Guru Granth Sahib Logo
  
ਇਸ ਸ਼ਬਦ ਵਿਚ ਪ੍ਰਸ਼ਨ ਕੀਤਾ ਗਿਆ ਹੈ ਕਿ ਮਨੁਖ ਕਿਹੜਾ ਉਪਰਾਲਾ ਕਰੇ ਜਿਸ ਨਾਲ ਉਸ ਨੂੰ ਪ੍ਰਭੂ ਦੀ ਭਗਤੀ-ਭਾਵਨਾ ਪ੍ਰਾਪਤ ਹੋ ਜਾਵੇ ਅਤੇ ਉਸ ਦੇ ਸਾਰੇ ਡਰ ਮਿਟ ਜਾਣ। ਉੱਤਰ ਦਿੱਤਾ ਗਿਆ ਹੈ ਕਿ ਪ੍ਰਭੂ ਦੇ ਨਾਮ ਸਿਮਰਨ ਨਾਲ ਹੀ ਮਨੁਖ ਨੂੰ ਪ੍ਰਭੂ ਦੀ ਪ੍ਰੇਮਾ-ਭਗਤੀ ਪ੍ਰਾਪਤ ਹੋ ਸਕਦੀ ਹੈ ਅਤੇ ਭੈ ਤੋਂ ਛੁਟਕਾਰਾ ਮਿਲ ਸਕਦਾ ਹੈ।
ਸੋਰਠਿ   ਮਹਲਾ

ਪ੍ਰਾਨੀ ਕਉਨੁ ਉਪਾਉ ਕਰੈ
ਜਾ ਤੇ ਭਗਤਿ ਰਾਮ ਕੀ ਪਾਵੈ   ਜਮ ਕੋ ਤ੍ਰਾਸੁ ਹਰੈ ॥੧॥ ਰਹਾਉ
ਕਉਨੁ ਕਰਮ  ਬਿਦਿਆ ਕਹੁ ਕੈਸੀ   ਧਰਮੁ ਕਉਨੁ ਫੁਨਿ ਕਰਈ
ਕਉਨੁ ਨਾਮੁ ਗੁਰ ਜਾ ਕੈ ਸਿਮਰੈ   ਭਵ ਸਾਗਰ ਕਉ ਤਰਈ ॥੧॥
ਕਲ ਮੈ ਏਕੁ ਨਾਮੁ ਕਿਰਪਾਨਿਧਿ   ਜਾਹਿ ਜਪੈ ਗਤਿ ਪਾਵੈ
ਅਉਰ ਧਰਮ ਤਾ ਕੈ ਸਮ ਨਾਹਨਿ   ਇਹ ਬਿਧਿ ਬੇਦੁ ਬਤਾਵੈ ॥੨॥
ਸੁਖੁ ਦੁਖੁ ਰਹਤ ਸਦਾ ਨਿਰਲੇਪੀ   ਜਾ ਕਉ ਕਹਤ ਗੁਸਾਈ
ਸੋ ਤੁਮ ਹੀ ਮਹਿ ਬਸੈ ਨਿਰੰਤਰਿ   ਨਾਨਕ  ਦਰਪਨਿ ਨਿਆਈ ॥੩॥੫॥
-ਗੁਰੂ ਗ੍ਰੰਥ ਸਾਹਿਬ ੬੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਜੀਵਨ ਦੀ ਕਠਨਾਈ ਵਿਚ ਘਿਰੇ ਹੋਏ ਮਨੁਖ ਦੀ ਅਵਸਥਾ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਉਹ ਕਿਹੜਾ ਢੰਗ-ਤਰੀਕਾ ਵਰਤੇ, ਜਿਸ ਦੇ ਨਾਲ ਉਸ ਦੇ ਮਨ ਵਿਚ ਪ੍ਰਭੂ ਦੀ ਭਗਤੀ, ਭਾਵ ਪ੍ਰੇਮ-ਭਾਵ ਦਾ ਵਾਸਾ ਹੋ ਜਾਵੇ ਤੇ ਜਿਸ ਸਦਕਾ ਉਸ ਦੇ ਮਨ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਵੇ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਫਿਰ ਸਵਾਲ ਕਰਦੇ ਹਨ ਕਿ ਦੱਸੋ ਕਿਹੜਾ ਜਤਨ ਤੇ ਕਿਹੋ-ਜਿਹੀ ਸਿਖਿਆ ਲਈ ਜਾਵੇ ਜਾਂ ਫਿਰ ਹੋਰ ਕਿਹੜਾ ਨਿਯਮ ਅਪਣਾਇਆ ਜਾਵੇ? ਕਿਹੜਾ ਸ਼੍ਰੋਮਣੀ ਨਾਮ ਸਿਮਰਿਆ ਜਾਵੇ, ਜਿਸ ਸਦਕਾ ਇਸ ਸੰਸਾਰ-ਸਾਗਰ ਨੂੰ ਤਰਿਆ ਜਾ ਸਕੇ।

ਫਿਰ ਪਾਤਸ਼ਾਹ ਆਪ ਹੀ ਜਵਾਬ ਦਿੰਦੇ ਹਨ ਕਿ ਇਸ ਕਲਜੁਗ ਵਿਚ ਮਿਹਰ ਦੇ ਭੰਡਾਰ ਪ੍ਰਭੂ ਦਾ ਨਾਮ ਹੀ ਸ਼੍ਰੇਸਟ ਹੈ, ਜਿਸ ਦੇ ਜਪਣ ਨਾਲ ਮਾਇਕੀ ਬੰਧਨਾਂ ਅਤੇ ਜਨਮ-ਮਰਨ ਦੇ ਡਰ ਤੋਂ ਮੁਕਤੀ ਮਿਲਦੀ ਹੈ। ਗੁਰੂ ਦਾ ਗਿਆਨ ਦੱਸਦਾ ਹੈ ਕਿ ਇਸ ਨਾਮ-ਅਭਿਆਸ ਦੇ ਬਰਾਬਰ ਹੋਰ ਕੋਈ ਧਰਮ-ਕਰਮ ਨਹੀਂ ਹੈ।

ਪਾਤਸ਼ਾਹ ਮਨੁਖ ਨੂੰ ਦੱਸਦੇ ਹਨ ਕਿ ਜਿਹੜਾ ਸੁਖ ਅਤੇ ਦੁਖ ਦੀਆਂ ਦੋਵੇਂ ਹਾਲਤਾਂ ਤੋਂ ਰਹਿਤ ਹੈ ਤੇ ਹਮੇਸ਼ਾ ਨਿਰਲੇਪ ਰਹਿੰਦਾ ਹੈ, ਜਿਸ ਨੂੰ ਧਰਤੀ ਦਾ ਮਾਲਕ, ਭਾਵ ਪ੍ਰਭੂ ਕਿਹਾ ਜਾਂਦਾ ਹੈ। ਅਸਲ ਵਿਚ ਉਹ ਲਗਾਤਾਰ ਮਨੁਖ ਦੇ ਅੰਦਰ ਇਸ ਤਰ੍ਹਾਂ ਵਸਦਾ ਹੈ, ਜਿਸ ਤਰਾਂ ਸ਼ੀਸ਼ੇ ਵਿਚ ਦ੍ਰਿਸ਼ ਸਾਕਾਰ ਹੁੰਦਾ ਹੈ।
Tags