ਇਸ ਸ਼ਬਦ ਵਿਚ ਸਮਝਾਇਆ ਗਿਆ ਹੈ ਕਿ ਸੰਸਾਰ ਵਿਚ ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ ਹੈ। ਸਾਰੇ ਆਪੋ-ਆਪਣੇ ਸੁਖ-ਸੁਆਰਥ ਲਈ ਹੀ ਇਕ ਦੂਜੇ ਨਾਲ ਜੁੜੇ ਹੋਏ ਹਨ। ਦੁਖ ਵੇਲੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ। ਇਸ ਲਈ ਮਨੁਖ ਨੂੰ ਸੰਸਾਰਕ ਮੋਹ ਤਿਆਗ ਕੇ ਪ੍ਰਭੂ-ਨਾਮ ਦਾ ਆਸਰਾ ਲੈਣਾ ਚਾਹੀਦਾ ਹੈ। ਇਹੀ ਸਦੀਵੀ ਸਾਥੀ ਹੈ।
ਸੋਰਠਿ ਮਹਲਾ ੯ ॥
ਇਹ ਜਗਿ ਮੀਤੁ ਨ ਦੇਖਿਓ ਕੋਈ ॥
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
-ਗੁਰੂ ਗ੍ਰੰਥ ਸਾਹਿਬ ੬੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਮ ਮਨੁਖ ਦੀ ਹਾਲਤ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਇਸ ਸੰਸਾਰ ਵਿਚ ਕੋਈ ਕਿਸੇ ਦਾ ਮਿੱਤਰ-ਦੋਸਤ ਨਹੀਂ ਹੈ। ਇਸ ਸੰਸਾਰ ਵਿਚ ਹਰ ਕੋਈ ਆਪਣੇ ਲਾਭ ਲਈ ਹੀ ਸਭ ਕੁਝ ਕਰਦਾ ਹੈ ਤੇ ਦੂਸਰੇ ਦੀ ਕੋਈ ਪ੍ਰਵਾਹ ਨਹੀਂ ਕਰਦਾ। ਇਥੋਂ ਤਕ ਕਿ ਦੂਸਰੇ ਦੇ ਦੁਖ ਵਿਚ ਵੀ ਕੋਈ ਸਾਥ ਨਹੀਂ ਨਿਭਾਉਂਦਾ, ਭਾਵ ਇਹ ਮਿੱਤਰ-ਦੋਸਤ ਕਹਿਣ ਲਈ ਹੀ ਹੁੰਦੇ ਹਨ। ਅਸਲ ਵਿਚ ਕੋਈ ਕਿਸੇ ਦਾ ਸਦੀਵੀਂ ਮਿੱਤਰ ਨਹੀਂ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਮਨੁਖ ਦੇ ਸਾਰੇ ਰਿਸ਼ਤੇ ਇਸੇ ਹੀ ਕਿਸਮ ਦੇ ਹਨ। ਪਤਨੀ, ਮਿੱਤਰ, ਪੁੱਤਰ ਅਤੇ ਸਕੇ-ਸੰਬੰਧੀ ਵੀ ਸਾਰੇ ਆਪੋ-ਆਪਣੇ ਮਤਲਬ ਨਾਲ ਹੀ ਜੁੜੇ ਹੋਏ ਹੁੰਦੇ ਹਨ। ਆਪਣੇ ਮਤਲਬ ਲਈ ਕਿਸੇ ਦੇ ਅੱਗੇ-ਪਿੱਛੇ ਫਿਰਨ ਵਾਲੇ ਸਾਰੇ ਹੀ ਰਿਸ਼ਤੇ ਜਦ ਇਹ ਦੇਖਦੇ ਹਨ ਕਿ ਹੁਣ ਉਸ ਦੇ ਕੋਲ ਉਨ੍ਹਾਂ ਦੇ ਮਤਲਬ ਜੋਗਾ ਕੁਝ ਨਹੀਂ ਬਚਿਆ ਤਾਂ ਸਾਰੇ ਹੀ ਰਿਸ਼ਤੇ ਉਸੇ ਵਕਤ ਉਸ ਨੂੰ ਗਰੀਬ ਦੇਖ ਸਾਥ ਛੱਡ ਕੇ ਦੌੜ ਜਾਂਦੇ ਹਨ।
ਇਸ ਲਈ ਪਾਤਸ਼ਾਹ ਮਹਿਸੂਸ ਕਰਦੇ ਹਨ ਕਿ ਮਨੁਖ ਦੇ ਮੂਰਖ ਮਨ ਨੂੰ ਕੀ ਕਿਹਾ ਜਾਵੇ, ਜਿਸ ਨੇ ਇਹੋ-ਜਿਹੇ ਮਤਲਬੀ ਰਿਸ਼ਤਿਆਂ ਨਾਲ ਮੋਹ ਪਾਇਆ ਹੋਇਆ ਹੈ। ਪਾਤਸ਼ਾਹ ਦੱਸਦੇ ਹਨ ਕਿ ਗਰੀਬ ਅਤੇ ਬੇਸਹਾਰੇ ਲੋਕਾਂ ਦਾ ਮਾਲਕ ਜਿਹੜਾ ਹਰ ਤਰ੍ਹਾਂ ਦੇ ਡਰ ਦੂਰ ਕਰਨ ਵਾਲਾ ਹੈ, ਉਸ ਦੇ ਏਨੇ ਗੁਣ ਮਨੁਖ ਭੁਲਾਈ ਬੈਠਾ ਹੈ, ਭਾਵ ਉਸ ਨੂੰ ਕਦੇ ਯਾਦ ਤਕ ਨਹੀਂ ਕਰਦਾ।
ਫਿਰ ਪਾਤਸ਼ਾਹ ਵਿਅੰਗ ਕਰਦੇ ਹੋਏ ਦੱਸਦੇ ਹਨ ਕਿ ਬੜੇ ਹੀ ਜਤਨ ਕਰਕੇ ਦੇਖੇ ਹਨ, ਪਰ ਇਸ ਮੂਰਖ ਮਨੁਖ ਦਾ ਮਨ ਬਿਲਕੁਲ ਕੁੱਤੇ ਦੀ ਪੂਛ ਵਰਗਾ ਹੀ ਹੈ, ਜੋ ਕਦੇ ਵੀ ਸਿੱਧੀ ਨਹੀਂ ਹੁੰਦੀ। ਅਖੀਰ ਵਿਚ ਪਾਤਸ਼ਾਹ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਆਪਣੇ ਸੇਵਕ, ਭਾਵ ਮਨੁਖ ਦੀ ਇੱਜ਼ਤ ਬਚਾਅ ਲਵੇ, ਕਿਉਂਕਿ ਇਸ ਨੇ ਪ੍ਰਭੂ ਅੱਗੇ ਆਪਣਾ-ਆਪ ਸਮਰਪਣ ਕਰ ਦਿੱਤਾ ਹੈ।