ਇਸ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਪ੍ਰਭੂ ਦੀ ਸ਼ਰਨ ਪੈਣ ਲਈ ਪ੍ਰੇਰਿਆ ਗਿਆ ਹੈ। ਪ੍ਰਭੂ ਦਾ ਸਿਮਰਨ ਗਨਿਕਾ ਵਰਗੀ ਵੇਸ਼ਵਾ ਅਤੇ ਅਜਾਮਲ ਵਰਗੇ ਪਾਪੀ ਜੀਵਾਂ ਦਾ ਵੀ ਉਧਾਰ ਕਰ ਦਿੰਦਾ ਹੈ। ਪ੍ਰਭੂ ਦੇ ਸਿਮਰਨ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ।
ਸੋਰਠਿ ਮਹਲਾ ੯ ॥
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
ਜਬ ਹੀ ਸਰਨਿ ਗਹੀ ਕਿਰਪਾਨਿਧਿ ਗਜ ਗਰਾਹ ਤੇ ਛੂਟਾ ॥
ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
-ਗੁਰੂ ਗ੍ਰੰਥ ਸਾਹਿਬ ੬੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਨੂੰ ਮੁਖਾਤਬ ਹੁੰਦੇ ਹੋਏ ਮਨੁਖ ਨੂੰ ਨਸੀਹਤ ਦਿੰਦੇ ਹਨ ਕਿ ਉਹ ਪ੍ਰਭੂ ਲਈ ਸਪਰਪਣ ਹੋਣ ਦੀ ਸੋਚ ਵਿਚਾਰ ਕਰੇ।
ਜਿਸ ਪ੍ਰਭੂ ਦਾ ਸਿਮਰਨ ਕਰਨ ਨਾਲ ਦੇਹ-ਵਪਾਰ ਲਈ ਮਜਬੂਰ ਇਸਤਰੀ ਗਨਿਕਾ ਦਾ ਵਿਭਚਾਰ ਤੋਂ ਛੁਟਕਾਰਾ ਹੋਇਆ, ਉਸ ਪ੍ਰਭੂ ਦੀ ਸਿਫਤਿ-ਸ਼ਲਾਘਾ, ਭਾਵ ਨਾਮ-ਸਿਮਰਨ ਮਨੁਖ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਪ੍ਰਭੂ ਦੇ ਸਿਮਰਨ ਦੀ ਉਦਾਹਰਣ ਦਿੰਦੇ ਹੋਏ ਦੱਸਦੇ ਹਨ ਕਿ ਇਹ ਉਹੀ ਸਿਮਰਨ ਹੈ, ਜਿਸ ਦੀ ਬਰਕਤ ਨਾਲ ਧ੍ਰੂਅ ਭਗਤ ਨੇ ਆਪਣੇ ਮਨ ਦੀ ਦੁਵਿਧਾ ਤਿਆਗ ਕੇ ਦ੍ਰਿੜ ਇਰਾਦਾ ਧਾਰਨ ਕਰ ਲਿਆ ਸੀ, ਜਿਸ ਸਦਕਾ ਉਸ ਨੇ ਨਿਸਚਿੰਤ ਅਵਸਥਾ ਵਾਲੀ ਨਿਡਰ ਹਸਤੀ ਵਾਲਾ ਰੁਤਬਾ ਪ੍ਰਾਪਤ ਕੀਤਾ। ਪਾਤਸ਼ਾਹ ਨਸੀਹਤਨੁਮਾ ਸਵਾਲ ਕਰਦੇ ਹਨ ਕਿ ਅਜਿਹੇ ਦੁਖ ਦੂਰ ਕਰਨ ਵਾਲੇ ਮਾਲਕ ਪ੍ਰਭੂ ਨੂੰ ਮਨੁਖ ਨੇ ਕਿਉਂ ਭੁਲਾਇਆ ਹੋਇਆ ਹੈ? ਭਾਵ ਉਸ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ।
ਫਿਰ ਪਾਤਸ਼ਾਹ ਮਿਥਹਾਸਕ ਉਦਾਹਰਣ ਨਾਲ ਸਮਝਾਉਂਦੇ ਹਨ ਕਿ ਸਰਾਪ ਕਾਰਣ ਹਾਥੀ ਦੀ ਜੂਨ ਵਿਚ ਪਿਆ ਹੋਇਆ ਗੰਧਰਵ, ਤਰਸ ਦੇ ਧਨੀ ਮਿਹਰਬਾਨ ਪ੍ਰਭੂ ਦਾ ਓਟ-ਆਸਰਾ ਪ੍ਰਾਪਤ ਕਰ ਕੇ ਵਡੇ-ਵਡੇ ਜੀਵ ਜੰਤੂਆਂ ਨੂੰ ਖਾ ਜਾਣ ਵਾਲੇ ਤੰਦੂਏ ਦੀ ਮਾਰ ਦਾ ਸ਼ਿਕਾਰ ਹੋਣੋ ਬਚ ਗਿਆ ਸੀ। ਪਾਤਸ਼ਾਹ ਫਿਰ ਸਵਾਲ ਦੇ ਲਹਿਜ਼ੇ ਵਿਚ ਕਹਿੰਦੇ ਹਨ ਕਿ ਉਹ ਪ੍ਰਭੂ ਦੇ ਨਾਮ-ਸਿਮਰਨ ਦੀ ਮਹਿਮਾ ਤੇ ਮਹੱਤਤਾ ਦਾ ਹੋਰ ਕਿਸ ਹੱਦ ਤਕ ਵਰਣਨ ਕਰਨ? ਪ੍ਰਭੂ ਦੇ ਸਿਮਰਨ ਦੀ ਮਹਿਮਾ ਏਨੀ ਹੈ ਕਿ ਉਸ ਦਾ ਨਾਮ ਲੈਣ ਦੀ ਹੀ ਦੇਰ ਸੀ ਕਿ ਹਾਥੀ ਨੂੰ ਪਈ ਹੋਈ ਤੰਦੂਏ ਦੀ ਮਾਰੂ ਗ੍ਰਿਫ਼ਤ ਛੁਟ ਗਈ ਸੀ।
ਪਾਤਸ਼ਾਹ ਹੋਰ ਦੱਸਦੇ ਹਨ ਕਿ ਚਰਿੱਤਰਹੀਣ ਅਜਾਮਲ ਜਿਹੇ ਪਾਪੀ ਨੂੰ ਹਰ ਕੋਈ ਜਾਣਦਾ ਹੈ, ਜਿਸ ਦਾ ਨਰਾਇਣ ਪ੍ਰਭੂ ਨੂੰ ਯਾਦ ਕਰਦਿਆਂ ਪਲ ਭਰ ਵਿਚ ਪਾਰ-ਉਤਾਰਾ ਹੋ ਗਿਆ ਸੀ। ਅਖੀਰ ਵਿਚ ਪਾਤਸ਼ਾਹ ਮਨੁਖ ਨੂੰ ਨਸੀਹਤ ਦਿੰਦੇ ਹਨ ਕਿ ਉਹ ਹਰ ਕਿਸੇ ਦੀ ਚਾਹਤ ਪੂਰੀ ਕਰਨ ਵਾਲੇ ਪ੍ਰਭੂ ਨੂੰ ਯਾਦ ਕਰੇ ਤਾਂ ਉਹ ਵੀ ਇਸ ਕਠਨ ਜੀਵਨ ਨੂੰ ਸੌਖਿਆਂ ਹੀ ਜੀਅ ਸਕਦਾ ਹੈ, ਭਾਵ ਉਸ ਦਾ ਵੀ ਪਾਰ-ਉਤਾਰਾ ਸੰਭਵ ਹੈ।