Guru Granth Sahib Logo
  
ਇਸ ਸ਼ਬਦ ਵਿਚ ਪ੍ਰਭੂ ਤੋਂ ਵਿਛੜੇ ਮਨੁਖ ਦੇ ਦੁਖਮਈ ਅਤੇ ਪ੍ਰਭੂ ਮਿਲਾਪ ਪ੍ਰਾਪਤ ਕਰ ਚੁੱਕੇ ਮਨੁਖ ਦੇ ਸੁਖਮਈ ਜੀਵਨ ਦਾ ਵਰਨਣ ਕਰਕੇ ਪ੍ਰਭੂ ਅੱਗੇ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਮੇਰੇ ’ਤੇ ਕਿਰਪਾ ਕਰੋ ਤਾਂ ਕਿ ਮੇਰਾ ਮਨ ਤੁਹਾਡੇ ਪ੍ਰੇਮ-ਰੰਗ ਵਿਚ ਰੰਗਿਆ ਜਾਏ। ਪ੍ਰਭੂ ਤੋਂ ਵਿਛੜ ਕੇ ਮਨੁਖ ਔਗੁਣਾਂ ਅਤੇ ਦੁਖਾਂ ਵਿਚ ਘਿਰ ਜਾਂਦਾ ਹੈ। ਬਾਹਰੀ ਤੌਰ ’ਤੇ ਭਾਵੇਂ ਉਸ ਨੂੰ ਅਨੇਕ ਸੁਖ ਮਿਲ ਜਾਣ, ਪਰ ਉਹ ਅੰਦਰੋਂ ਦੁਖੀ ਹੀ ਰਹਿੰਦਾ ਹੈ। ਜਿਹੜਾ ਮਨੁਖ ਗੁਰ-ਸ਼ਬਦ ਦੀ ਵਿਚਾਰ ਸੁਣ ਕੇ ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਨੂੰ ਪ੍ਰਭੂ ਮਿਲਾਪ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ। ਜਿਸ ਮਨੁਖ ਨੇ ਇਹ ਭੇਤ ਜਾਣ ਲਿਆ ਹੈ, ਉਹ ਹਉਮੈ, ਹੰਕਾਰ ਆਦਿਕ ਤੋਂ ਮੁਕਤ ਹੋ ਕੇ ਪ੍ਰਭੂ ਦੀ ਹਜੂਰੀ ਵਿਚ ਆਦਰ-ਸਨਮਾਨ ਪਾਉਂਦਾ ਹੈ।
ਸਤਿਗੁਰ ਪ੍ਰਸਾਦਿ
ਮਾਰੂ ਕਾਫੀ   ਮਹਲਾ ੧  ਘਰੁ

