ਗੁਰੂ ਅਮਰਦਾਸ ਸਾਹਿਬ (੧੫੦੯ ਈ.-੧੫੭੪ ਈ.) ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਕੁੱਲ ੧੮ ਪਦੇ ਹਨ।
ਰਹਾਉ ਵਾਲੇ ਪਦੇ ਵਿਚ ਦੁਨਿਆਵੀ ਲੇਖਾ ਜਾਂ ਲਿਖਣ-ਵਿਧੀ ਦਾ ਪੜ੍ਹਨਾ ਵਿਅਰਥ ਦੱਸ ਕੇ ਮਨ ਨੂੰ ਤਾਕੀਦ ਕੀਤੀ ਗਈ ਹੈ ਕਿ ਵਾਸਤਵਿਕ ਲੇਖਾ ਦੇਣਾ ਤਾਂ ਅਜੇ ਸਿਰ ’ਤੇ ਬਾਕੀ ਪਿਆ ਹੈ। ਬਾਕੀ ਪਦਿਆਂ ਵਿਚ ਪਾਂਧੇ ਨੂੰ ਸੰਬੋਧਨ ਕੀਤਾ ਗਿਆ ਹੈ। ਗੁਰੂ ਸਾਹਿਬ ਪਾਂਧੇ ਨੂੰ ਜਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ ਕਿ ਹੇ ਮੂਰਖ ਪਾਂਧੇ! ਤੂੰ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਤੂੰ ਆਪਣਾ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਕੂਚ ਕਰਨ ਵੇਲੇ ਪਛਤਾਵੇਂਗਾ। ਤੈਨੂੰ ਮੁੜ-ਮੁੜ ਜੂਨਾਂ ਦੇ ਗੇੜ ਵਿਚ ਪੈ ਕੇ ਭਟਕਣਾ ਪਵੇਗਾ। ਤੂੰ ਆਪ ਤਾਂ ਸਹੀ ਜੀਵਨ-ਰਾਹ ਤੋਂ ਭਟਕਿਆ ਹੋਇਆ ਹੈਂ ਅਤੇ ਆਪਣੇ ਚੇਲਿਆਂ ਨੂੰ ਵੀ ਉਸੇ ਰਾਹ ਪਾ ਰਿਹਾ ਹੈਂ। ਤੂੰ ਧਰਮ-ਪੁਸਤਕਾਂ ਤਾਂ ਬਹੁਤ ਪੜ੍ਹਦਾ ਹੈਂ, ਪਰ ਉਨ੍ਹਾਂ ’ਤੇ ਅਮਲ ਨਹੀਂ ਕਰਦਾ। ਤੂੰ ਮਾਇਕੀ-ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈਂ। ਇਹ ਮਨੁਖਾ ਜਨਮ ਪ੍ਰ੍ਰਭੂ ਨਾਲ ਮਿਲਾਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਪਰ ਤੂੰ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨੋਂ ਭੁਲਾ ਛੱਡਿਆ ਹੈ। ਜਦਕਿ ਸਾਰੇ ਸੁਖਾਂ ਦਾ ਖਜਾਨਾ ਪ੍ਰਭੂ ਦਾ
ਨਾਮ ਤੇਰੇ ਹਿਰਦੇ ਵਿਚ ਹੀ ਵਸਦਾ ਹੈ। ਜੋ ਸੱਚੇ ਗੁਰ-ਸ਼ਬਦ ਨਾਲ ਸਾਂਝ ਪਾਉਂਦਿਆ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਲੱਗ ਪਏ, ਉਨ੍ਹਾਂ ਦਾ ਸਾਰਾ ਲੇਖਾ-ਜੋਖਾ ਨਿਬੜ ਗਿਆ ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਗਏ।
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਨਾਨਕ ਜਿਨੑ ਕਉ ਸਤਿਗੁਰੁ ਮਿਲਿਆ ਤਿਨੑ ਕਾ ਲੇਖਾ ਨਿਬੜਿਆ ॥੧੮॥੧॥੨॥
-ਗੁਰੂ ਗ੍ਰੰਥ ਸਾਹਿਬ ੪੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਹਰੀ-ਪ੍ਰਭੂ ਨੂੰ ਮੁਖਾਤਿਬ ਹੋ ਕੇ ਦੱਸਿਆ ਗਿਆ ਹੈ ਕਿ ਉਹ ਏਨਾ ਵਿਸ਼ਾਲ ਅਤੇ ਮਹਾਨ ਹੈ ਕਿ ਉਸ ਦੇ ਵਜੂਦ ਨੂੰ ਸਮੁੱਚੇ ਰੂਪ ਵਿਚ ਜਾਣਿਆ ਨਹੀਂ ਜਾ ਸਕਦਾ। ਉਹ ਹਰੀ-ਪ੍ਰਭੂ ਬਿਆਨ ਤੋਂ ਬਾਹਰ ਹੈ ਤੇ ਉਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਭਾਵ, ਉਹ ਬੇਅੰਤ ਹੈ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਸ ਕਿਸੇ ਨੂੰ ਵੀ ਸੱਚ-ਸਰੂਪ ਗੁਰੂ ਮਿਲ ਗਿਆ ਹੈ, ਭਾਵ ਗੁਰ-ਸ਼ਬਦ ਨਾਲ ਸਾਂਝ ਪਾ ਲਈ ਹੈ, ਉਹ ਆਪਣੇ ਕਰਮਾਂ ਦੇ ਲੇਖੇ-ਜੋਖੇ ਤੋਂ ਮੁਕਤ ਹੋ ਗਏ ਹਨ। ਉਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ਤੇ ਉਨ੍ਹਾਂ ਦਾ ਜੀਵਨ ਬੁਰਾਈ ਰਹਿਤ ਹੋ ਗਿਆ ਹੈ।