Guru Granth Sahib Logo
  
ਇਸ ਸ਼ਬਦ ਵਿਚ ਮਨੁਖ ਨੂੰ ਸਿਖਿਆ ਦਿੱਤੀ ਗਈ ਹੈ ਕਿ ਸੰਸਾਰ ਵਿਚ ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ ਹੈ। ਸੰਸਾਰ ਦੇ ਲੋਕਾਂ ਤੇ ਸਾਕ-ਸੰਬੰਧੀਆਂ ਦਾ ਸੰਬੰਧ ਆਪਣੇ ਸੁਖ ਤਕ ਹੀ ਸੀਮਤ ਹੁੰਦਾ ਹੈ। ਸੁਖ ਵੇਲੇ ਸਾਰੇ ਲੋਕ ਮਨੁਖ ਦੇ ਨੇੜੇ ਹੁੰਦੇ ਹਨ ਪਰ ਜਦੋਂ ਕੋਈ ਦੁਖ ਆ ਜਾਂਦਾ ਹੈ ਤਾਂ ਸਾਰੇ ਉਸ ਦਾ ਸਾਥ ਛਡ ਜਾਂਦੇ ਹਨ। ਇਥੋਂ ਤਕ ਕਿ ਉਸ ਦਾ ਜੀਵਨ-ਸਾਥੀ ਵੀ ਉਸ ਤੋਂ ਦੂਰੀ ਬਣਾ ਲੈਂਦਾ ਹੈ। ਅੰਤ ਸਮੇਂ ਪਰਮਾਤਮਾ ਤੋਂ ਬਿਨਾਂ ਕੋਈ ਵੀ ਉਸ ਦੇ ਨਾਲ ਨਹੀਂ ਨਿਭਦਾ।
ਸੋਰਠਿ   ਮਹਲਾ

ਪ੍ਰੀਤਮ  ਜਾਨਿ ਲੇਹੁ ਮਨ ਮਾਹੀ
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ   ਕੋ ਕਾਹੂ ਕੋ ਨਾਹੀ ॥੧॥ ਰਹਾਉ
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ   ਰਹਤ ਚਹੂ ਦਿਸਿ ਘੇਰੈ
ਬਿਪਤਿ ਪਰੀ  ਸਭ ਹੀ ਸੰਗੁ ਛਾਡਿਤ   ਕੋਊ ਆਵਤ ਨੇਰੈ ॥੧॥
ਘਰ ਕੀ ਨਾਰਿ  ਬਹੁਤੁ ਹਿਤੁ ਜਾ ਸਿਉ   ਸਦਾ ਰਹਤ ਸੰਗ ਲਾਗੀ
ਜਬ ਹੀ ਹੰਸ ਤਜੀ ਇਹ ਕਾਂਇਆ   ਪ੍ਰੇਤ ਪ੍ਰੇਤ ਕਰਿ ਭਾਗੀ ॥੨॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ   ਜਾ ਸਿਉ ਨੇਹੁ ਲਗਾਇਓ
ਅੰਤ ਬਾਰ ਨਾਨਕ  ਬਿਨੁ ਹਰਿ ਜੀ   ਕੋਊ ਕਾਮਿ ਆਇਓ ॥੩॥੧੨॥੧੩੯॥
-ਗੁਰੂ ਗ੍ਰੰਥ ਸਾਹਿਬ ੬੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਇਸ ਅੰਦਾਜ਼ ਵਿਚ ਮਨੁਖ ਦੇ ਮਨ ਦੀ ਅਵਸਥਾ ਬਿਆਨ ਕਰਦੇ ਹਨ, ਜਿਵੇਂ ਕੋਈ ਆਪਣੇ ਪਿਆਰੇ ਨਾਲ ਦਿਲ ਦਾ ਅਕਹਿ ਦਰਦ ਸਾਂਝਾ ਕਰ ਰਿਹਾ ਹੋਵੇ ਕਿ ਉਹ ਉਸ ਦੇ ਦਿਲ ਦਾ ਦਰਦ ਸਮਝੇ ਕਿ ਸੰਸਾਰ ਦੇ ਸਾਰੇ ਲੋਕ ਸੁਖ ਪ੍ਰਾਪਤੀ ਦੇ ਮਨੋਰਥ ਵਿਚ ਹੀ ਫਸੇ ਪਏ ਹਨ, ਕੋਈ ਵੀ ਕਿਸੇ ਦਾ ਅੰਤ ਤਕ ਨਿਭਣ ਵਾਲਾ ਸਾਥੀ ਨਹੀਂ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਮਨੁਖ ਦਾ ਦਰਦ ਬਿਆਨ ਕਰਦੇ ਹਨ ਕਿ ਜਦ ਕੋਈ ਸੁਖੀ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਦੇ ਨੇੜੇ ਹੋ ਹੋ ਕੇ ਬੈਠਦੇ ਹਨ ਤੇ ਇਸ ਤਰ੍ਹਾਂ ਚਾਰੇ ਪਾਸਿਓਂ ਘੇਰੀ ਰਖਦੇ ਹਨ, ਜਿਵੇਂ ਉਸ ਦੇ ਬੜੇ ਹੀ ਨਜਦੀਕੀ ਹੋਣ। ਪਰ ਜਦ ਕਿਤੇ ਕੋਈ ਦੁਖ-ਤਕਲੀਫ ਜਾਂ ਮੁਸ਼ਕਲ ਆਉਂਦੀ ਹੈ ਤਾਂ ਉਸੇ ਵਕਤ ਸਾਰੇ ਹੀ ਉਸ ਦਾ ਸਾਥ ਛੱਡ ਜਾਂਦੇ ਹਨ ਤੇ ਕੋਈ ਨੇੜੇ ਤਕ ਨਹੀਂ ਆਉਂਦਾ।

