Guru Granth Sahib Logo
  
ਇਸ ਸ਼ਬਦ ਵਿਚ ਮਨ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਗਿਆ ਹੈ ਕਿ ਹੇ ਮਨ! ਇਸ ਸੰਸਾਰ ਵਿਚ ਸਦਾ-ਥਿਰ ਕੇਵਲ ਪ੍ਰਭੂ ਦਾ ਨਾਮ ਹੈ, ਪਰ ਉਹ ਤਾਂ ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ। ਤੂੰ ਵਿਸ਼ੇ-ਵਿਕਾਰਾਂ ਵਿਚ ਹੀ ਲਿਪਟਿਆ ਹੋਇਆ ਹੈਂ। ਜਰਾ ਸੋਚ ਕਿ ਨਾਮ ਤੋਂ ਬਿਨਾਂ ਅੰਤ ਨੂੰ ਤੇਰੀ ਕੀ ਦਸ਼ਾ ਹੋਵੇਗੀ?
ਜੈਜਾਵੰਤੀ  ਮਹਲਾ

ਰੇ ਮਨ  ਕਉਨ ਗਤਿ ਹੋਇਹੈ ਤੇਰੀ
ਇਹ ਜਗ ਮਹਿ ਰਾਮ ਨਾਮੁ   ਸੋ ਤਉ ਨਹੀ ਸੁਨਿਓ ਕਾਨਿ
ਬਿਖਿਅਨ ਸਿਉ ਅਤਿ ਲੁਭਾਨਿ   ਮਤਿ ਨਾਹਿਨ ਫੇਰੀ ॥੧॥ ਰਹਾਉ
ਮਾਨਸ ਕੋ ਜਨਮੁ ਲੀਨੁ   ਸਿਮਰਨੁ ਨਹ ਨਿਮਖ ਕੀਨੁ
ਦਾਰਾ ਸੁਖ ਭਇਓ ਦੀਨੁ   ਪਗਹੁ ਪਰੀ ਬੇਰੀ ॥੧॥
ਨਾਨਕ ਜਨ ਕਹਿ ਪੁਕਾਰਿ   ਸੁਪਨੈ ਜਿਉ ਜਗ ਪਸਾਰੁ
ਸਿਮਰਤ ਨਹ ਕਿਉ ਮੁਰਾਰਿ   ਮਾਇਆ ਜਾ ਕੀ ਚੇਰੀ ॥੨॥੩॥
-ਗੁਰੂ ਗ੍ਰੰਥ ਸਾਹਿਬ ੧੩੫੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਦੇ ਬਹਾਨੇ ਅਵੇਸਲੇ ਮਨੁਖ ਨੂੰ ਸਵਾਲ ਦੇ ਲਹਿਜ਼ੇ ਵਿਚ ਸੁਚੇਤ ਕਰਦੇ ਹਨ ਕਿ ਅੰਤ ਵੇਲੇ ਉਸ ਦੀ ਕੀ ਹਾਲਤ ਹੋਣ ਵਾਲੀ ਹੈ?, ਭਾਵ ਉਸ ਨਾਲ ਕੁਝ ਬੁਰਾ ਵਾਪਰਨ ਵਾਲਾ ਹੈ। ਕਿਉਂਕਿ ਇਸ ਸੰਸਾਰ ਵਿਚ ਸਿਰਫ ਪ੍ਰਭੂ ਦਾ ਨਾਮ ਹੀ ਨਾਲ ਨਿਭਣ ਵਾਲਾ ਹੈ ਤੇ ਉਹ ਇਸ ਨੇ ਕਦੇ ਆਪਣੇ ਕੰਨਾਂ ਨਾਲ ਸੁਣਿਆ ਤਕ ਨਹੀਂ। ਵਿਸ਼ੇ-ਵਿਕਾਰਾਂ ਵਿਚ ਮਨੁਖ ਏਨੀ ਦਿਲਚਸਪੀ ਲੈਂਦਾ ਹੈ ਕਿ ਇਸ ਨੇ ਕਦੇ ਵੀ ਇਨ੍ਹਾਂ ਵੱਲੋਂ ਆਪਣਾ ਧਿਆਨ ਨਹੀਂ ਹਟਾਇਆ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਫਿਰ ਗੱਲ ਅੱਗੇ ਤੋਰਦੇ ਹਨ ਕਿ ਇਸ ਨੇ ਮਨੁਖ ਦਾ ਜਨਮ ਲੈ ਕੇ ਵੀ ਕਦੇ ਭੋਰਾ-ਭਰ ਪ੍ਰਭੂ ਦਾ ਨਾਮ-ਸਿਮਰਨ ਨਹੀਂ ਕੀਤਾ। ਇਸ ਨੇ ਆਪਣੇ ਜੀਵਨ-ਸਾਥੀ ਅਤੇ ਪਰਵਾਰਕ ਸੁਖਾਂ ਖਾਤਰ ਆਪਣੀ ਤਰਸਜੋਗ ਹਾਲਤ ਬਣਾਈ ਹੋਈ ਹੈ, ਜਿਵੇਂ ਪੈਰਾਂ ਵਿਚ ਬੇੜੀ ਪਈ ਹੋਵੇ।

ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਇਸ ਸੰਸਾਰ ਦਾ ਸਾਰਾ ਪਸਾਰਾ ਮਹਿਜ਼ ਸੁਪਨੇ ਜਿਹਾ ਹੀ ਹੈ। ਫਿਰ ਵੀ ਪਤਾ ਨਹੀਂ ਮਨੁਖ ਉਸ ਪ੍ਰਭੂ ਦਾ ਸਿਮਰਨ ਕਿਉਂ ਨਹੀਂ ਕਰਦਾ? ਇਹ ਪਦਾਰਥ ਰੂਪ ਮਾਇਆ ਜਿਸ ਦੀ ਸੇਵਾ ਵਿਚ ਰਹਿੰਦੀ ਹੈ, ਭਾਵ ਮਨੁਖ ਨੂੰ ਮਾਇਆ ਦੀ ਬਜਾਏ ਇਸ ਦੇ ਮਾਲਕ-ਪ੍ਰਭੂ ਦੀ ਸੇਵਾ-ਸਿਮਰਨ ਵਿਚ ਰਹਿਣਾ ਚਾਹੀਦਾ ਹੈ।
Tags