Guru Granth Sahib Logo
  
ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਪੈਂਤੀ ਪਦੇ ਹਨ। ਇਹ ਬਾਣੀ ਉਸ ਸਮੇਂ ਪ੍ਰਚਲਤ ਵਰਣਮਾਲਾ ਦੇ ਪੈਂਤੀ ਅੱਖਰਾਂ ’ਤੇ ਅਧਾਰਤ ਹੈ। ਇਸ ਵਿਚ ਗੁਰੂ ਸਾਹਿਬ ਦੁਆਰਾ ਅੱਖਰਾਂ ਦਾ ਇਕ ਮੁੱਲ-ਪ੍ਰਬੰਧ ਸਿਰਜਿਆ ਗਿਆ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਕੀਤੇ ਸੰਬੋਧਨ ਰਾਹੀਂ ਸੋਝੀ ਬਖਸ਼ਦੇ ਹਨ ਕਿ ਹੇ ਮੂਰਖ ਮਨ! ਤੂੰ ਕਿਉਂ ਭੁੱਲਿਆ ਫਿਰਦਾ ਹੈਂ? ਅਸਲ ਵਿਚ ਤੂੰ ਉਦੋਂ ਹੀ ਪੜ੍ਹਿਆ-ਲਿਖਿਆ ਮੰਨਿਆ ਜਾਵੇਂਗਾ, ਜਦੋਂ ਪ੍ਰਭੂ ਦੇ ਦਰਬਾਰ ਵਿਚ ਆਪਣੇ ਕਰਮਾਂ ਦਾ ਲੇਖਾ ਨਿਬੇੜ ਕੇ ਸੁਰਖਰੂ ਹੋਵੇਂਗਾ। ਅੱਖਰ-ਗਿਆਨ ਦੇ ਰਹੱਸ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਅੱਗੇ ਉਪਦੇਸ਼ ਕਰਦੇ ਹਨ ਕਿ ਪ੍ਰਭੂ ਅਨੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਸਾਰੇ ਮਨੁਖ ਉਸ ਦੇ ਹੁਕਮ ਵਿਚ ਬੱਝੇ ਹੋਏ ਹਨ। ਪ੍ਰਭੂ ਤੋਂ ਬਿਨਾਂ ਉਨ੍ਹਾਂ ਉੱਤੇ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਪ੍ਰਭੂ ਸਾਰਿਆਂ ਵਿਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਕੋਲੋਂ ਸਭ ਕੁਝ ਕਰਾਉਂਦਾ ਹੈ। ਪ੍ਰਭੂ ਤੋਂ ਬੇਮੁਖ ਹੋਇਆ ਹੰਕਾਰੀ ਮਨੁਖ ਸੰਸਾਰਕ ਪਦਾਰਥਾਂ ਵਿਚ ਖਚਿਤ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ। ਜੇਕਰ ਮਨੁਖ ਗੁਰ-ਸ਼ਬਦ ਰਾਹੀਂ ਸਦੀਵੀ ਪ੍ਰਭੂ ਨੂੰ ਪਛਾਣ ਲਵੇ ਤਾਂ ਉਹ ਫਿਰ ਦੁਬਾਰਾ ਜਨਮ-ਮਰਨ ਦੇ ਗੇੜ ਵਿਚ ਨਹੀਂ ਭਟਕਦਾ। ਜਿਹੜਾ ਮਨੁਖ ਇਨ੍ਹਾਂ ਪੈਂਤੀ ਅੱਖਰਾਂ ਰਾਹੀਂ ਦੱਸੇ ਰਹੱਸ ਨੂੰ ਜਾਣ ਲੈਂਦਾ ਹੈ, ਉਹ ਪ੍ਰਭੂ ਨਾਲ ਇਕਮਿਕਤਾ ਹਾਸਲ ਕਰ ਲੈਂਦਾ ਹੈ।
ਰਾਗੁ ਆਸਾ  ਮਹਲਾ ੧  ਪਟੀ ਲਿਖੀ 
ਸਤਿਗੁਰ ਪ੍ਰਸਾਦਿ  ॥ 

ਸਸੈ  ਸੋਇ ਸ੍ਰਿਸਟਿ ਜਿਨਿ ਸਾਜੀ   ਸਭਨਾ ਸਾਹਿਬੁ ਏਕੁ ਭਇਆ ॥ 
ਸੇਵਤ ਰਹੇ ਚਿਤੁ ਜਿਨੑ ਕਾ ਲਾਗਾ   ਆਇਆ ਤਿਨੑ ਕਾ ਸਫਲੁ ਭਇਆ ॥੧॥ 

