ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਦਿਨ-ਰਾਤ
ਮਾਇਆ ਖਾਤਰ ਭਟਕਦੇ ਮਨੁਖ ਨੇ ਹਰੀ ਦਾ ਨਾਮ ਵਿਸਾਰ ਦਿੱਤਾ ਹੈ। ਧੀਆਂ-ਪੁੱਤਰਾਂ, ਦੋਸਤਾਂ-ਮਿੱਤਰਾਂ ਅਤੇ ਮਾਇਕੀ ਪਦਾਰਥਾਂ ਦੀ ਪਕੜ ਵਿਚ ਉਹ ਐਸਾ ਉਲਝ ਗਿਆ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ ਵੀ ਉਸ ਨੂੰ ਯਾਦ ਨਹੀਂ। ਕੋਈ ਵਿਰਲਾ ਹੀ ਹੁੰਦਾ ਹੈ, ਜੋ ਸੰਸਾਰ ਵਿਚਲੇ ਇਸ ਮਾਇਕੀ ਭਰਮ-ਜਾਲ ਤੋਂ ਬਚ ਕੇ, ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਦਾ ਤੇ ਉਸ ਨੂੰ ਮਨ ਵਿਚ ਵਸਾਉਂਦਾ ਹੈ।
ਗਉੜੀ ਮਹਲਾ ੯ ॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥
-ਗੁਰੂ ਗ੍ਰੰਥ ਸਾਹਿਬ ੨੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਹਰੀ-ਪ੍ਰਭੂ ਦੀ ਸਿਫਤਿ-ਸਾਲਾਹ, ਭਾਵ ਨਾਮ-ਸਿਮਰਨ ਨਹੀਂ ਕਰਦਾ। ਦਿਨ-ਰਾਤ ਤਾਂ ਇਹ ਪਦਾਰਥ ਦੀ ਚਮਕ-ਦਮਕ ਦੇ ਚੱਕਰ ਵਿਚ ਉਲਝਿਆ ਰਹਿੰਦਾ ਹੈ, ਫਿਰ ਇਹ ਪ੍ਰਭੂ ਦਾ ਗੁਣ-ਗਾਇਨ ਕਰੇ ਵੀ ਕਿਸ ਤਰ੍ਹਾਂ? ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੇ ਦੋਸਤਾਂ-ਮਿੱਤਰਾਂ, ਧੀਆਂ-ਪੁੱਤਰ ਅਤੇ ਪਦਾਰਥਕ ਲੋਭ ਵਿਚ ਆਪਣੇ-ਆਪ ਨੂੰ ਇਸ ਤਰ੍ਹਾਂ ਆਪ ਹੀ ਜਕੜ ਲਿਆ ਲਿਆ ਹੈ ਕਿ ਹੁਣ ਇਹ ਮਾਰੂਥਲ ਵਿਚ ਪਾਣੀ ਦਾ ਭੁਲੇਖਾ ਪਾਉਣ ਵਾਲੀ ਰੇਤੇ ਦੀ ਚਮਕ ਜਿਹੇ ਇਸ ਝੂਠੇ ਸੰਸਾਰ ਨੂੰ ਵੇਖ ਕੇ ਉਸ ਪਿੱਛੇ ਭੱਜਾ ਫਿਰਦਾ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਪਦਾਰਥ ਦੀ ਵਰਤੋਂ ਦਾ ਸਲੀਕਾ ਅਤੇ ਇਸ ਦੀ ਜਕੜ ਤੋਂ ਮੁਕਤੀ ਦਾ ਤਰੀਕਾ ਦੱਸਣ ਵਾਲਾ ਇਸ ਸਭ ਕਾਸੇ ਦਾ ਮਾਲਕ ਪ੍ਰਭੂ ਹੀ ਹੈ। ਪਰ ਇਹ ਮੂਰਖ ਮਨੁਖ ਉਸ ਨੂੰ ਭੁਲਾਈ ਰਖਦਾ ਹੈ, ਭਾਵ ਕਦੇ ਯਾਦ ਹੀ ਨਹੀਂ ਕਰਦਾ। ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਕਰੋੜਾਂ ਲੋਕਾਂ ਵਿਚੋਂ ਕੋਈ ਵਿਰਲਾ ਹੀ ਪ੍ਰਭੂ ਦੀ ਭਜਨ-ਬੰਦਗੀ ਤੇ ਸਿਮਰਨ ਨਾਲ ਸੁਰਤ ਜੋੜਦਾ ਹੈ।