ਆਵਉ ਵੰਞਉ ਡੁੰਮਣੀ   ਕਿਤੀ ਮਿਤ੍ਰ ਕਰੇਉ
ਸਾਧਨ ਢੋਈ ਲਹੈ   ਵਾਢੀ ਕਿਉ ਧੀਰੇਉ ॥੧॥
ਮੈਡਾ ਮਨੁ ਰਤਾ   ਆਪਨੜੇ ਪਿਰ ਨਾਲਿ
ਹਉ ਘੋਲਿ ਘੁਮਾਈ  ਖੰਨੀਐ ਕੀਤੀ   ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ
ਪੇਈਅੜੈ ਡੋਹਾਗਣੀ   ਸਾਹੁਰੜੈ ਕਿਉ ਜਾਉ
ਮੈ ਗਲਿ ਅਉਗਣ  ਮੁਠੜੀ   ਬਿਨੁ ਪਿਰ ਝੂਰਿ ਮਰਾਉ ॥੨॥
ਪੇਈਅੜੈ ਪਿਰੁ ਸੰਮਲਾ   ਸਾਹੁਰੜੈ ਘਰਿ ਵਾਸੁ
ਸੁਖਿ ਸਵੰਧਿ ਸੋਹਾਗਣੀ   ਪਿਰੁ ਪਾਇਆ ਗੁਣਤਾਸੁ ॥੩॥
ਲੇਫੁ ਨਿਹਾਲੀ ਪਟ ਕੀ   ਕਾਪੜੁ ਅੰਗਿ ਬਣਾਇ
ਪਿਰੁ ਮੁਤੀ ਡੋਹਾਗਣੀ   ਤਿਨ ਡੁਖੀ ਰੈਣਿ ਵਿਹਾਇ ॥੪॥
ਕਿਤੀ ਚਖਉ ਸਾਡੜੇ   ਕਿਤੀ ਵੇਸ ਕਰੇਉ
ਪਿਰ ਬਿਨੁ ਜੋਬਨੁ ਬਾਦਿ ਗਇਅਮੁ   ਵਾਢੀ ਝੂਰੇਦੀ ਝੂਰੇਉ ॥੫॥
ਸਚੇ ਸੰਦਾ ਸਦੜਾ   ਸੁਣੀਐ ਗੁਰ ਵੀਚਾਰਿ
ਸਚੇ ਸਚਾ ਬੈਹਣਾ   ਨਦਰੀ ਨਦਰਿ ਪਿਆਰਿ ॥੬॥
ਗਿਆਨੀ ਅੰਜਨੁ ਸਚ ਕਾ   ਡੇਖੈ ਡੇਖਣਹਾਰੁ
ਗੁਰਮੁਖਿ ਬੂਝੈ  ਜਾਣੀਐ   ਹਉਮੈ ਗਰਬੁ ਨਿਵਾਰਿ ॥੭॥
ਤਉ ਭਾਵਨਿ ਤਉ ਜੇਹੀਆ   ਮੂ ਜੇਹੀਆ ਕਿਤੀਆਹ
ਨਾਨਕ  ਨਾਹੁ ਵੀਛੁੜੈ   ਤਿਨ ਸਚੈ ਰਤੜੀਆਹ ॥੮॥੧॥੯॥
-ਗੁਰੂ ਗ੍ਰੰਥ ਸਾਹਿਬ ੧੦੧੪-੧੦੧੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਬਾਣੀ ਵਿਚ ਮਨੁਖ ਅਤੇ ਰੱਬ ਦੀ ਗੱਲ ਅਕਸਰ ਪਤੀ-ਪਤਨੀ ਵਾਲੇ ਰਿਸ਼ਤੇ ਦੇ ਮੁਹਾਵਰੇ ਵਿਚ ਕੀਤੀ ਜਾਂਦੀ ਹੈ। ਰੱਬ ਸਰਬ-ਸਮਰੱਥ ਅਤੇ ਸਰਬ-ਗੁਣ ਸੰਪੰਨ ਹੈ। ਉਸ ਦੇ ਸਾਹਮਣੇ ਮਨੁਖ ਦੀ ਹਸਤੀ ਤੁੱਛ ਅਤੇ ਨਿਗੂਣੀ ਹੈ। ਇਸ ਲਈ ਮਨੁਖ ਨੇ ਚੰਗੇ ਗੁਣ ਧਾਰਨ ਕਰਨੇ ਹਨ ਤਾਂ ਜੋ ਰੱਬ ਉਸ ਉੱਤੇ ਕਿਰਪਾ ਕਰਕੇ ਉਸ ਨੂੰ ਆਪਣੇ ਨਾਲ ਮੇਲ ਲਵੇ।

ਆਦਿ ਅਤੇ ਮੱਧ-ਕਾਲੀਨ ਸਮਾਜ ਦਾ ਢਾਂਚਾ, ਲੋੜਾਂ ਅਤੇ ਹਾਲਾਤ ਕੁਝ ਅਜਿਹੇ ਸਨ ਕਿ ਉਸ ਵਿਚ ਪਤਨੀ (ਇਸਤਰੀ) ਪੂਰੀ ਤਰ੍ਹਾਂ ਪਤੀ (ਮਰਦ) ਉੱਤੇ ਨਿਰਭਰ ਸੀ। ਪਤੀ, ਪਤਨੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੋਣ ਕਰਕੇ ਸਰਬ-ਸਮਰੱਥ ਤੇ ਸਰਬ-ਗੁਣ ਸੰਪੰਨ ਸਮਝਿਆ ਜਾਂਦਾ ਸੀ ਅਤੇ ਪਤਨੀ ਉਸ ਦੇ ਸਾਹਮਣੇ ਊਣੀ ਤੇ ਨਿਗੂਣੀ ਸੀ। ਪਤਨੀ ਦੀ ਇਹ ਲੋੜ ਵੀ ਸੀ ਅਤੇ ਉਸ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਸੀ ਕਿ ਉਹ ਆਪਣੇ ਵਿਚ ਅਜਿਹੇ ਗੁਣਾਂ ਨੂੰ ਧਾਰਨ ਕਰੇ ਕਿ ਪਤੀ ਖੁਦ-ਬਖੁਦ ਉਸ ਨੂੰ ਅਪਣਾ ਲਵੇ। ਮੱਧ-ਕਾਲੀਨ ਸਾਹਿਤ ਵਿਚ ਇਹ ਰੁਚੀ ਆਮ ਹੈ ਕਿ ਜਦ ਮਨੁਖ ਨੂੰ ਰੱਬੀ ਮਿਲਾਪ ਲਈ ਸਚਿਆਰ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਇਸਤਰੀ ਦੇ ਊਣੇ ਅਤੇ ਨਿਗੂਣੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।

