Guru Granth Sahib Logo
  
ਇਸ ਸ਼ਬਦ ਵਿਚ ਸਵਾਲ ਉਠਾਇਆ ਹੈ ਕਿ ਨਿਰੰਤਰ ਵਿਸ਼ੇ-ਵਿਕਾਰਾਂ ਵਿਚ ਗ੍ਰਸਤ ਹੋਏ ਮਨ ਨੂੰ ਕਿਵੇਂ ਵੱਸ ਵਿਚ ਕੀਤਾ ਜਾਵੇ? ਫਿਰ ਸੋਝੀ ਦਿੱਤੀ ਹੈ ਕਿ ਸਾਧ-ਸੰਗਤ ਅਤੇ ਗੁਰ-ਸ਼ਬਦ ਦੇ ਓਟ-ਆਸਰੇ ਨਾਲ ਮਨ ਨੂੰ ਵੱਸ ਵਿਚ ਕੀਤਾ ਜਾ ਸਕਦਾ ਹੈ। ਇੰਜ ਮਨ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ ਅਤੇ ਮੌਤ ਦਾ ਡਰ ਨਹੀਂ ਰਹਿੰਦਾ।
ਸੋਰਠਿ   ਮਹਲਾ

ਮਾਈ  ਮਨੁ ਮੇਰੋ ਬਸਿ ਨਾਹਿ
ਨਿਸ ਬਾਸੁਰ ਬਿਖਿਅਨ ਕਉ ਧਾਵਤ   ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ   ਨਿਮਖ ਹੀਏ ਬਸਾਵੈ
ਪਰ ਧਨ ਪਰ ਦਾਰਾ ਸਿਉ ਰਚਿਓ   ਬਿਰਥਾ ਜਨਮੁ ਸਿਰਾਵੈ ॥੧॥
ਮਦਿ ਮਾਇਆ ਕੈ ਭਇਓ ਬਾਵਰੋ   ਸੂਝਤ ਨਹ ਕਛੁ ਗਿਆਨਾ
ਘਟ ਹੀ ਭੀਤਰਿ ਬਸਤ ਨਿਰੰਜਨੁ   ਤਾ ਕੋ ਮਰਮੁ ਜਾਨਾ ॥੨॥
ਜਬ ਹੀ ਸਰਨਿ ਸਾਧ ਕੀ ਆਇਓ   ਦੁਰਮਤਿ ਸਗਲ ਬਿਨਾਸੀ
ਤਬ  ਨਾਨਕ  ਚੇਤਿਓ ਚਿੰਤਾਮਨਿ   ਕਾਟੀ ਜਮ ਕੀ ਫਾਸੀ ॥੩॥੭॥
-ਗੁਰੂ ਗ੍ਰੰਥ ਸਾਹਿਬ ੬੩੨-੬੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੇ ਮਨ ਦੀ ਬੇਬਸੀ ਇਸ ਲਹਿਜ਼ੇ ਵਿਚ ਬਿਆਨ ਕਰਦੇ ਹਨ ਜਿਵੇਂ ਕੋਈ ਬਾਲ ਆਪਣੀ ਮਾਂ ਨੂੰ ਦੱਸ ਰਿਹਾ ਹੋਵੇ ਕਿ ਉਸ ਦਾ ਮਨ ਉਸ ਦੇ ਕਾਬੂ ਵਿਚ ਨਹੀਂ ਹੈ। ਮਨ ਦਿਨ-ਰਾਤ ਵਿਸ਼ੇ-ਵਿਕਾਰਾਂ ਵੱਲ ਦੌੜਦਾ ਰਹਿੰਦਾ ਹੈ। ਹੁਣ ਕੁਝ ਵੀ ਸੁਝ ਨਹੀਂ ਰਿਹਾ ਕਿ ਇਸ ਨੂੰ ਕਿਸ ਢੰਗ ਨਾਲ ਰੋਕਿਆ ਜਾਵੇ। ਇਹ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਹ ਮਨ ਵੇਦ, ਪੁਰਾਣ ਅਤੇ ਸਿਮਰਤੀਆਂ ਆਦਿ ਧਰਮ ਗ੍ਰੰਥਾਂ ਵਿਚ ਦੱਸੇ ਗਏ ਵਿਚਾਰ ਸੁਣ ਕੇ ਭੋਰਾ-ਭਰ ਵੀ ਆਪਣੇ ਹਿਰਦੇ ਅੰਦਰ ਧਾਰਣ ਨਹੀਂ ਕਰਦਾ, ਭਾਵ ਆਪਣੇ ਅਮਲ ਵਿਚ ਨਹੀਂ ਲਿਆਉਂਦਾ। ਇਹ ਮਨ ਪਰਾਏ ਧਨ-ਦੌਲਤ ਦੇ ਲਾਲਚ ਅਤੇ ਪਰਾਈ ਇਸਤਰੀ ਦੀ ਚਾਹਤ, ਭਾਵ ਵਿਸ਼ੇ-ਵਿਕਾਰਾਂ ਵਿਚ ਹੀ ਰਮਿਆ ਰਹਿੰਦਾ ਹੈ। ਇਸ ਨੇ ਆਪਣਾ ਸਾਰਾ ਜੀਵਨ ਇਸੇ ਤਰ੍ਹਾਂ ਵਿਅਰਥ ਹੀ ਬਤੀਤ ਕਰ ਲਿਆ ਹੈ।

