Guru Granth Sahib Logo
  
ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਦਾ ਸ਼ੁਕਰਾਨਾ ਕਰਦੇ ਹੋਏ ਕਥਨ ਕਰਦੇ ਹਨ ਕਿ ਉਸ ਪ੍ਰਭੂ ਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਤੇ ਸੰਪਾਦਨ ਦੇ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਦੀ ਸਮਰੱਥਾ ਬਖਸ਼ੀ ਹੈ। ਪ੍ਰਭੂ ਦੀ ਮਿਹਰ ਸਦਕਾ ਹੀ ਅਜਿਹੇ ਕਾਰਜ ਨੇਪਰੇ ਚੜ੍ਹਦੇ ਹਨ। ਪ੍ਰਭੂ ਦੇ ਨਾਮ-ਸਿਮਰਨ ਦੀ ਬਰਕਤ ਨਾਲ ਹੀ ਤਨ-ਮਨ ਸਦਾ ਖੇੜੇ ਵਿਚ ਰਹਿੰਦਾ ਹੈ।
ਸਲੋਕ  ਮਹਲਾ

ਤੇਰਾ ਕੀਤਾ ਜਾਤੋ ਨਾਹੀ   ਮੈਨੋ ਜੋਗੁ ਕੀਤੋਈ
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ   ਆਪੇ ਤਰਸੁ ਪਇਓਈ
ਤਰਸੁ ਪਇਆ  ਮਿਹਰਾਮਤਿ ਹੋਈ   ਸਤਿਗੁਰੁ ਸਜਣੁ ਮਿਲਿਆ
ਨਾਨਕ  ਨਾਮੁ ਮਿਲੈ ਤਾਂ ਜੀਵਾਂ   ਤਨੁ ਮਨੁ ਥੀਵੈ ਹਰਿਆ ॥੧॥
-ਗੁਰੂ ਗ੍ਰੰਥ ਸਾਹਿਬ ੧੪੨੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਅਰਜਨ ਸਾਹਿਬ ਨੇ ਇਸ ਸਲੋਕ ਵਿਚ ਪ੍ਰਮੇਸ਼ਰ ਦਾ ਇਕ ਮਹੱਤਵਪੂਰਨ ਅਦੁੱਤੀ ਕਾਰਜ ਨੂੰ ਅਰੰਭਣ ਤੋਂ ਲੈਕੇ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣ ਲਈ ਬਹੁਤ ਨਿਮਰ ਭਾਵ ਨਾਲ ਸ਼ੁਕਰਾਨਾ ਕੀਤਾ ਹੈ। ਇਹ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਸੀ। ਗੁਰੂ ਸਾਹਿਬ ਨੇ, ਭਾਈ ਗੁਰਦਾਸ ਜੀ ਪਾਸੋਂ ਆਪਣੀ ਬਾਣੀ, ਪਹਿਲੇ ਚਾਰ ਗੁਰੂ ਸਾਹਿਬਾਨ, ਪੰਦਰਾਂ ਭਗਤ ਸਾਹਿਬਾਨ, ਗਿਆਰਾਂ ਭੱਟ ਸਾਹਿਬਾਨ ਅਤੇ ਤਿੰਨ ਗੁਰਸਿਖਾਂ ਦੀ ਬਾਣੀ ਨੂੰ ਵਿਧੀਵਤ ਤਰਤੀਬ ਦਿੰਦਿਆਂ ਰਾਮਸਰ ਸਰੋਵਰ ਦੇ ਕੰਢੇ ਬੈਠਕੇ ਸੰਪਾਦਨ ਕਰਵਾਇਆ।

