Guru Granth Sahib Logo
  
ਗੁਰੂ ਸਾਹਿਬ ਇਸ ਕਰਹਲੇ ਵਿਚ ਊਠਾਂ ਦੇ ਲੱਛਣਾਂ, ਸੁਭਾਅ ਅਤੇ ਨਿਤ ਦੇਸ-ਪਰਦੇਸ ਵਿਚ ਭ੍ਰਮਣ ਨੂੰ ਬੇਮੁਹਾਰ ਤੇ ਸਦਾ ਭਟਕਦੇ ਰਹਿਣ ਵਾਲੇ ਮਨੁਖੀ ਮਨ ਲਈ ਰੂਪਕ ਵਜੋਂ ਵਰਤ ਰਹੇ ਹਨ। ਉਹ ਮਨ ਨੂੰ ਕਦੇ ਪਰਦੇਸੀ, ਕਦੇ ਵਿਚਾਰਵਾਨ, ਕਦੇ ਮਿੱਤਰ, ਸੱਜਣ, ਪਿਆਰਾ ਆਦਿ ਕਹਿ ਕੇ ਪਿਆਰ ਨਾਲ ਸਮਝਾਉਂਦੇ ਹਨ। ਉਸ ਨੂੰ ਉਸ ਦਾ ਮੂਲ ਯਾਦ ਕਰਵਾਉਂਦੇ ਹਨ। ਉਸ ਨੂੰ ਹੱਲਾ-ਸ਼ੇਰੀ ਦੇ ਕੇ ਚੜ੍ਹਦੀ ਕਲਾ ਵਿਚ ਰਹਿਣ ਅਤੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ।
ਰਾਗੁ ਗਉੜੀ ਪੂਰਬੀ   ਮਹਲਾ ੪  ਕਰਹਲੇ
ਸਤਿਗੁਰ ਪ੍ਰਸਾਦਿ

ਕਰਹਲੇ  ਮਨ ਪਰਦੇਸੀਆ   ਕਿਉ ਮਿਲੀਐ ਹਰਿ ਮਾਇ
ਗੁਰੁ ਭਾਗਿ ਪੂਰੈ ਪਾਇਆ   ਗਲਿ ਮਿਲਿਆ ਪਿਆਰਾ ਆਇ ॥੧॥
ਮਨ ਕਰਹਲਾ  ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ
ਮਨ ਕਰਹਲਾ  ਵੀਚਾਰੀਆ   ਹਰਿ ਰਾਮ ਨਾਮ ਧਿਆਇ
ਜਿਥੈ ਲੇਖਾ ਮੰਗੀਐ   ਹਰਿ ਆਪੇ ਲਏ ਛਡਾਇ ॥੨॥
ਮਨ ਕਰਹਲਾ  ਅਤਿ ਨਿਰਮਲਾ   ਮਲੁ ਲਾਗੀ ਹਉਮੈ ਆਇ
ਪਰਤਖਿ ਪਿਰੁ ਘਰਿ ਨਾਲਿ ਪਿਆਰਾ   ਵਿਛੁੜਿ ਚੋਟਾ ਖਾਇ ॥੩॥
ਮਨ ਕਰਹਲਾ  ਮੇਰੇ ਪ੍ਰੀਤਮਾ   ਹਰਿ ਰਿਦੈ ਭਾਲਿ ਭਾਲਾਇ
ਉਪਾਇ ਕਿਤੈ ਲਭਈ   ਗੁਰੁ ਹਿਰਦੈ ਹਰਿ ਦੇਖਾਇ ॥੪॥
ਮਨ ਕਰਹਲਾ  ਮੇਰੇ ਪ੍ਰੀਤਮਾ   ਦਿਨੁ ਰੈਣਿ ਹਰਿ ਲਿਵ ਲਾਇ
ਘਰੁ ਜਾਇ ਪਾਵਹਿ ਰੰਗ ਮਹਲੀ   ਗੁਰੁ ਮੇਲੇ ਹਰਿ ਮੇਲਾਇ ॥੫॥
ਮਨ ਕਰਹਲਾ  ਤੂੰ ਮੀਤੁ ਮੇਰਾ   ਪਾਖੰਡੁ ਲੋਭੁ ਤਜਾਇ
ਪਾਖੰਡਿ ਲੋਭੀ ਮਾਰੀਐ   ਜਮਡੰਡੁ ਦੇਇ ਸਜਾਇ ॥੬॥
ਮਨ ਕਰਹਲਾ  ਮੇਰੇ ਪ੍ਰਾਨ   ਤੂੰ ਮੈਲੁ ਪਾਖੰਡੁ ਭਰਮੁ ਗਵਾਇ
ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ   ਮਿਲਿ ਸੰਗਤੀ ਮਲੁ ਲਹਿ ਜਾਇ ॥੭॥
ਮਨ ਕਰਹਲਾ  ਮੇਰੇ ਪਿਆਰਿਆ   ਇਕ ਗੁਰ ਕੀ ਸਿਖ ਸੁਣਾਇ
ਇਹੁ ਮੋਹੁ ਮਾਇਆ ਪਸਰਿਆ   ਅੰਤਿ ਸਾਥਿ ਕੋਈ ਜਾਇ ॥੮॥
ਮਨ ਕਰਹਲਾ  ਮੇਰੇ ਸਾਜਨਾ   ਹਰਿ ਖਰਚੁ ਲੀਆ  ਪਤਿ ਪਾਇ
ਹਰਿ ਦਰਗਹ ਪੈਨਾਇਆ   ਹਰਿ ਆਪਿ ਲਇਆ ਗਲਿ ਲਾਇ ॥੯॥
ਮਨ ਕਰਹਲਾ  ਗੁਰਿ ਮੰਨਿਆ   ਗੁਰਮੁਖਿ ਕਾਰ ਕਮਾਇ
ਗੁਰ ਆਗੈ ਕਰਿ ਜੋਦੜੀ   ਜਨ ਨਾਨਕ  ਹਰਿ ਮੇਲਾਇ ॥੧੦॥੧॥
-ਗੁਰੂ ਗ੍ਰੰਥ ਸਾਹਿਬ ੨੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਦੂਰ-ਦੁਰਾਡੇ ਦੇਸਾਂ-ਪ੍ਰਦੇਸਾਂ ਦੇ ਭ੍ਰਮਣ ਵਿਚ ਪਏ ਹੋਏ ਊਠ ਦੇ ਰੂਪਕ ਵਿਚ ਮਨ ਨੂੰ ਮੁਖਾਤਬ ਹੋ ਕੇ ਸਵਾਲ ਕੀਤਾ ਗਿਆ ਹੈ ਕਿ ਉਹ ਹਰੀ-ਪ੍ਰਭੂ ਰੂਪ ਮਾਂ ਨੂੰ ਕਿਸ ਤਰ੍ਹਾਂ ਮਿਲੇਗਾ? ਫਿਰ ਨਾਲ ਹੀ ਇਸ ਦਾ ਜਵਾਬ ਦਿੱਤਾ ਗਿਆ ਹੈ ਕਿ ਜਿਸ ਦੇ ਭਾਗ ਵਿਚ ਕੋਈ ਊਣ ਨਾ ਹੋਵੇ, ਉਸ ਨੂੰ ਗੁਰੂ ਮਿਲ ਜਾਂਦਾ ਹੈ। ਫਿਰ ਗੁਰੂ ਸਦਕਾ ਉਸ ਨੂੰ ਪਿਆਰਾ ਪ੍ਰਭੂ ਵੀ ਆਪ ਆ ਕੇ, ਗਲੇ ਲੱਗ ਕੇ ਮਿਲ ਪੈਂਦਾ ਹੈ। 