ਹਰ ਸਮੇਂ ਦਾ ਇਕ ਵਿਸ਼ੇਸ਼ ਭਾਸ਼ਾਈ ਮੁਹਾਵਰਾ ਹੁੰਦਾ ਹੈ। ਇਸ ਦੀ ਵਰਤੋਂ ਭਾਵ ਦੇ ਸੰਚਾਰ ਲਈ ਲਾਹੇਵੰਦ ਰਹਿੰਦੀ ਹੈ। ਬੇਸ਼ੱਕ ਗੁਰਬਾਣੀ ਵਿਚ ਰੂਪਕ ਵਜੋਂ ਪਤਨੀ ਨੂੰ ਪਤੀ ਦੇ ਕਾਬਲ ਹੋਣ ਲਈ ਆਖਿਆ ਜਾਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪਤੀ ਹਮੇਸ਼ਾ ਸਰਬ-ਸਮਰੱਥ ਤੇ ਅਚੂਕ ਹੁੰਦੇ ਹਨ ਅਤੇ ਪਤਨੀਆਂ ਜਮਾਂਦਰੂ ਤੌਰ ’ਤੇ ਊਣੀਆਂ ਤੇ ਨਿਗੂਣੀਆਂ ਹੁੰਦੀਆਂ ਹਨ। ਗੁਰਬਾਣੀ ਅਨੁਸਾਰ ਰੱਬ ਕਾਇਨਾਤ ਦੇ ਕਿਸੇ ਇਕ ਕੋਨੇ ਵਿਚ ਨਹੀਂ, ਬਲਕਿ ਕਣ-ਕਣ ਵਿਚ ਵਸਦਾ ਹੈ। ਉਹ ਸਰਬ-ਸਮਰੱਥ ਹੋਣ ਦੇ ਨਾਲ-ਨਾਲ ਸਰਬ-ਵਿਆਪਕ ਵੀ ਹੈ।

ਇਸ ਕਾਰਣ ਗੁਰਬਾਣੀ ਦਾ ਸੰਦੇਸ਼ ਇਸਤਰੀ ਤੇ ਮਰਦ ਅਤੇ ਪਤੀ ਤੇ ਪਤਨੀ ਦੋਵਾਂ ਲਈ ਸਾਂਝਾ ਹੈ। ਦੋਵਾਂ ਨੇ ਹੀ ਇਕ ਦੂਜੇ ਦੇ ਦਿਲ ਵਿਚ ਪ੍ਰਵਾਨ ਹੋਣ ਲਈ ਯਤਨ ਕਰਨੇ ਹਨ। ਦੋਵਾਂ ਨੇ ਹੀ ਰਲ-ਮਿਲ ਕੇ ਗ੍ਰਿਹਸਤ ਨੂੰ ਇਸ ਤਰ੍ਹਾਂ ਨਿਭਾਉਣਾ ਹੈ ਕਿ ਰੱਬੀ ਮਿਲਾਪ ਸੰਭਵ ਹੋ ਸਕੇ। ਭਾਸ਼ਾਈ ਮੁਹਾਵਰੇ ਨੂੰ ਮੁਹਾਵਰੇ ਵਜੋਂ ਹੀ ਦੇਖਣਾ ਚਾਹੀਦਾ ਹੈ। ਇਸਤਰੀ ਤੇ ਮਰਦ ਵਿਚੋਂ ਕੋਈ ਵੀ ਇਕ-ਦੂਜੇ ਤੋਂ ਜਿਸਮਾਨੀ ਤੇ ਰੁਹਾਨੀ ਪਧਰ ’ਤੇ ਨਾ ਊਣਾ ਹੈ, ਨਾ ਉੱਪਰ ਹੈ।

ਵਿਆਖਿਆ ਅਧੀਨ ਸ਼ਬਦ ਦੇ ਅਰੰਭ ਵਿਚ ਇਕ ਅਜਿਹੀ ਇਸਤਰੀ ਸਾਕਾਰ ਹੁੰਦੀ ਹੈ, ਜਿਸ ਦਾ ਮਨ ਇਕਾਗਰ ਨਹੀਂ ਹੈ, ਉਹ ਦੋ ਮਨਾਂ ਵਾਲੀ (ਦੋ-ਮਨੀ) ਭਾਵ, ਦੁਬਿਧਾ ਵਿਚ ਗ੍ਰਸੀ ਹੋਈ ਹੈ। ਇਸ ਦੁਬਿਧਾ ਦੇ ਕਾਰਣ ਉਹ ਭਟਕਣਾਂ ਵਿਚ ਪਈ ਹੋਈ ਹੈ। ਇਸ ਅਵਸਥਾ ਨੇ ਉਸ ਨੂੰ ਬੇਹੱਦ ਉਦਾਸ ਅਤੇ ਗਮਗੀਨ ਕੀਤਾ ਹੋਇਆ ਹੈ। ਉਸ ਨੇ ਅਨੇਕ ਮਿੱਤਰ ਬਣਾ ਕੇ ਦੇਖੇ ਹਨ, ਪਰ ਉਸ ਦੀ ਭਟਕਣਾਂ ਦੂਰ ਕਰਨ ਦੇ ਸਮਰਥ ਕੋਈ ਨਹੀਂ ਹੈ। ਉਹ ਇਨ੍ਹਾਂ ਮਿੱਤਰਾਂ ਤੋਂ ਅੱਕ ਤੇ ਥੱਕ ਚੁੱਕੀ ਹੈ।

ਉਪਰੋਕਤ ਇਸਤਰੀ ਦੇ ਪ੍ਰਤੀਕ ਰਾਹੀਂ ਗੁਰੂ ਨਾਨਕ ਪਾਤਸ਼ਾਹ ਮਨੁਖ ਨੂੰ ਮੁਖਾਤਬ ਹੁੰਦੇ ਹਨ ਕਿ ਅਜਿਹਾ ਮਨੁਖ ਜਨਮ-ਮਰਨ ਅਰਥਾਤ ਆਉਣ-ਜਾਣ ਦੇ ਚੱਕਰ ’ਚੋਂ ਕਦੇ ਵੀ ਮੁਕਤ ਨਹੀਂ ਹੁੰਦਾ। ਜਿਸ ਤਰ੍ਹਾਂ ਉਪਰੋਕਤ ਬਹੁਤੇ ਮਿੱਤਰਾਂ ਵਾਲੀ ਇਸਤਰੀ ਨੂੰ ਕਿਤੇ ਆਸਰਾ ਨਹੀਂ ਮਿਲਦਾ, ਉਸੇ ਤਰ੍ਹਾਂ ਨਿੱਤ ਵਾਂਢੇ ਅਰਥਾਤ ਕਿਤੇ ਨਾ ਕਿਤੇ ਤੁਰੀ ਰਹਿਣ ਵਾਲੀ ਇਸਤਰੀ ਨੂੰ ਵੀ ਕਦੇ ਸੰਤੋਖਜਨਕ ਪਤੀ ਪਿਆਰ ਅਤੇ ਮਿਲਾਪ ਨਸੀਬ ਨਹੀਂ ਹੁੰਦਾ। ਅਧਿਆਤਮਕ ਰਮਜ਼ ਵਿਚ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਇਕਾਗਰ ਚਿੱਤ ਹੋ ਕੇ ਆਪਣਾ ਆਵਾਗਵਣ ਸਮਾਪਤ ਕਰਨ ਦਾ ਫਿਕਰ ਅਤੇ ਯਤਨ ਨਹੀਂ ਕਰਦੇ, ਉਹ ਕਦੇ ਵੀ ਸਬਰ-ਸੰਤੋਖ ਹਾਸਲ ਨਹੀਂ ਕਰ ਸਕਦੇ।

ਉਪਰੋਕਤ ਇਸਤਰੀ ਦੇ ਪ੍ਰਤੀਕ ਰਾਹੀਂ ਗੁਰੂ ਸਾਹਿਬ ਆਖਦੇ ਹਨ ਕਿ ਜੇਕਰ ਮੇਰਾ ਮਨ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਵੇ, ਜੇਕਰ ਪ੍ਰਭੂ ਮੇਰੇ ਵੱਲ ਇਕ ਪਲ ਲਈ ਵੀ ਮਿਹਰ ਦੀ ਨਜਰ ਨਾਲ ਦੇਖ ਲਵੇ ਤਾਂ ਮੈਂ ਕੁਰਬਾਨ ਹੋ ਜਾਵਾਂ। ‘ਰਹਾਉ’ ਵਾਲੀ ਇਸ ਤੁਕ ਵਿਚ ਪਿਆਰ ਦੀ ਕਸ਼ਿਸ਼ ਦਾ ਵਰਨਣ ਹੈ। ਜਿਨ੍ਹਾਂ ਦੇ ਮਨ ਆਪਣੇ ਪਿਆਰੇ ਦੇ ਪਿਆਰ ਵਿਚ ਰੰਗੇ ਹੋਏ ਹੋਣ, ਉਹ ਉਸ ਨੂੰ ਜ਼ਰਾ ਜਿੰਨਾ ਦੇਖਣ ਲਈ ਵੀ ਉਸ ਤੋਂ ਵਾਰਨੇ ਜਾਂਦੇ ਹਨ।

ਰਵਾਇਤ ਮੁਤਾਬਕ ਆਪਣੇ ਪਿਆਰੇ ਦੇ ਸਿਰ ਤੋਂ ਪਾਣੀ ਘੁਮਾ ਕੇ ਪੀਣ ਪਿੱਛੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਿਆਰੇ ਦੇ ਦੁਖ ਤਕਲੀਫ ਪਾਣੀ ਵਿਚ ਘੁਲ ਜਾਂਦੇ ਹਨ ਤੇ ਉਸ ਪਾਣੀ ਨੂੰ ਪੀਣ ਵਾਲਾ ਉਹ ਦੁਖ ਤਕਲੀਫ ਆਪਣੇ ਸਿਰ ਲੈ ਲੈਂਦਾ ਹੈ। ਦਰਅਸਲ ਇਸ ਰਵਾਇਤ ਵਿਚ ਪਿਆਰੇ ਦੇ ਦੁਖ ਤਕਲੀਫ ਆਪਣੇ ਮਹਿਸੂਸ ਕਰਨ ਦਾ ਭਾਵ ਹੈ ਅਤੇ ਇਹ ਪਿਆਰ ਦਾ ਸਬੂਤ ਵੀ ਹੈ।