ਦੁਨਿਆਵੀ ਜੀਵ ਸੰਸਾਰ ਅੰਦਰ ਕਿਸੇ ਕਾਰਜ ਅੰਦਰ ਮਿਲੀ ਸਫਲਤਾ ਕਰਕੇ ਆਪਣੇ ਆਪ ਵਿਚ ਫੁੱਲੇ ਨਹੀ ਸਮਾਉਂਦੇ, ਭਾਵ ਕੱਪੜਿਆਂ ਤੋਂ ਹੀ ਬਾਹਰ ਹੋ ਜਾਂਦੇ ਹਨ। ਉਹ ਦੂਸਰਿਆਂ ਦੇ ਸਨਮੁੱਖ ਆਪਣੀ ਵਡਿਆਈ ਕਰਦੇ ਨਹੀ ਥੱਕਦੇ। ਉਹ ਆਖਦੇ ਹਨ ਕਿ ਇਹ ਕੰਮ ਉਹ ਹੀ ਕਰ ਸਕਦੇ ਸਨ, ਹੋਰ ਕਿਸੇ ਕੋਲ ਸਮਰੱਥਾ ਨਹੀ ਸੀ। ਪਰ ਦੂਜੇ ਪਾਸੇ ਵੇਖੋ ਆਪ ਪ੍ਰਮੇਸ਼ਰ ਰੂਪ ਸਤਿਗੁਰੂ ਜੀ, ਜਿੰਨ੍ਹਾਂ ਨੇ ਜੀਵਾਂ ਦੇ ਉਧਾਰ ਵਾਸਤੇ ਇਤਨਾ ਵਡਾ ਕਾਰਜ ਕੀਤਾ, ਭਾਵ ਧੁਰੋਂ ਆਈ ਕਰਤਾਰੀ ਬਾਣੀ ਦਾ ਸੰਪਾਦਨ ਕਰਨ ਤੋਂ ਬਾਅਦ ਵੀ ਇਸ ਕਾਰਜ ਤੇ ਆਪਣਾ ਦਾਅਵਾ ਨਹੀ ਕੀਤਾ ਸਗੋਂ ਬਹੁਤ ਹੀ ਨਿਮਰਤਾ, ਪ੍ਰੇਮ ਅਤੇ ਧੀਰਜ ਨਾਲ ਇਸ ਕਾਰਜ ਨੂੰ ਕਰਾਉਣ ਲਈ ਕਰਤਾ-ਪੁਰਖ ਜੀ ਦਾ ਧੰਨਵਾਦ ਕਰ ਰਹੇ ਹਨ।

ਗੁਰੂ ਅਰਜਨ ਸਾਹਿਬ ਏਨੇ ਮਹਾਨ ਕਾਰਜ ਦੀ ਸੰਪੂਰਨਤਾ ਸਮੇਂ ਸ਼ੁਕਰਾਨੇ ਵਜੋਂ ਉਚਾਰੇ ਇਸ ਸਲੋਕ ਵਿਚ ਪ੍ਰਭੂ ਨੂੰ ਮੁਖਾਤਬ ਹੁੰਦਿਆਂ ਆਖਦੇ ਹਨ ਕਿ, ਹੇ ਕਰਤਾ ਪੁਰਖ ਜੀ! ਮੈਂ ਤੁਹਾਡਾ ਕੀਤਾ ਹੋਇਆ ਮਹਾਨ ਉਪਕਾਰ ਸਮਝ ਨਹੀਂ ਸਕਦਾ ਸੀ, ਪਰ ਤੁਸੀਂ ਆਪ ਮਿਹਰ ਕਰਦਿਆਂ ਮੈਨੂੰ ਇਸ ਸੇਵਾ ਦੇ ਯੋਗ ਬਣਾਇਆ। ਭਾਵ, ਇਸ ਸੱਚ ਦੀ ਬਾਣੀ ਦੇ ਸੰਕਲਨ ਦਾ ਕਾਰਜ ਵੀ ਤੁਹਾਡਾ ਆਪਣਾ ਹੀ ਸੀ। ਮੇਰੇ ਕੋਲ ਇਸ ਮਹਾਨ ਕਾਰਜ ਨੂੰ ਕਰਨ ਦੀ ਨਾ ਤੇ ਸੋਝੀ ਸੀ ਤੇ ਨਾ ਹੀ ਸਮਰੱਥਾ ਸੀ। ਇਹ ਕਾਰਜ ਤੁਹਾਡੀ ਬਖਸ਼ਿਸ਼ ਸਦਕਾ ਹੀ ਨਿਰਵਿਘਤਾ ਸਹਿਤ ਮੁਕੰਮਲ ਹੋਇਆ ਹੈ।