ਮਨ  ਕਾਹੇ ਭੂਲੇ  ਮੂੜ ਮਨਾ ॥ 
ਜਬ ਲੇਖਾ ਦੇਵਹਿ  ਬੀਰਾ   ਤਉ ਪੜਿਆ ॥੧॥ ਰਹਾਉ ॥ 
-ਗੁਰੂ ਗ੍ਰੰਥ ਸਾਹਿਬ ੪੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਪੂਰਬੀ ਪਰੰਪਰਾ ਅਨੁਸਾਰ ਅੱਖਰ ਸੱਚ ਨਾਲ ਜੋੜਨ ਵਾਲੇ ਹਨ, ਸੱਚ-ਸਰੂਪ ਹਨ ਤੇ ਸੱਚ ਹੀ ਮੰਨੇ ਗਏ ਹਨ। ਅਰਬੀ ਦਾ ਪਹਿਲਾ ਅੱਖਰ ‘ਅਲਿਫ’ ਅੱਲਾ ਦਾ ਸੰਖੇਪ ਮੰਨਿਆ ਜਾਂਦਾ ਹੈ। ਦੇਵਨਾਗਰੀ ਦੇ ‘ਸਾ’ ਅੱਖਰ ਦਾ ਅਰਥ ਵੀ ਈਸ਼ਵਰ ਦੱਸਿਆ ਗਿਆ ਹੈ। ਮਹਾਨ ਕੋਸ਼ ਵਿਚ ਗੁਰਮੁਖੀ ਦੇ ਸੱਸੇ ਅੱਖਰ ਦਾ ਵੀ ਇਹੀ ਅਰਥ ਦੱਸਿਆ ਗਿਆ ਹੈ। ਸ਼ਾਇਦ ਇਸ ਕਰਕੇ ਹੀ ਊੜੇ, ਐੜੇ ਅਤੇ ਈੜੀ ਉਪਰੰਤ, ਸੱਸਾ ਅੱਖਰ, ਗੁਰਮੁਖੀ ਦਾ ਪਹਿਲਾ ਵਿਅੰਜਨ ਹੋਵੇ। 

ਇਸ ਪਦੇ ਵਿਚ ਸੱਸੇ ਅੱਖਰ ਦੁਆਰਾ ਗੁਰੂ ਸਾਹਿਬ ਦੱਸਦੇ ਹਨ ਕਿ ਉਹ ਇਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ। ਉਹੀ ਸਾਰਿਆਂ ਦਾ ਮਾਲਕ ਹੈ।

ਜਿਨ੍ਹਾਂ ਦਾ ਉਸ ਇਕ ਪ੍ਰਭੂ ਨਾਲ ਮਨ ਲੱਗ ਗਿਆ, ਉਨ੍ਹਾਂ ਨੇ ਫਿਰ ਉਸ ਦੇ ਸਿਮਰਨ ਵਿਚ ਹੀ ਸਾਰਾ ਜੀਵਨ ਬਸਰ ਕੀਤਾ। ਉਨ੍ਹਾਂ ਦਾ ਹੀ ਜਨਮ ਲੈਣਾ, ਸੰਸਾਰ ਵਿਚ ਆਉਣਾ ਜਾਂ ਜੀਵਨ ਬਸਰ ਕਰਨਾ ਸਫਲ ਹੁੰਦਾ ਹੈ।

ਇਸ ਬਾਣੀ ਦੇ ਰਹਾਉ ਵਾਲੇ ਪਦੇ ਵਿਚ ਦੱਸਿਆ ਗਿਆ ਹੈ ਕਿ ਜੇ ਇਹ ਸਫਲ ਜੀਵਨ ਹੈ ਤਾਂ ਫਿਰ ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਉਨ੍ਹਾਂ ਦੇ ਮਨ ਵਿਚ ਇਹ ਸਵਾਲ ਉਠਦਾ ਹੈ ਅਤੇ ਉਹ ਆਪਣੇ ਮਨ ਨੂੰ ਪੁੱਛਦੇ ਹਨ ਕਿ ਮੂਰਖ ਮਨਾ! ਤੂੰ ਕਿਉਂ ਭੁੱਲਿਆ ਹੋਇਆ ਹੈਂ? ਭਾਵ, ਸਫਲਤਾ ਦੇ ਰਾਹ ਕਿਉਂ ਨਹੀਂ ਤੁਰ ਰਿਹਾ?

ਪੁਰਾਣੇ ਸਮੇਂ ਵਿਚ ਫੱਟੀ ਲਿਖਣ ਤੇ ਪੜ੍ਹਨ ਵਾਲੇ ਨੂੰ ਪੜ੍ਹਿਆ-ਲਿਖਿਆ ਤੇ ਸਿਆਣਾ ਸਮਝਿਆ ਜਾਂਦਾ ਸੀ। ਇਸ ਬਾਣੀ ਦੇ ਸਿਰਲੇਖ ‘ਪਟੀ ਲਿਖੀ’ ਦੇ ਸੰਦਰਭ ਵਿਚ ਦੱਸਿਆ ਗਿਆ ਹੈ ਕਿ ਸਿਰਫ ਫੱਟੀ ਲਿਖਣ ਨਾਲ ਕੋਈ ਪੜ੍ਹਿਆ-ਲਿਖਿਆ ਨਹੀਂ ਹੋ ਜਾਂਦਾ। ਬਲਕਿ ਜਦ ਕੋਈ ਭੈਣ-ਭਾਈ ਪ੍ਰਭੂ ਦੇ ਦਰਬਾਰ ਵਿਚ ਆਪਣੇ ਜੀਵਨ ਵਿਚ ਕੀਤੇ ਕਰਮਾਂ ਦਾ ਹਿਸਾਬ ਦੇ ਕੇ ਸੁਰਖਰੂ ਹੋ ਜਾਂਦਾ ਹੈ, ਫਿਰ ਹੀ ਉਸ ਨੂੰ ਪੜ੍ਹਿਆ-ਲਿਖਿਆ ਸਮਝਿਆ ਜਾ ਸਕਦਾ ਹੈ। ਇਹੀ ਇਸ ਬਾਣੀ ਦਾ ਸਥਾਈ ਭਾਵ ਹੈ।
Tags