ਨੋਟ: ਸਵਾਲ ਵਿਚ ਪ੍ਰਭੂ ਨੂੰ ਮਾਂ ਵਜੋਂ ਚਿਤਵਿਆ ਗਿਆ ਸੀ, ਪਰ ਜਵਾਬ ਵਿਚ ਪ੍ਰਭੂ ਪੁਲਿੰਗ ਹੋ ਗਿਆ ਹੈ। ਅਸਲ ਵਿਚ ਪ੍ਰਭੂ ਲਿੰਗ-ਪੁਲਿੰਗ ਤੋਂ ਪਾਰ ਹੈ, ਪਰ ਸਾਡੀ ਭਾਸ਼ਾ ਲਿੰਗ-ਪੁਲਿੰਗ ਦੇ ਅਧੀਨ ਹੈ।

ਮਨ ਵੀ ਊਠ ਦੀ ਤਰ੍ਹਾਂ ਹਮੇਸ਼ਾਂ ਦੂਰ-ਦੁਰਾਡੇ ਭ੍ਰਮਣ ਵਿਚ ਰਹਿੰਦਾ ਹੈ ਤੇ ਪ੍ਰਭੂ-ਪ੍ਰਾਪਤੀ ਲਈ ਇਸ ਨੂੰ ਪੂਰਨ-ਇਕਾਗਰਤਾ ਤੇ ਵਿਰਾਮ ਦੀ ਅਵਸਥਾ ਦੀ ਜਰੂਰਤ ਹੁੰਦੀ ਹੈ। ਇਸ ਲਈ ਊਠ ਦੇ ਰੂਪਕ ਵਿਚ ਮਨ ਨੂੰ ਸਿਖਿਆ ਦਿੱਤੀ ਗਈ ਹੈ ਕਿ ਪ੍ਰਭੂ-ਮਿਲਾਪ ਲਈ ਉਹ ਵੀ ਗੁਰੂ ਨੂੰ ਆਪਣੇ ਧਿਆਨ ਵਿਚ ਰਖੇ। ਇਹ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਇਸ ਊਠ ਰੂਪੀ ਮਨ ਨੂੰ ਜਗਾਇਆ ਗਿਆ ਹੈ ਕਿ ਉਹ ਊਠ ਨਹੀਂ, ਵਿਚਾਰਵਾਨ ਹੈ। ਇਸ ਕਰਕੇ ਉਸ ਨੂੰ ਚਾਹੀਦਾ ਹੈ ਕਿ ਉਹ ਦੂਰ-ਦੁਰਾਡੇ ਭ੍ਰਮਣ ਦੀ ਬਜਾਏ ਪ੍ਰਭੂ ਦੇ ਨਾਮ-ਸਿਮਰਨ ਵਿਚ ਧਿਆਨ ਲਾ ਕੇ ਰਖੇ।

ਮਨ ਦੀ ਭੱਜ-ਦੌੜ ਦਾ ਕਾਰਣ ਕੋਈ ਫਿਕਰ ਹੁੰਦਾ ਹੈ। ਇਸ ਕਰਕੇ ਮਨ ਨੂੰ ਨਿਸ਼ਚਿੰਤ ਹੋ ਕੇ ਨਾਮ-ਸਿਮਰਨ ਕਰਨ ਲਈ ਦੱਸਿਆ ਗਿਆ ਹੈ ