Guru Granth Sahib Logo
  
ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਜੋ ਮਨੁਖ ਦੁਖ-ਸੁਖ, ਉਸਤਤਿ-ਨਿੰਦਾ, ਲੋਭ-ਮੋਹ ਆਦਿ ਤੋਂ ਨਿਰਲੇਪ ਹੈ, ਜੋ ਸੰਸਾਰ ਤੋਂ ਕੋਈ ਵੀ ਆਸ ਨਹੀਂ ਰਖਦਾ, ਕਾਮ, ਕ੍ਰੋਧ ਆਦਿਕ ਵਿਕਾਰ ਜਿਸ ਨੂੰ ਛੂਹ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਿਵਾਸ ਹੈ। ਜਿਸ ਨੇ ਗੁਰ-ਸ਼ਬਦ ਦੀ ਬਰਕਤ ਸਦਕਾ ਇਸ ਤਰ੍ਹਾਂ ਦੀ ਜੀਵਨ-ਜੁਗਤੀ ਸਿਖ ਲਈ, ਉਹ ਪਾਣੀ ਵਿਚ ਪਾਣੀ ਦੇ ਅਭੇਦ ਹੋ ਜਾਣ ਵਾਂਗ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।
ਸੋਰਠਿ   ਮਹਲਾ

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ   ਕੰਚਨ ਮਾਟੀ ਮਾਨੈ ॥੧॥ ਰਹਾਉ
ਨਹ ਨਿੰਦਿਆ  ਨਹ ਉਸਤਤਿ ਜਾ ਕੈ   ਲੋਭੁ ਮੋਹੁ ਅਭਿਮਾਨਾ
ਹਰਖ ਸੋਗ ਤੇ ਰਹੈ ਨਿਆਰਉ   ਨਾਹਿ ਮਾਨ ਅਪਮਾਨਾ ॥੧॥
ਆਸਾ ਮਨਸਾ ਸਗਲ ਤਿਆਗੈ   ਜਗ ਤੇ ਰਹੈ ਨਿਰਾਸਾ ॥ 
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ   ਤਿਹ ਘਟਿ ਬ੍ਰਹਮੁ ਨਿਵਾਸਾ ॥੨॥
ਗੁਰ ਕਿਰਪਾ ਜਿਹ ਨਰ ਕਉ ਕੀਨੀ   ਤਿਹ ਇਹ ਜੁਗਤਿ ਪਛਾਨੀ
ਨਾਨਕ  ਲੀਨ ਭਇਓ ਗੋਬਿੰਦ ਸਿਉ   ਜਿਉ ਪਾਨੀ ਸੰਗਿ ਪਾਨੀ ॥੩॥੧੧॥
-ਗੁਰੂ ਗ੍ਰੰਥ ਸਾਹਿਬ ੬੩੩-੬੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਹੜਾ ਮਨੁਖ ਕਿਸੇ ਵੀ ਤਰ੍ਹਾਂ ਦੇ ਦੁਖ ਦੇ ਸਮੇਂ ਜਾਂ ਮੁਸ਼ਕਲ ਵਿਚ ਦੁਖੀ ਨਹੀਂ ਹੁੰਦਾ ਜਾਂ ਦੁਖ ਨੂੰ ਦਿਲ ’ਤੇ ਨਹੀਂ ਲਾਉਂਦਾ। ਜਿਸ ਦੇ ਮਨ ਵਿਚ ਸੁਖਾਂ ਦੀ ਕਾਮਨਾ, ਰਿਸ਼ਤਿਆਂ ਦਾ ਮੋਹ ਜਾਂ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੁੰਦਾ ਅਤੇ ਜਿਹੜਾ ਸੋਨੇ ਚਾਂਦੀ, ਭਾਵ ਹਰ ਕਿਸਮ ਦੀ ਸੰਪਤੀ ਅਤੇ ਧਨ-ਦੌਲਤ ਨੂੰ ਮਿੱਟੀ ਦੀ ਤਰ੍ਹਾਂ ਤੁਛ ਸਮਝਦਾ ਹੈ, ਉਹੀ ਅਸਲ ਅਤੇ ਆਦਰਸ਼ ਮਨੁਖ ਹੈ । ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਹੋਰ ਦੱਸਦੇ ਹਨ ਕਿ ਜਿਹੜਾ ਕਿਸੇ ਦੇ ਅਵਗੁਣਾ ਦੀ ਚਰਚਾ ਵਿਚ ਰੁਚੀ ਨਾ ਰਖਦਾ ਹੋਵੇ, ਨਾ ਹੀ ਕਿਸੇ ਨੂੰ ਖੁਸ਼ ਕਰਨ ਲਈ ਕਿਸੇ ਦੀ ਚਾਪਲੂਸੀ ਕਰਦਾ ਹੋਵੇ। ਜਿਸ ਦੇ ਮਨ ਵਿਚ ਕੋਈ ਲੋਭ, ਲਾਲਚ, ਰਿਸ਼ਤਿਆਂ ਦੀ ਮੋਹ-ਮਮਤਾ ਤੇ ਕਿਸੇ ਵੀ ਤਰ੍ਹਾਂ ਦਾ ਮਾਣ, ਅਭਿਮਾਨ ਜਾਂ ਹੰਕਾਰ ਨਾ ਹੋਵੇ। ਇਸ ਦੇ ਇਲਾਵਾ ਜਿਹੜਾ ਜੀਵਨ ਵਿਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਅਤੇ ਗਮੀ ਤੋਂ ਬਿਲਕੁਲ ਪ੍ਰਭਾਵਤ ਨਾ ਹੋਵੇ ਤੇ ਕਿਸੇ ਮੌਕੇ ਮਿਲਣ ਵਾਲੇ ਮਾਣ-ਇੱਜ਼ਤ ਜਾਂ ਹੋਏ ਨਿਰਾਦਰ ਨੂੰ ਵੀ ਕਦੇ ਦਿਲ ’ਤੇ ਨਾ ਲਾਵੇ, ਉਹੀ ਅਸਲ ਮਨੁਖ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਅਸਲ ਮਨੁਖ ਉਹ ਹੈ, ਜੋ ਆਪਣੇ ਮਨ ਵਿਚੋਂ ਹਰ ਤਰ੍ਹਾਂ ਦੀ ਉਮੀਦ ਅਤੇ ਮਨ ਦੀ ਚਾਹਤ ਮੇਟ ਦੇਵੇ ਤੇ ਇਸ ਦੁਨੀਆਂ ਤੋਂ ਕਿਸੇ ਤਰ੍ਹਾਂ ਦੀ ਵੀ ਆਸ-ਉਮੀਦ ਨਾ ਰਖੇ। ਇਸ ਦੇ ਨਾਲ ਪਾਤਸ਼ਾਹ ਦੱਸਦੇ ਹਨ ਕਿ ਜਿਹੜਾ ਮਨੁਖ ਦੈਹਿਕ ਵਿਲਾਸ ਦੀ ਕਾਮਨਾ ਅਤੇ ਗੁੱਸੇ ਨੂੰ ਕਦੇ ਆਪਣੇ ਨੇੜੇ ਨਾ ਆਉਣ ਦਿੰਦਾ ਹੋਵੇ, ਅਸਲ ਵਿਚ ਅਜਿਹੇ ਮਨੁਖ ਦੇ ਦਿਲ ਵਿਚ ਹੀ ਪ੍ਰਭੂ ਦਾ ਨਿਵਾਸ ਹੁੰਦਾ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਜਿਸ ਮਨੁਖ ਉੱਤੇ ਗੁਰੂ ਆਪਣੇ ਉਪਦੇਸ਼ ਰੂਪ ਵਿਚ ਮਿਹਰ ਕਰ ਦੇਵੇ, ਉਸੇ ਨੂੰ ਹੀ ਅਸਲ ਮਨੁਖ ਬਣਨ ਦੀ ਸੋਝੀ ਨਸੀਬ ਹੁੰਦੀ ਹੈ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਫਿਰ ਅਜਿਹਾ ਮਨੁਖ ਪ੍ਰਭੂ ਨਾਲ ਇਸ ਤਰ੍ਹਾਂ ਇਕਾਗਰਚਿਤ ਜਾਂ ਇਕਮਿਕ ਹੋਇਆ ਰਹਿੰਦਾ ਹੈ, ਜਿਸ ਤਰ੍ਹਾਂ ਪਾਣੀ ਵਿਚ ਮਿਲਕੇ ਪਾਣੀ ਇਕ ਰੂਪ ਹੋ ਜਾਂਦਾ ਹੈ।
Tags