ਇਥੋਂ ਤਕ ਕਿ ਅਜਿਹੇ ਮਨੁਖ ਦੀ ਘਰਵਾਲੀ, ਭਾਵ ਪਤਨੀ, ਜਿਸ ਨਾਲ ਉਸ ਨੂੰ ਬੜਾ ਹੀ ਪਿਆਰ ਹੁੰਦਾ ਹੈ, ਜਿਸ ਦੇ ਹਿੱਤ ਲਈ ਉਹ ਹਮੇਸ਼ਾ ਤਤਪਰ ਰਹਿੰਦਾ ਹੈ, ਜਿਹੜੀ ਹਮੇਸ਼ਾ ਉਸ ਦੇ ਨਾਲ ਲੱਗੀ ਰਹਿੰਦੀ ਹੈ। ਪਰ ਜਦੋਂ ਮਨੁਖ ਦੀ ਜਾਨ ਚਲੀ ਜਾਂਦੀ ਹੈ ਤਾਂ ਉਹੀ ਆਪਣੇ ਪਤੀ ਦੀ ਮਿਰਤਕ ਦੇਹ ਨੂੰ ਡਰਾਉਣਾ ਪ੍ਰੇਤ ਦੱਸਦੀ ਹੋਈ ਦੂਰ ਦੌੜ ਜਾਂਦੀ ਹੈ।

ਪਾਤਸ਼ਾਹ ਦੱਸਦੇ ਹਨ ਕਿ ਦੁਨੀਆ ਦਾ ਇਹ ਅਜਬ ਵਿਹਾਰ ਜਾਂ ਵਤੀਰਾ ਬਣਿਆ ਹੋਇਆ ਹੈ ਕਿ ਇਥੇ ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ, ਪਰ ਮਨੁਖ ਨੇ ਫਿਰ ਵੀ ਇਸ ਨਾਲ ਏਨਾ ਪਿਆਰ ਪਾਇਆ ਹੋਇਆ ਹੈ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਸਚਾਈ ਇਹ ਹੈ ਕਿ ਜਦ ਮਨੁਖ ਦਾ ਅੰਤਮ ਸਮਾਂ ਆਉਂਦਾ ਹੈ ਉਸ ਵੇਲੇ, ਸਿਵਾਇ ਪ੍ਰਭੂ ਦੇ, ਮਨੁਖ ਦੇ ਕੋਈ ਵੀ ਕੰਮ ਨਹੀਂ ਆਉਂਦਾ, ਭਾਵ ਉਸ ਸਮੇਂ ਹਰ ਕੋਈ ਸਾਥ ਛੱਡ ਜਾਂਦਾ ਹੈ।
Tags