Guru Granth Sahib Logo
  
ਇਸ ਸ਼ਬਦ ਵਿਚ ਮਨੁਖ ਨੂੰ ਸਮਝਾਇਆ ਗਿਆ ਹੈ ਕਿ ਸੰਸਾਰਕ ਰਿਸ਼ਤਿਆਂ ਦਾ ਸੰਬੰਧ ਕੇਵਲ ਉਦੋਂ ਤਕ ਹੈ, ਜਦੋਂ ਤਕ ਸਾਹ ਚਲਦੇ ਹਨ। ਮੌਤ ਤੋਂ ਮਗਰੋਂ ਇਹ ਰਿਸ਼ਤੇ ਨਾਲ ਨਹੀਂ ਨਿਭਦੇ। ਇਸ ਲਈ ਮਨੁਖ ਨੂੰ ਪ੍ਰਭੂ-ਨਾਮ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਨਾਮ ਨਾਲ ਹੀ ਸੰਸਾਰਕ ਮੋਹ ਦਾ ਤਿਆਗ ਅਤੇ ਮਨੁਖ ਦਾ ਪਾਰ-ਉਤਾਰਾ ਸੰਭਵ ਹੈ।
ਰਾਗੁ ਦੇਵਗੰਧਾਰੀ   ਮਹਲਾ

ਸਭ ਕਿਛੁ ਜੀਵਤ ਕੋ ਬਿਵਹਾਰ ॥ 
ਮਾਤ  ਪਿਤਾ  ਭਾਈ  ਸੁਤ  ਬੰਧਪ   ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ
ਤਨ ਤੇ ਪ੍ਰਾਨ ਹੋਤ ਜਬ ਨਿਆਰੇ   ਟੇਰਤ ਪ੍ਰੇਤਿ ਪੁਕਾਰਿ
ਆਧ ਘਰੀ  ਕੋਊ ਨਹਿ ਰਾਖੈ   ਘਰ ਤੇ ਦੇਤ ਨਿਕਾਰਿ ॥੧ 
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ   ਦੇਖਹੁ ਰਿਦੈ ਬਿਚਾਰਿ
ਕਹੁ ਨਾਨਕ  ਭਜੁ ਰਾਮ ਨਾਮ ਨਿਤ   ਜਾ ਤੇ ਹੋਤ ਉਧਾਰ ॥੨॥੨॥ 
-ਗੁਰੂ ਗ੍ਰੰਥ ਸਾਹਿਬ ੫੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਹਰ ਕਿਸਮ ਦਾ ਕਾਰ-ਵਿਹਾਰ ਸਿਰਫ ਜਿਉਂਦਿਆਂ ਹੀ ਸੰਭਵ ਹੁੰਦਾ ਹੈ। ਮਾਂ, ਪਿਓ, ਭਾਈ, ਪੁੱਤਰ, ਰਿਸ਼ਤੇਦਾਰ ਤੇ ਪਤਨੀ ਤਕ ਸਾਰੇ ਰਿਸ਼ਤੇ ਉਦੋਂ ਤਕ ਹੀ ਨਿਭਦੇ ਹਨ, ਜਦੋਂ ਤਕ ਮਨੁਖ ਜਿਉਂਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਦੱਸਦੇ ਹਨ ਕਿ ਜਦ ਦੇਹੀ ਵਿਚੋਂ ਸਾਹ ਨਿਕਲ ਜਾਂਦੇ ਹਨ ਤਾਂ ਸਾਰੇ ਇਸ ਨੂੰ ਮੁਰਦਾ, ਲਾਸ਼ ਕਹਿ ਕੇ ਗੱਲ ਕਰਦੇ ਹਨ। ਫਿਰ ਇਸ ਮੁਰਦਾ ਸਰੀਰ ਨੂੰ ਕੋਈ ਵੀ ਘਰ ਵਿਚ ਰਖਣ ਲਈ ਤਿਆਰ ਨਹੀਂ ਹੁੰਦਾ। ਜਿੰਨੀ ਛੇਤੀ ਸੰਭਵ ਹੋ ਸਕੇ, ਘਰ ਤੋਂ ਬਾਹਰ ਕੱਢ ਦਿੰਦੇ ਹਨ।

ਅਖੀਰ ਵਿਚ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਆਪੋ-ਆਪਣੇ ਹਿਰਦੇ ਵਿਚ ਦੀਰਘ ਵਿਚਾਰ ਕਰਕੇ ਦੇਖੋ, ਇਸ ਸੰਸਾਰ ਦੀ ਬਣਤਰ ਬਿਲਕੁਲ ਮ੍ਰਿਗ-ਤ੍ਰਿਸ਼ਨਾ ਜਿਹੀ ਹੈ। ਜਿਵੇਂ ਮ੍ਰਿਗ ਨੂੰ ਦੂਰ ਪਾਣੀ ਦਾ ਭੁਲੇਖਾ ਪੈਂਦਾ ਹੈ। ਪਾਣੀ ਦੀ ਪਿਆਸ ਬੁਝਾਉਣ ਲਈ ਉਹ ਜਿਵੇਂ-ਜਿਵੇਂ ਪਾਣੀ ਵੱਲ ਦੌੜਦਾ ਹੈ, ਉਵੇਂ-ਉਵੇਂ ਪਾਣੀ ਹੋਰ ਪਿੱਛੇ ਹਟਦਾ ਜਾਂਦਾ ਹੈ। ਉਹ ਪਾਣੀ ਤਕ ਕਦੇ ਨਹੀਂ ਪਹੁੰਚ ਪਾਉਂਦਾ ਤੇ ਉਸ ਦੀ ਪਿਆਸ ਕਦੇ ਨਹੀਂ ਮਿਟਦੀ। ਇਸੇ ਤਰ੍ਹਾਂ ਸੰਸਾਰਕ ਚਮਕ-ਦਮਕ ਵਾਲੀ ਪਿਆਸ ਵੀ ਨਹੀਂ ਮਿਟਦੀ। ਜਿਸ ਕਰਕੇ ਪਾਤਸ਼ਾਹ ਸੁਚੇਤ ਕਰਦੇ ਹਨ ਕਿ ਸਾਨੂੰ ਹਰ ਰੋਜ਼ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰਖਣਾ ਚਾਹੀਦਾ ਹੈ, ਜਿਸ ਨਾਲ ਸਾਡੇ ਜੀਵਨ ਦੀ ਮ੍ਰਿਗ-ਤ੍ਰਿਸ਼ਨਾ ਜਿਹੀ ਸਮੱਸਿਆ ਤੋਂ ਪਾਰ-ਉਤਾਰਾ ਹੋਣਾ ਹੈ।
Tags