ਇਸ ਸ਼ਬਦ ਵਿਚ ਮਨੁਖ ਦੀ ਮਤਿ ਨੂੰ ਸਵਾਰਨ ਲਈ ਇਹ ਸੱਚਾਈ ਦ੍ਰਿੜ ਕਰਾਈ ਹੈ ਕਿ ਸੰਸਾਰ ਸੁਪਨੇ ਵਾਂਗ ਛਿਣ-ਭੰਗਰ ਹੈ। ਇਸ ਸੰਸਾਰ ਦੇ ਸੁਖ-ਸਾਧਨ ਵੀ ਇਸ ਵਾਂਗ ਬਿਨਸਣਹਾਰ ਹਨ। ਇਸ ਲਈ ਪ੍ਰਭੂ ਦੇ
ਨਾਮ ਨੂੰ ਸਿਮਰਨਾ ਚਾਹੀਦਾ ਹੈ, ਉਹੀ ਸਦੀਵੀ ਹੈ।
ਸੋਰਠਿ ਮਹਲਾ ੯ ॥
ਰੇ ਨਰ ਇਹ ਸਾਚੀ ਜੀਅ ਧਾਰਿ ॥
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥
-ਗੁਰੂ ਗ੍ਰੰਥ ਸਾਹਿਬ ੬੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸਿੱਧੇ ਰੂਪ ਵਿਚ ਮਨੁਖ ਨੂੰ ਆਦੇਸ਼ ਕਰਦੇ ਹਨ ਕਿ ਉਹ ਇਸ ਅਸਲੀਅਤ ਨੂੰ ਆਪਣੇ ਹਿਰਦੇ ਅੰਦਰ ਪੱਕੇ ਤੌਰ ’ਤੇ ਧਾਰਣ ਕਰ ਲਵੇ ਕਿ ਇਹ ਸੰਸਾਰ ਮਹਿਜ਼ ਸੁਪਨੇ ਦੀ ਤਰ੍ਹਾਂ ਨਾਸ਼ਵਾਨ ਹੈ। ਇਸ ਨੂੰ ਖਤਮ ਹੋਣ ਵਿਚ ਬਿਲਕੁਲ ਵੀ ਸਮਾਂ ਨਹੀਂ ਲੱਗਦਾ, ਭਾਵ ਇਹ ਪਲਾਂ-ਛਿਣਾਂ ਵਿਚ ਖਤਮ ਹੋ ਜਾਂਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਜਿਸ ਤਰ੍ਹਾਂ ਬੜੀ ਹੀ ਮਿਹਨਤ ਅਤੇ ਤਰੱਦਦ ਨਾਲ ਬਣਾਈ ਹੋਈ ਰੇਤ ਦੀ ਕੰਧ ਚਾਰ ਦਿਨ ਵੀ ਨਹੀਂ ਰਹਿੰਦੀ ਤੇ ਡਿੱਗ ਜਾਂਦੀ ਹੈ। ਐਨ ਇਸੇ ਤਰ੍ਹਾਂ ਹੀ ਪਦਾਰਥ ਦੀ ਚਮਕ-ਦਮਕ ਅਤੇ ਸੁਖ-ਸਹੂਲਤਾਂ ਹਨ। ਇਨ੍ਹਾਂ ਵਿਚ ਪਤਾ ਨਹੀਂ ਬੇਅਕਲ ਮਨੁਖ ਕਿਉਂ ਖਚਤ ਹੋਇਆ ਰਹਿੰਦਾ ਹੈ, ਭਾਵ ਮਨੁਖ ਨੂੰ ਸਮਝ ਤੋਂ ਕੰਮ ਲੈਣ ਦੀ ਜ਼ਰੂਰਤ ਹੈ।
ਪਾਤਸ਼ਾਹ ਨਸੀਹਤ ਕਰਦੇ ਹਨ ਕਿ ਹਾਲੇ ਵੀ ਕੁਝ ਨਹੀਂ ਵਿਗੜਿਆ, ਮਨੁਖ ਹਾਲੇ ਵੀ ਸਮਝ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਤੇ ਉਸ ਨੂੰ ਪ੍ਰਭੂ ਦੇ ਨਾਮ ਦੀ ਭਜਨ-ਬੰਦਗੀ ਵਿਚ ਜੁਟ ਜਾਣਾ ਚਾਹੀਦਾ ਹੈ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੂੰ ਆਪਣੀ ਸੂਝ-ਬੂਝ ਵਿਚ ਸੁਧਾਰ ਕਰਨ ਲਈ ਉਸ ਨੂੰ ਸਪਸ਼ਟ ਸ਼ਬਦਾਂ ਵਿਚ ਬੋਲ ਕੇ ਆਖਿਆ ਹੈ, ਭਾਵ ਮਨੁਖ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਤੇ ਪ੍ਰਭੂ ਦੇ ਸਿਮਰਨ ਵਿਚ ਲੱਗ ਜਾਣਾ ਚਾਹੀਦਾ ਹੈ।