ਪਾਤਸ਼ਾਹ ਦੱਸਦੇ ਹਨ ਕਿ ਮਨੁਖ ਪਦਾਰਥ ਦੀ ਬਹੁਤਾਤ ਅਤੇ ਚਮਕ ਦਮਕ ਦੇ ਨਸ਼ੇ ਵਿਚ ਪਾਗਲ ਹੋਇਆ ਫਿਰਦਾ ਹੈ। ਇਸ ਨੂੰ ਇਸ ਸਭ ਕਾਸੇ ਦੇ ਗਿਆਨ, ਭਾਵ ਅਸਲੀਅਤ ਦਾ ਕੁਝ ਅਤਾ-ਪਤਾ ਵੀ ਨਹੀਂ ਸੁਝ ਰਿਹਾ। ਇਥੋਂ ਤਕ ਕਿ ਇਸ ਨੂੰ ਇਹ ਵੀ ਨਹੀਂ ਪਤਾ ਕਿ ਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਅੰਦਰ ਹੀ ਰਮਿਆ ਹੋਇਆ ਹੈ, ਜਿਸ ਦਾ ਅੰਤਰੀਵ ਭੇਦ ਜਾਣਨ ਦੀ ਇਸ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।

ਨੋਟ: ਜਦ ਕੋਈ ਆਪਣੀ ਦੁਰਮਤ ਅਧੀਨ ਪਦਾਰਥ ਦੀ ਬਹੁਤਾਤ ਦੇ ਨਸ਼ੇ ਵਿਚ ਵਿਸ਼ੇ-ਵਿਕਾਰਾਂ ਵਿਚ ਖਚਤ ਹੁੰਦਾ ਹੈ ਤਾਂ ਉਸ ਦੇ ਅੰਦਰ ਕਿਤੇ ਨਾ ਕਿਤੇ ਮੌਤ ਦਾ ਡਰ ਵੀ ਸਤਾ ਰਿਹਾ ਹੁੰਦਾ ਹੈ, ਜਿਹੜਾ ਉਸ ਨੂੰ ਬੇਚੈਨ ਵੀ ਕਰੀ ਰਖਦਾ ਹੈ।

ਪਾਤਸ਼ਾਹ ਦੱਸਦੇ ਹਨ ਕਿ ਪਦਾਰਥ ਦੀ ਚਕਾਚੌਂਧ ਵਿਚ ਪਾਗਲ ਹੋਇਆ ਹੋਇਆ ਤੇ ਵਿਸ਼ੇ-ਵਿਕਾਰਾਂ ਵਿਚ ਉਲਝਿਆ ਹੋਇਆ ਮਨੁਖ ਜਦ ਕਿਸੇ ਸ਼ਾਂਤਚਿਤ ਭਲੇ-ਪੁਰਖ ਦੀ ਸੰਗਤ ਵਿਚ ਆਇਆ ਤਾਂ ਉਸ ਦੇ ਮਨ ਦੀ ਅਗਿਆਨਤਾ ਰੂਪ ਬੁਰੀ ਮੱਤ ਦਾ ਵਿਨਾਸ਼ ਹੋ ਗਿਆ, ਭਾਵ ਉਸ ਨੂੰ ਸਭ ਕਾਸੇ ਦੀ ਅਸਲੀਅਤ ਦਾ ਗਿਆਨ ਹੋ ਗਿਆ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਦ ਉਸ ਨੇ ਸਭ ਤਰ੍ਹਾਂ ਦੇ ਦੁਖ-ਦਰਦ ਅਤੇ ਫਿਕਰ ਮੇਟ ਦੇਣ ਵਾਲੇ ਪ੍ਰਭੂ ਨੂੰ ਆਪਣੇ ਚੇਤੇ ਵਿਚ ਵਸਾਇਆ ਤਾਂ ਉਸ ਦੇ ਗਲ ਵਿਚ ਪਈ ਮੌਤ ਦੇ ਡਰ ਦੀ ਫਾਹੀ ਕੱਟੀ ਗਈ, ਭਾਵ ਉਹ ਨਿਰਭਉ ਹੋ ਗਿਆ।
Tags