ਇਸ ਪੰਗਤੀ ਵਿਚ ਪਿਆਰੇ ਨੂੰ ਦੇਖਣ ਲਈ ਟੁਕੜੇ-ਟੁਕੜੇ ਹੋਣ ਦਾ ਭਾਵ ਵੀ ਪ੍ਰਗਟਾਇਆ ਗਿਆ ਹੈ। ਪ੍ਰਾਚੀਨ ਪ੍ਰੇਮ-ਕਹਾਣੀਆਂ ਵਿਚ ਪ੍ਰੇਮ ਕਰਨ ਵਾਲੇ ਨੂੰ ਸਮਾਜ ਵੱਲੋਂ ਅਨੇਕ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ ਤੇ ਕਈ ਵਾਰੀ ਪ੍ਰੇਮ ਕਰਨ ਵਾਲਿਆਂ ਦੀ ਕੁੱਟ-ਮਾਰ ਕਰ ਕੇ ਵੱਢ-ਟੁੱਕ ਵੀ ਕਰ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਆਪਣੇ ਗਿਆਨ ਵਿਚ ਯਕੀਨ ਰਖਣ ਵਾਲਿਆਂ ਨੂੰ ਵੀ ਹਕੂਮਤਾਂ ਅਤੇ ਕਾਬਜ਼ ਧਿਰਾਂ ਵੱਲੋਂ ਤਸੀਹੇ ਦਿੱਤੇ ਜਾਂਦੇ ਹਨ ਤੇ ਸਿਦਕ ਵਾਲੇ ਸਾਦਿਕ ਲੋਕ ਆਪਣੇ ਗਿਆਨ ਅਤੇ ਵਿਸ਼ਵਾਸ ਤੋਂ ਕਦੇ ਪਿੱਛੇ ਨਹੀਂ ਹੱਟਦੇ। ਪ੍ਰੋ. ਜੇ. ਪੀ. ਐੱਸ. ਓਬਰੌਇ ਦਾ ਕਥਨ ਹੈ: The true test of faith is in the hour of suffering. ਅਰਥਾਤ ਮੁਸ਼ਕਲ ਵਿਚ ਹੀ ਯਕੀਨ ਦੀ ਪਰਖ ਹੁੰਦੀ ਹੈ। ਹਕੂਮਤ ਅਤੇ ਸਮਾਜ ਦੇ ਅਜਿਹੇ ਵਤੀਰੇ ਬਾਬਤ ਜਾਣਦੇ ਹੋਏ ਵੀ ਪ੍ਰੇਮ ਅਤੇ ਯਕੀਨ ਤੋਂ ਪਿੱਛੇ ਨਾ ਹਟਣ ਵਾਲੇ ਲੋਕ ਪ੍ਰੇਮ-ਕਹਾਣੀਆਂ ਦੇ ਨਾਇਕ ਹੁੰਦੇ ਹਨ। ਪਾਤਸ਼ਾਹ ਨੇ ਬਾਣੀ ਵਿਚ ਇਸੇ ਤਰ੍ਹਾਂ ਦੇ ਤੀਬਰ ਪ੍ਰੇਮ-ਭਾਵ ਤੇ ਅਕੀਦੇ ਨੂੰ ਇਥੇ ਰੱਬੀ ਪਿਆਰ ਤੇ ਸਿਦਕ ਲਈ ਪ੍ਰਗਟ ਕੀਤਾ ਹੈ।

ਜਿਹੜੀ ਇਸਤਰੀ ਪੇਕੇ ਘਰ ਵਿਚ ਰਹਿੰਦਿਆਂ ਗੁਣਾਂ ਤੋਂ ਵਾਂਝੀ ਹੋਵੇ, ਉਹ ਆਪਣੇ ਸਹੁਰੇ ਘਰ ਕਿਵੇਂ ਜਾ ਸਕਦੀ ਹੈ? ਅਰਥਾਤ, ਉਸ ਦਾ ਪਤੀ ਨਾਲ ਮਿਲਾਪ ਨਹੀਂ ਹੋ ਸਕਦਾ। ਉਹ ਇਸਤਰੀ ਆਪਣੀਆਂ ਕਮੀਆਂ ਕਾਰਣ ਖੁਦ ਨੂੰ ਠੱਗੀ-ਠੱਗੀ ਮਹਿਸੂਸ ਕਰਦੀ ਹੈ। ਪਿਆਰੇ ਦੇ ਝੁਰੇਵੇਂ ਕਾਰਣ ਉਸ ਦਾ ਜਿਉਣਾਂ ਮਰਨ ਵਰਗਾ ਹੋਇਆ ਰਹਿੰਦਾ ਹੈ। ਅਰਥਾਤ, ਉਹ ਆਤਮਕ ਮੌਤ ਮਰ ਰਹੀ ਹੁੰਦੀ ਹੈ।

