ਇਸ ਸ਼ਬਦ ਵਿਚ ਜੀਵ ਨੂੰ ਸੰਬੋਧਤ ਹੁੰਦੇ ਹੋਏ ਸੁਚੇਤ ਕੀਤਾ ਗਿਆ ਹੈ ਕਿ ਹੇ ਜੀਵ! ਅੰਤ ਸਮਾਂ ਨੇੜੇ ਆ ਗਿਆ ਹੈ, ਮਨ ਦਾ ਮਾਣ ਛਡ ਦੇ। ਪ੍ਰਭੂ ਦਾ ਪ੍ਰੇਮ ਹਿਰਦੇ ਵਿਚ ਧਾਰਨ ਕਰ। ਪ੍ਰਭੂ ਦੇ ਸਿਮਰਨ ਤੋਂ ਬਿਨਾਂ ਤੇਰਾ ਅਮੋਲਕ ਜਨਮ ਵਿਅਰਥ ਹੀ ਬੀਤ ਜਾਏਗਾ।
ਜੈਜਾਵੰਤੀ ਮਹਲਾ ੯ ॥
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇਹੈ ਖੇਹ ॥
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
-ਗੁਰੂ ਗ੍ਰੰਥ ਸਾਹਿਬ ੧੩੫੨-੧੩੫੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਅਵੇਸਲੇ ਮਨੁਖ ਨੂੰ ਜੋਰ ਦੇ ਕੇ ਸੁਚੇਤ ਕਰਦੇ ਹਨ ਕਿ ਉਸ ਦਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ ਤੇ ਇਹ ਅਗਿਆਨੀ ਮਨੁਖ ਰਾਤ-ਦਿਨ ਧਾਰਮਕ ਪੁਸਤਕਾਂ ਸੁਣ ਕੇ ਵੀ ਕੁਝ ਸਮਝ ਨਹੀਂ ਰਿਹਾ। ਇਸ ਨੂੰ ਇਹ ਵੀ ਨਹੀਂ ਪਤਾ ਕਿ ਮੌਤ ਇਸ ਦੇ ਸਿਰ ’ਤੇ ਆਈ ਖੜ੍ਹੀ ਹੈ। ਇਸ ਤੋਂ ਭੱਜ ਕੇ ਇਹ ਕਿਤੇ ਨਹੀਂ ਜਾ ਸਕਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਇਹ ਮਨੁਖ ਆਪਣੀ ਜਿਸ ਦੇਹੀ ਨੂੰ ਸਦੀਵੀ ਤੌਰ ’ਤੇ ਕਾਇਮ ਰਹਿਣ ਵਾਲੀ ਮੰਨੀ ਬੈਠਾ ਹੈ, ਇਹ ਦੇਹੀ ਅਖੀਰ ਮਿੱਟੀ ਹੋ ਜਾਣੀ ਹੈ, ਅਰਥਾਤ ਖਤਮ ਹੋ ਜਾਣੀ ਹੈ। ਫਿਰ ਪਤਾ ਨਹੀਂ ਇਹ ਮੂਰਖ ਅਤੇ ਬੇਸ਼ਰਮ ਮਨੁਖ ਹਰੀ-ਪ੍ਰਭੂ ਦਾ ਨਾਮ ਕਿਉਂ ਨਹੀਂ ਜਪਦਾ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਮਨੁਖ ਨੂੰ ਫਿਰ ਨਸੀਹਤ ਕਰਦੇ ਹਨ ਕਿ ਉਹ ਪ੍ਰਭੂ ਦੇ ਭਗਤੀ ਭਾਵ ਨੂੰ ਆਪਣੇ ਹਿਰਦੇ ਵਿਚ ਵਸਾ ਲਵੇ ਤੇ ਆਪਣੇ ਮਨ ਦਾ ਸਾਰਾ ਹੰਕਾਰ ਤਿਆਗ ਦੇਵੇ। ਇਸ ਤਰ੍ਹਾਂ ਸੰਸਾਰ ਵਿਚ ਵਸਦਾ-ਰਸਦਾ ਰਹੇ ਅਤੇ ਸਫਲ ਜੀਵਨ ਜੀਅ ਕੇ ਸੋਭਾਵਾਨ ਹੋਵੇ।