡੇ ਸਮਾਜ ਦਾ ਬੜਾ ਹੀ ਦੁਖਦਾਈ ਪਹਿਲੂ ਹੈ।
ਪਰ ਗੁਰੂ ਸਾਹਿਬ ਦੇ ਮਾਤਾ ਨਾਨਕੀ ਜੀ, ਪਿਤਾ ਗੁਰੂ ਹਰਿਗੋਬਿੰਦ ਸਾਹਿਬ, ਭੈਣ ਬੀਬੀ ਵੀਰੋ, ਪਤਨੀ ਮਾਤਾ ਗੁਜਰੀ, ਪੁੱਤਰ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਸਾਹਮਣੇ ਸ਼ਹੀਦ ਹੋਣ ਵਾਲੇ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲੇ ਜਿਹੇ ਸਾਥੀਆਂ ਬਾਬਤ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਕਿ ਉਨ੍ਹਾਂ ਦੇ ਰਿਸ਼ਤਿਆਂ ਵਿਚ ਰੱਤੀ ਭਰ ਵੀ ਕੋਈ ਊਣ ਜਾਂ ਕਾਣ ਹੋਵੇ।
ਵਿਆਖਿਆ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਹ ਆਪਣੇ ਮਨ ਦੀ ਤਰਸਜੋਗ ਹਾਲਤ ਕੀਹਦੇ ਨਾਲ ਸਾਂਝੀ ਕਰਨ, ਅਰਥਾਤ ਅਜਿਹਾ ਕੋਈ ਵੀ ਨਹੀਂ ਹੈ, ਜਿਸ ਨਾਲ ਆਪਣੇ ਮਨ ਦਾ ਦੁਖ ਸਾਂਝਾ ਕੀਤਾ ਜਾ ਸਕੇ। ਮਨ ਨੂੰ ਧਨ-ਦੌਲਤ ਇਕੱਠੀ ਕਰਨ ਦਾ ਏਨਾ ਲਾਲਚ ਪੈ ਗਿਆ ਹੈ ਕਿ ਹੁਣ ਉਹ ਇਸ ਲਈ ਹਰ ਸਮੇਂ ਤੇ ਹਰ ਪਾਸੇ ਦੌੜ ਭੱਜ ਕਰਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਵਿਚਾਰ ਹੈ।
ਪਾਤਸਾਹ ਦੱਸਦੇ ਹਨ ਕਿ ਸੁਖ ਦੇ ਲਾਲਚ ਵਿਚ ਮਨ ਬੇਹੱਦ ਦੁਖ ਭੋਗਦਾ ਹੈ ਤੇ ਜਣੇ-ਖਣੇ ਦੀ ਗੁਲਾਮੀ ਕਰਦਾ ਹੈ। ਉਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ, ਜਿਵੇਂ ਕੋਈ ਕੁੱਤਾ ਦਰ-ਦਰ ਭਟਕਦਾ ਹੋਵੇ। ਇਸ ਉਦੇਸ਼ਹੀਣ ਮਨ ਨੂੰ ਪ੍ਰਭੂ ਦੇ ਨਾਮ-ਸਿਮਰਨ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ।
ਜਿਸ ਨੇ ਆਪਣਾ ਇਹ ਮਨੁਖੀ ਜੀਵਨ ਵਿਅਰਥ ਗਵਾ ਲਿਆ ਹੋਵੇ। ਜਿਸ ਨੂੰ ਏਨੀ ਵੀ ਸ਼ਰਮ ਨਾ ਆਉਂਦੀ ਹੋਵੇ ਕਿ ਉਸ ਨੂੰ ਦੇਖ ਕੇ ਲੋਕ ਹੱਸ ਰਹੇ ਹਨ।
ਪਾਤਸ਼ਾਹ ਅਜਿਹੀ ਮਾਨਸਿਕਤਾ ਵਾਲੇ ਮਨੁਖ ਨੂੰ ਸਵਾਲ ਕਰਦੇ ਹਨ ਕਿ ਉਹ ਹਰੀ-ਪ੍ਰਭੂ ਦੀ ਮਹਿਮਾ ਦਾ ਗਾਇਨ ਕਿਉਂ ਨਹੀਂ ਕਰਦਾ?, ਜਿਸ ਨਾਲ ਉਸ ਦਾ ਬੁਰੀ ਸਮਝ ਤੋਂ ਛੁਟਕਾਰਾ ਹੋਣਾ ਹੈ।