ਅਜਿਹੀ ਇਸਤਰੀ ਜੇਕਰ ਪੇਕੇ ਘਰ ਰਹਿੰਦੀ ਹੋਈ ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰਦੀ ਤਾਂ ਉਸ ਨੂੰ ਸਹੁਰੇ ਘਰ ਦਾ ਵਾਸ ਅਤੇ ਪਿਆਰੇ ਦਾ ਮਿਲਾਪ ਨਸੀਬ ਹੋ ਜਾਂਦਾ। ਇਥੇ ਪਾਤਸ਼ਾਹ ਰੱਬੀ ਮੇਲ ਦੀ ਤਿਆਰੀ ਵਾਲੇ ਮੁਢਲੇ ਪੜਾਓ ਦੀ ਗੱਲ ਕਰਦੇ ਹਨ, ਜਿਸ ਤੋਂ ਬਿਨਾਂ ਮੇਲ ਵੀ ਬੇਮੇਲ ਸਾਬਤ ਹੁੰਦਾ ਹੈ। ਜਿਨ੍ਹਾਂ ਗੁਣਵਾਨ ਇਸਤਰੀਆਂ ਨੇ ਆਪਣੇ ਗੁਣਾਂ ਸਦਕਾ ਪਿਆਰੇ ਦਾ ਸਾਥ ਅਤੇ ਮਿਲਾਪ ਹਾਸਲ ਕਰ ਲਿਆ ਹੈ, ਉਹ ਸੁਖ ਦੀ ਨੀਂਦ ਸੌਂਦੀਆਂ ਹਨ।

ਮਨ ਦੀ ਅਵਸਥਾ ਦਾ ਸਿੱਧਾ ਅਸਰ ਨੀਂਦ ’ਤੇ ਅਤੇ ਨੀਂਦ ਦਾ ਸਿੱਧਾ ਅਸਰ ਸਿਹਤ ’ਤੇ ਪੈਂਦਾ ਹੈ। ਜਿਸ ਤਰ੍ਹਾਂ ਦੇਹ ਦੀ ਖੁਰਾਕ ਅਨਾਜ ਹੈ, ਉਸੇ ਤਰ੍ਹਾਂ ਦਿਲ ਦੀ ਖੁਰਾਕ ਮੁਹੱਬਤ ਹੈ। ਆਮ ਤੌਰ ’ਤੇ ਸਮਝ ਲਿਆ ਜਾਂਦਾ ਹੈ ਕਿ ਦੇਹ ਦੀ ਖੁਰਾਕ ਦੇਹ ਲਈ ਜਰੂਰੀ ਹੈ, ਦਿਲ ਲਈ ਨਹੀਂ ਅਤੇ ਦਿਲ ਦੀ ਖੁਰਾਕ ਦਿਲ ਲਈ ਜਰੂਰੀ ਹੈ, ਦੇਹ ਲਈ ਨਹੀਂ। ਪਰ ਪਿਆਰੇ ਦੀ ਮੁਹੱਬਤ ਤੋਂ ਬਿਨਾਂ ਨਾ ਭੁੱਖ ਲੱਗਦੀ ਹੈ, ਨਾ ਨੀਂਦ ਆਉਂਦੀ ਹੈ ਤੇ ਨਾ ਤਨ ਦੇ ਵਸਤਰ ਅਰਾਮ ਦਿੰਦੇ ਹਨ: ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨ ਨ ਸੁਖਾਵਏ ॥ ਇਸ ਸਭ ਕਾਸੇ ਦੀ ਅਹਿਮੀਅਤ ਪਿਆਰੇ ਦੇ ਪਿਆਰ ਨਾਲ ਹੀ ਹੁੰਦੀ ਹੈ।

ਪਾਤਸ਼ਾਹ ਅੱਗੇ ਦੱਸਦੇ ਹਨ ਕਿ ਪਿਆਰੇ ਵੱਲੋਂ ਛੱਡੀਆਂ ਹੋਈਆਂ ਦੁਰਭਾਗੀਆਂ ਇਸਤਰੀਆਂ ਬੇਸ਼ੱਕ ਰੇਸ਼ਮ ਦੀਆਂ ਤਲਾਈਆਂ ਵਿਛਾ ਲੈਣ, ਰਜਾਈਆਂ ਲੈ ਲੈਣ, ਅੰਗਾਂ ਦੇ ਕੱਜਣ ਵੀ ਰੇਸ਼ਮੀ ਬਣਾ ਲੈਣ, ਅਰਥਾਤ ਐਸ਼ੋ-ਅਰਾਮ ਦੇ ਜਿੰਨੇ ਮਰਜੀ ਸਾਧਨ ਜੁਟਾ ਲੈਣ, ਤਾਂ ਵੀ ਪਿਆਰੇ ਬਿਨਾਂ ਉਨ੍ਹਾਂ ਦੀ ਰਾਤ ਦੁਖਾਂ ਵਿਚ ਹੀ ਗੁਜ਼ਰਦੀ ਹੈ। ਉਹ ਕਿੰਨੇ ਵੀ ਸੁਆਦੀ ਖਾਣੇ ਖਾ ਲੈਣ ਤੇ ਕਿੰਨੇ ਹੀ ਪਹਿਰਾਵੇ ਬਦਲ ਲੈਣ, ਪਿਆਰੇ ਬਿਨਾਂ ਜੀਵਨ ਵਿਅਰਥ ਚਲਾ ਜਾਂਦਾ ਹੈ ਤੇ ਵਿੱਛੜੀ ਹੋਈ ਇਸਤਰੀ ਝੂਰਦੀ ਹੀ ਰਹਿੰਦੀ ਹੈ।

