ਇਸ ਸ਼ਬਦ ਵਿਚ ਮਨੁਖ ਨੂੰ ਮਾੜੇ ਕਰਮ ਕਰਨ ਤੋਂ ਬਚਣ ਅਤੇ ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਹੈ। ਇਹ ਜੀਵਨ ਬੜਾ ਕੀਮਤੀ ਹੈ, ਮੁੜ ਨਸੀਬ ਨਹੀਂ ਹੋਣਾ। ਇਸ ਲਈ ਮਨੁਖ ਨੂੰ ਪ੍ਰਭੂ ਗੁਣਾਂ ਨੂੰ ਹਿਰਦੇ ਵਿਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਗਉੜੀ ਮਹਲਾ ੯ ॥
ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
ਨਾਨਕ ਕਹਤ ਗਾਇ ਕਰੁਨਾਮੈ ਭਵਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥
-ਗੁਰੂ ਗ੍ਰੰਥ ਸਾਹਿਬ ੨੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਲਾਹਪਰਵਾਹ ਮਨੁਖ ਨੂੰ ਉਪਦੇਸ਼ ਦਿੰਦੇ ਹਨ ਕਿ ਉਹ ਦੁਸ਼ਕਰਮਾਂ ਤੋਂ ਪ੍ਰਹੇਜ਼ ਕਰੇ। ਪਾਤਸ਼ਾਹ ਮਨੁਖ ਨੂੰ ਪ੍ਰੇਰਣਾ ਦਿੰਦੇ ਹੋਏ ਆਖਦੇ ਹਨ ਕਿ ਉਸ ਨੂੰ ਸਦਾ ਲਾਚਾਰ ਲੋਕਾਂ ਪ੍ਰਤੀ ਦਿਆਲਤਾ ਰਖਣ ਵਾਲੇ ਤੇ ਸਭ ਤਰ੍ਹਾਂ ਦੇ ਡਰ ਦੂਰ ਕਰਨ ਵਾਲੇ, ਪ੍ਰਭੂ ਦੇ ਓਟ ਆਸਰੇ ਵਿਚ ਰਹਿਣਾ ਚਾਹੀਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਫਿਰ ਦੱਸਦੇ ਹਨ ਕਿ ਵੇਦ-ਪੁਰਾਣ ਆਦਿਕ ਧਰਮ ਗ੍ਰੰਥ ਜਿਸ ਪ੍ਰਭੂ ਦੀ ਮਹਿਮਾ ਕਰਦੇ ਹਨ, ਮਨੁਖ ਨੂੰ ਵੀ ਉਸ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਚਾਹੀਦਾ ਹੈ। ਕਿਉਂਕਿ ਹਰੀ-ਪ੍ਰਭੂ ਦਾ ਨਾਮ ਹੀ ਇਸ ਸੰਸਾਰ ਵਿਚ ਪਵਿੱਤਰ ਹੈ, ਜਿਸ ਦਾ ਸਿਮਰਨ ਕਰ-ਕਰ ਕੇ ਮਨੁਖ ਆਪਣੇ ਅਵੇਸਲੇਪਣ ਵਿਚ ਹੋਏ ਅਚੇਤ ਪਾਪ, ਅਰਥਾਤ ਦੁਸ਼ਕਰਮ ਵੀ ਦੂਰ ਕਰ ਸਕਦਾ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੂੰ ਇਹ ਮਾਨਵੀ ਦੇਹ ਮੁੜ ਕੇ ਪ੍ਰਾਪਤ ਨਹੀਂ ਹੋਣੀ, ਇਸ ਲਈ ਉਹ ਇਸ ਜੀਵਨ ਵਿਚ ਹੀ ਮੁਕਤ ਹੋਣ ਦਾ ਕੋਈ ਹੀਲਾ ਵਸੀਲਾ ਕਰ ਲਵੇ। ਫਿਰ ਪਾਤਸ਼ਾਹ ਦੱਸਦੇ ਹਨ ਕਿ ਤਰਸ ਦੇ ਪੁੰਜ ਪ੍ਰਭੂ ਦੇ ਗੁਣ-ਗਾਇਨ, ਅਰਥਾਤ ਨਾਮ-ਸਿਮਰਨ ਦੀ ਬਰਕਤ ਨਾਲ ਉਹ ਸਮੁੰਦਰ ਜਹੇ ਇਸ ਡਰਾਉਣੇ ਸੰਸਾਰ ਨੂੰ ਪਾਰ ਕਰ ਲਵੇ।