ਇਸ ਸ਼ਬਦ ਵਿਚ ਉਪਦੇਸ਼ ਦਿੱਤਾ ਗਿਆ ਹੈ ਕਿ ਮਨੁਖੀ ਮਨ ਮਾਇਕੀ ਪਦਾਰਥਾਂ ਦੀ ਕਦੇ ਨਾ ਮੁੱਕਣ ਵਾਲੀ ਲਾਲਸਾ ਅਧੀਨ ਹੋਣ ਕਾਰਨ ਕਦੇ ਟਿਕਾਅ ਵਿਚ ਨਹੀਂ ਰਹਿੰਦਾ। ਇਸ ਨੂੰ ਨਿਜੀ ਜਤਨਾਂ ਅਤੇ ਸਿਆਣਪਾਂ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਇਹ ਪ੍ਰਭੂ ਕਿਰਪਾ ਸਦਕਾ ਹੀ ਵੱਸ ਵਿਚ ਆਉਂਦਾ ਹੈ।
ਗਉੜੀ ਮਹਲਾ ੯ ॥
ਸਾਧੋ ਇਹੁ ਮਨੁ ਗਹਿਓ ਨ ਜਾਈ ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥
-ਗੁਰੂ ਗ੍ਰੰਥ ਸਾਹਿਬ ੨੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸਾਧਨਾ ਕਰਨ ਵਾਲੇ ਭਲੇ ਲੋਕਾਂ ਨਾਲ ਸਾਧਕ ਮਨ ਦੀ ਪਰੇਸ਼ਾਨੀ ਸਾਂਝੀ ਕਰਦੇ ਹਨ ਕਿ ਇਹ ਮਨ ਏਨਾ ਚੰਚਲ ਹੈ ਕਿ ਪ੍ਰਭੂ ਦੀ ਕਿਰਪਾ ਤੋਂ ਬਗੈਰ ਕਾਬੂ ਵਿਚ ਹੀ ਨਹੀਂ ਆਉਂਦਾ। ਇਹ ਹਮੇਸ਼ਾ ਕਦੇ ਵੀ ਤ੍ਰਿਪਤ ਨਾ ਹੋਣ ਵਾਲੀ ਮਾਇਕੀ ਪਦਾਰਥਾਂ ਦੀ ਚਾਹਤ ਵਿਚ ਰਹਿੰਦਾ ਹੈ, ਜਿਸ ਕਰਕੇ ਇਹ ਕਦੇ ਵੀ ਟਿਕ ਕੇ ਨਹੀਂ ਬੈਠਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਬੜੀ ਹੀ ਸਖਤ ਕਿਸਮ ਦਾ ਕ੍ਰੋਧ ਇਸ ਦੇਹੀ ਦੇ ਅੰਦਰ ਹੀ ਹੈ, ਜਿਸ ਨੇ ਮਨੁਖ ਦੀ ਸਾਰੀ ਸੁਧ-ਬੁਧ ਹੀ ਭੁਲਾਈ ਹੋਈ ਹੈ। ਇਥੋਂ ਤਕ ਕਿ ਇਸ ਨੇ ਹਰ ਕਿਸੇ ਕੋਲੋਂ ਬੇਹੱਦ ਕੀਮਤੀ ਗਿਆਨ ਹੀ ਖੋਹ ਲਿਆ ਹੈ। ਜਿਸ ਕਰਕੇ ਹੁਣ ਉਸ ਕ੍ਰੋਧ ਦੇ ਅੱਗੇ ਕੋਈ ਸਿਆਣਪ ਨਹੀਂ ਚਲਦੀ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਇਸ ਮਨ ਨੂੰ ਕਾਬੂ ਹੇਠ ਕਰਨ ਲਈ ਜੋਗੀ ਲੋਕ ਅਨੇਕਾਂ ਜਤਨ ਕਰ-ਕਰ ਕੇ ਥੱਕ-ਹਾਰ ਗਏ ਹਨ ਤੇ ਗੁਣਵਾਨ ਲੋਕ ਗੁਣ ਗਾਉਂਦੇ ਹੀ ਰਹਿ ਗਏ ਹਨ। ਪਾਤਸ਼ਾਹ ਦੱਸਦੇ ਹਨ ਕਿ ਜਦ ਪ੍ਰਭੂ ਨੇ ਕਿਰਪਾ ਕਰ ਦਿੱਤੀ ਤਾਂ ਮਨ ਨੂੰ ਕਾਬੂ ਹੇਠ ਕਰਨ ਲਈ ਸਾਰੇ ਹੀਲੇ-ਵਸੀਲੇ ਹੋ ਗਏ ਹਨ।