ਸ਼ਬਦ ਦੇ ਅਖੀਰ ਵਿਚ ਦੁਖੀ ਇਸਤਰੀ ਦੇ ਪ੍ਰਤੀਕ ਰਾਹੀਂ ਮਨੁਖ ਨੂੰ ਉਸ ਦੇ ਵਿਛੋੜੇ ਦੇ ਦੁਖ ਦਾ ਹੱਲ ਦੱਸਿਆ ਗਿਆ ਹੈ ਕਿ ਜੇਕਰ ਉਹ ਗੁਰ-ਸ਼ਬਦ ਦੀ ਵਿਚਾਰ ਕਰ ਲਵੇ ਤਾਂ ਉਸ ਨੂੰ ਸੱਚ ਸਰੂਪ ਆਪਣੇ ਪਰਮ-ਪਿਆਰੇ ਦੇ ਸੱਦੇ ਸੁਣ ਸਕਦੇ ਹਨ ਤੇ ਉਸ ਦੇ ਸੰਗ ਬੈਠਣਾ ਜਾਂ ਵੱਸਣਾ ਵੀ ਸੱਚ ਹੋ ਸਕਦਾ ਹੈ। ਫਿਰ ਉਸ ਨੂੰ ਜਾਣੀ-ਜਾਣ ਦੀ ਪਿਆਰ ਭਰੀ ਨਜਰ ਵੀ ਨਸੀਬ ਹੋ ਸਕਦੀ ਹੈ। ਬਾਣੀ ਦਾ ਫੁਰਮਾਨ ਹੈ: ਸੇਈ ਸੁੰਦਰ ਸੋਹਣੇ ॥ ਸਾਧ ਸੰਗਿ ਜਿਨ ਬੈਹਣੇ ॥ ਅਰਥਾਤ, ਸੋਹਣੇ ਹੋਣ ਦਾ ਪੈਮਾਨਾ ਰੇਸ਼ਮੀ ਓਡਣ ਜਾਂ ਲਿਬਾਸ ਨਹੀਂ ਹੈ, ਬਲਕਿ ਸਾਧ-ਸੰਗਤ ਵਿਚ ਬੈਠਣਾ ਹੀ ਸੋਹਣੇ ਹੋਣਾ ਹੈ।

ਉਕਤ ਮਿਲਾਪ, ਬੈਠਣ ਜਾਂ ਵਸੇਬੇ ਨੂੰ ਗੁਰੂ ਸਾਹਿਬ ਇਕ ਹੋਰ ਪ੍ਰਤੀਕ ਵਿਚ ਪੇਸ਼ ਕਰਦੇ ਹਨ ਕਿ ਜਿਵੇਂ ਗਿਆਨ ਦੇ ਉਪਾਸ਼ਕ ਆਪਣੀ ਦ੍ਰਿਸ਼ਟੀ ਨੂੰ ਸੱਚ ਦੇ ਨਾਲ ਸਾਧ ਕੇ ਉਸ ਦੇਖਣਹਾਰੇ ਨੂੰ ਦੇਖ ਲੈਂਦੇ ਹਨ, ਉਸੇ ਤਰ੍ਹਾਂ ਗੁਰਮੁਖ ਲੋਕ ਸੱਚ ਨੂੰ ਜਾਣ ਲੈਂਦੇ ਹਨ ਤੇ ਆਪਣੀ ਹਉਮੈ ਤੇ ਹੰਕਾਰ ਤੋਂ ਮੁਕਤ ਹੋ ਜਾਂਦੇ ਹਨ।