ਇਸ ਦੇ ਨਾਲ ਨਿਮਰਤਾ ਭਾਵ ਵਿਚ ਆ ਕੇ ਆਖਦੇ ਹਨ ਕਿ ਹੇ ਕਰਤਾ ਪੁਰਖ ਜੀ! ਮੇਰੇ ਵਿਚ ਅਜਿਹਾ ਕੋਈ ਗੁਣ ਨਹੀ ਸੀ ਕਿ ਮੈਂ ਏਨਾ ਮਹਾਨ ਕਾਰਜ ਕਰ ਸਕਦਾ। ਇਹ ਤਾਂ ਤੁਸੀ ਖੁਦ ਮੇਰੇ ਉੱਤੇ ਤਰਸ ਕੀਤਾ, ਭਾਵ ਦਇਆ ਦਿਖਾਈ, ਜਿਸ ਸਦਕਾ ਇਹ ਅਦੁੱਤੀ ਕਾਰਜ ਸੰਪੂਰਨ ਹੋ ਸਕਿਆ। ‘ਤਰਸ ਪਇਓਈ’ ਸ਼ਬਦ ਅਜਿਹੀ ਅਗੰਮੀ ਭਾਵਨਾ ਨਾਲ ਭਰਿਆ ਹੋਇਆ ਹੈ, ਜਿਸ ਦਾ ਪਠਨ-ਪਾਠਨ ਕੀਤਿਆਂ ਕੋਮਲ ਹਿਰਦਾ ਦ੍ਰਵਿਤ ਹੋ ਜਾਂਦਾ ਹੈ। ਇਸ ਰੱਬੀ-ਤਰਸ ਨੂੰ ਜਿਵੇਂ ਗੁਰੂ ਸਾਹਿਬ ਨੇ ਅਨੁਭਵ ਕੀਤਾ ਹੈ, ਕਠੋਰ ਹਿਰਦੇ ਵਾਲਾ ਇਸ ਰਹੱਸ ਨੂੰ ਕਦੇ ਨਹੀ ਸਮਝ ਸਕਦਾ।

ਅੱਗੇ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਇਹ ਬਖਸ਼ਿਸ਼ ਦਾ ਵਸੀਲਾ ਬਣਿਆ ਕਿਵੇਂ? ਪਰਮੇਸ਼ਰ ਨੇ ਤਰਸ ਕੀਤਾ ਤੇ ਮੇਰਾ ਮਿਲਾਪ ਗੁਰ-ਪਰਮੇਸ਼ਰ ਰੂਪੀ ਸੱਜਣ ਨਾਲ ਹੋਇਆ। ਇਹ ਇਸ਼ਾਰਾ ਹੈ ਗੁਰੂ ਰਾਮਦਾਸ ਸਾਹਿਬ ਵੱਲ ਹੈ ਜਿੰਨ੍ਹਾਂ ਦੀ ਬਖਸ਼ਿਸ਼ ਸਦਕਾ ਗੁਰੂ ਅਰਜਨ ਸਾਹਿਬ ਕਹਿੰਦੇ ਜੀਵਨ ਵਿਚੋਂ ਮੇਰ-ਤੇਰ ਮੁੱਕ ਗਈ ਅਤੇ ਇਸ ਰਹਿਮਤ ਦਾ ਸਦਕਾ ਹੀ ਉਹ ਇਸ ਮਹਾਨ ਖਜ਼ਾਨੇ ਨੂੰ ਪ੍ਰਗਟ ਕਰ ਸਕੇ।

ਗੁਰਮਤਿ ਦਾ ਮੂਲ ਸਿਧਾਂਤ ‘ਨਾਮ’ ਹੈ। ਇਹ ਕੋਲ ਹੈ ਤਾਂ ਮਨੁਖ ਆਤਮਕ ਤਲ ਤੇ ਜੀਅ ਰਿਹਾ ਹੈ ਨਹੀ ਤਾਂ ਮੁਰਦਾ ਹੈ। ਗੁਰੂ ਅਰਜਨ ਸਾਹਿਬ ਵੀ ਇਹੋ ਗੱਲ ਦ੍ਰਿੜ ਕਰਵਾ ਰਹੇ ਹਨ ਕਿ ਜੋ ਥਾਲ ਸਜਾਇਆ ਗਿਆ ਹੈ, ਇਸ ਵਿਚ ਨਾਮ ਭਰਪੂਰ ਹੈ। ਇਹ ਨਾਮ ਦਾ ਭੰਡਾਰ ਗੁਰੂ ਪਾਸ ਹੀ ਹੈ ‘ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰੁ’। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪਰਮੇਸ਼ਰ ਦੇ ਨਾਮ ਦੀ ਬਰਕਤ ਸਦਕਾ ਹੀ ਜੀਵਨ ਹੈ, ਇਸ ਬਖਸ਼ਿਸ਼ ਕਰਕੇ ਹੀ ਤਨ-ਮਨ ਹਰਿਆ ਭਾਵ ਚੜ੍ਹਦੀਕਲਾ ਵਿਚ ਰਹਿੰਦਾ ਹੈ। ਨਾਮ ਕਦੇ ਵੀ ਨਹੀ ਵਿਸਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨਾਮ ਦੇ ਮੂਲ ਸ੍ਰੋਤ ਹਨ, ਇਨ੍ਹਾਂ ਪਾਸੋਂ ਹੀ ਸਭ ਨੂੰ ਨਾਮ ਮੰਗਣਾ ਚਾਹੀਦਾ ਹੈ।

Tags