ਇਸ ਸ਼ਬਦ ਵਿਚ ਮਨੁਖ ਨੂੰ ਉਪਦੇਸ਼ ਹੈ ਕਿ ਪਰਮਾਤਮਾ ਦਾ ਨਾਮ ਉਸ ਲਈ ਹਮੇਸ਼ਾ ਹੀ ਸੁਖਦਾਇਕ ਹੈ। ਨਾਮ ਦਾ ਸਿਮਰਨ ਕਰਨ ਨਾਲ ਵਡੇ-ਵਡੇ ਵਿਕਾਰੀ ਮਨੁਖ ਵੀ ਵਿਕਾਰਾਂ ਅਤੇ ਕਸ਼ਟਾਂ ਤੋਂ ਮੁਕਤ ਹੋ ਗਏ।
ੴ ਸਤਿਗੁਰ ਪ੍ਰਸਾਦਿ ॥
ਮਾਰੂ ਮਹਲਾ ੯ ॥
ਹਰਿ ਕੋ ਨਾਮੁ ਸਦਾ ਸੁਖਦਾਈ ॥
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
ਤਾ ਕੋ ਦੂਖੁ ਹਰਿਓ ਕਰੁਣਾਮੈ ਅਪਨੀ ਪੈਜ ਬਢਾਈ ॥੧॥
ਜਿਹ ਨਰ ਜਸੁ ਕਿਰਪਾਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥
-ਗੁਰੂ ਗ੍ਰੰਥ ਸਾਹਿਬ ੧੦੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਹਰੀ-ਪ੍ਰਭੂ ਦਾ ਨਾਮ ਹਮੇਸ਼ਾ ਸੁਖ ਦੇਣ ਵਾਲਾ ਹੈ। ਇਹ ਉਹੀ ਨਾਮ ਹੈ, ਜਿਸ ਦੇ ਸਿਮਰਨ ਨਾਲ ਅਜਾਮਲ ਨਾਂ ਦੇ ਦੁਰਾਚਾਰੀ ਦਾ ਦੁਸ਼ਟ ਬਿਰਤੀ ਤੋਂ ਪਾਰਉਤਾਰਾ ਹੋ ਗਿਆ ਸੀ ਤੇ ਗਨਿਕਾ ਨਾਂ ਦੀ ਵਿਭਚਾਰਨ ਵੀ ਆਪਣੇ ਬੁਰੇ ਕਰਮਾਂ ਤੋਂ ਮੁਕਤੀ ਪ੍ਰਾਪਤ ਕਰ ਗਈ ਸੀ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਦੱਸਦੇ ਹਨ ਕਿ ਕੌਰਵਾਂ ਦੀ ਰਾਜ ਸਭਾ ਵਿਚ ਬੇਪੱਤ ਕੀਤੇ ਜਾਣ ਸਮੇਂ ਪੰਚਾਲ ਦੇਸ਼ ਦੀ ਰਾਜਕੁਮਾਰੀ ਦਰੋਪਤੀ ਨੂੰ ਵੀ ਪ੍ਰਭੂ ਦੇ ਨਾਮ-ਸਿਮਰਨ ਦਾ ਚੇਤਾ ਆ ਗਿਆ ਸੀ। ਜਿਸ ਕਰਕੇ ਦਇਆਵਾਨ ਪ੍ਰਭੂ ਨੇ ਉਸ ਦਾ ਕਸ਼ਟ ਦੂਰ ਕਰ ਕੇ ਆਪਣੇ ਸਤਿਕਾਰ ਵਿਚ ਹੋਰ ਵਾਧਾ ਕਰ ਲਿਆ ਸੀ। ਇਥੇ ਇਹ ਵੀ ਸੰਕੇਤ ਮਿਲਦਾ ਹੈ ਕਿ ਦੁਖੀਆਂ ਦੇ ਦੁਖ ਦੂਰ ਕਰ ਕੇ ਪ੍ਰਭੂ ਕਿਸੇ ’ਤੇ ਅਹਿਸਾਨ ਨਹੀਂ ਕਰਦਾ, ਬਲਕਿ ਆਪਣੇ ਮੁਢ-ਕਦੀਮੀ ਸੁਭਾ ਅਨੁਸਾਰ ਆਪਣੇ ਬਿਰਦ ਦੀ ਹੀ ਲਾਜ ਰਖਦਾ ਹੈ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਮਨੁਖ ਨੇ ਵੀ ਉਸ ਕਿਰਪਾਲੂ ਪ੍ਰਭੂ ਦੀ ਸਿਫਤਿ-ਸ਼ਲਾਘਾ ਵਜੋਂ ਉਸ ਦਾ ਨਾਮ-ਸਿਮਰਨ ਕੀਤਾ ਹੈ, ਉਸ ਦਾ ਪ੍ਰਭੂ ਹਮੇਸ਼ਾ ਸਹਾਈ ਹੋਇਆ ਹੈ, ਭਾਵ ਪ੍ਰਭੂ ਨੇ ਉਸ ਦੇ ਦੁਖ-ਤਕਲੀਫ ਦੂਰ ਕੀਤੇ ਹਨ। ਇਥੇ ਪਾਤਸ਼ਾਹ ਮਨੁਖ ਮਾਤਰ ਲਈ ਇਸ਼ਾਰਾ ਕਰਦੇ ਹਨ ਕਿ ਇਸੇ ਵਿਸ਼ਵਾਸ ਕਾਰਣ ਉਨ੍ਹਾਂ ਨੇ ਪ੍ਰਭੂ ਦੀ ਸ਼ਰਣ ਲਈ ਹੈ। ਇਸ ਲਈ ਮਨੁਖ ਨੂੰ ਹਮੇਸ਼ਾ ਹੀ ਉਸ ਦੀ ਸ਼ਰਣ ਵਿਚ ਰਹਿਣਾ ਚਾਹੀਦਾ ਹੈ।