ਸੱਚ ਦੇ ਅੰਜਨ ਦਾ ਭਾਵ ਆਪਣੀ ਦ੍ਰਿਸ਼ਟੀ ਨੂੰ ਪਾਰਦਰਸ਼ੀ ਅਰਥਾਤ ਪੱਖ-ਪਾਤ ਤੋਂ ਨਿਰਲੇਪ ਕਰਨਾ ਹੈ। ਅਸੀਂ ਅਕਸਰ ਆਪਣੇ ਪੱਖ-ਪਾਤ ਨੂੰ ਹੀ ਗਿਆਨ ਅਨੁਮਾਨ ਲੈਂਦੇ ਹਾਂ ਤੇ ਉਸ ਦੇ ਹਿਸਾਬ ਨਾਲ ਜੀਵਨ ਵਿਚ ਫੈਸਲੇ ਕਰਨ ਲੱਗਦੇ ਹਾਂ। ਅਸਲ ਗਿਆਨੀ ਉਹ ਹਨ, ਜਿਹੜੇ ਸੱਚ ਦਾ ਸੁਰਮਾਂ ਪਾਈ ਰਖਦੇ ਹਨ। ਅਰਥਾਤ, ਆਪਣੇ ਨਿੱਜਤਵ ਤੋਂ ਪਾਰ ਜਾ ਕੇ ਪਾਰਦਰਸ਼ੀ ਸੱਚ ਨੂੰ ਜਾਣ ਲੈਂਦੇ ਹਨ। ਅਜਿਹੇ ਲੋਕ ਹੀ ਆਪਣੇ ਆਪੇ ਦੀ ਪਰਖ ਪੜਚੋਲ ਕਰ ਸਕਦੇ ਹਨ ਤੇ ਆਪਣੀ ਹਉਮੈ ਤੇ ਹੰਕਾਰ ਤੋਂ ਬਚ ਸਕਦੇ ਹਨ।

ਇਸ ਸ਼ਬਦ ਦੇ ਅੰਤਮ ਚਰਣ ਵਿਚ ਪਾਤਸ਼ਾਹ ਪਤੀ ਤੋਂ ਵਿੱਛੜੀ ਹੋਈ ਇਸਤਰੀ ਦੀ ਆਤਮਾ ਵਿਚੋਂ ਬੋਲਦੇ ਹਨ ਕਿ ਉਸ ਪਿਆਰੇ ਨੂੰ ਤਾਂ ਉਹੀ ਜੀਵ-ਇਸਤਰੀਆਂ ਪਿਆਰੀਆਂ ਲੱਗਦੀਆਂ ਹਨ, ਜਿਹੜੀਆਂ ਉਸੇ ਦਾ ਹੀ ਰੂਪ ਹੋ ਗਈਆਂ ਹਨ। ਅਰਥਾਤ, ਜਿਨ੍ਹਾਂ ਨੇ ਆਪਣੇ ਪਿਆਰੇ ਦੀ ਰਜ਼ਾ ਜਾਣ ਲਈ ਹੈ ਤੇ ਆਪਣੇ ਆਪ ਨੂੰ ਉਸ ਦੇ ਅਨੁਸਾਰ ਢਾਲ ਲਿਆ ਹੈ। ਪਰ ਜਿਹੜੀਆਂ ਖੁਦ ਨੂੰ ਬਦਲ ਨਹੀਂ ਸਕੀਆਂ, ਉਹੋ ਜਹੀਆਂ ਅਭਾਗੀਆਂ ਤਾਂ ਬੇਹਿਸਾਬ ਹਨ। ਜਿਨ੍ਹਾਂ ਨੇ ਆਪਣੇ ਆਪ ਨੂੰ ਪਿਆਰੇ ਦੇ ਰੰਗ ਵਿਚ ਰੰਗ ਲਿਆ ਹੈ, ਅਰਥਾਤ ਆਪਣੇ ਪਿਆਰੇ ਦੀ ਖੁਸ਼ੀ ਨੂੰ ਹੀ ਆਪਣੀ ਖੁਸ਼ੀ ਮੰਨ ਲਿਆ ਹੈ, ਉਨ੍ਹਾਂ ਨੂੰ ਉਹ ਪਿਆਰਾ ਕਦੇ ਨਹੀਂ ਵਿਸਾਰਦਾ।

ਬਾਣੀ ਅੰਦਰ ਪਤੀ-ਪਤਨੀ ਦੇ ਪ੍ਰਤੀਕ ਰਾਹੀਂ ਰੱਬੀ-ਮਿਲਾਪ ਦਾ ਸੰਦੇਸ਼ ਦਿੱਤਾ ਗਿਆ ਹੈ ਤੇ ਇਸ ਸ਼ਬਦ ਵਿਚ ਵੀ ਇਸੇ ਪ੍ਰਤੀਕ ਦੀ, ਦਿਲ ਨੂੰ ਬੜਾ ਹੀ ਮੁਤਾਸਰ ਕਰਨ ਵਾਲੇ ਅੰਦਾਜ ਵਿਚ ਵਰਤੋਂ ਹੋਈ ਹੈ। ਇਸ ਸ਼ਬਦ ਨੂੰ ਪੜ੍ਹ ਕੇ, ਮਨ ਦੀ ਦੁਬਿਧਾ ਮੇਟ ਕੇ, ਅਰਥਾਤ ਇਕਾਗਰ-ਚਿੱਤ ਹੋ ਕੇ, ਪਿਆਰੇ ਦੀ ਰਜ਼ਾ ਵਿਚ ਰਹਿਣ ਨੂੰ ਜੀਅ ਕਰਦਾ ਹੈ। ਬਾਣੀ ਦਾ ਇਹੀ ਸੰਦੇਸ਼ ਹੈ।
Tags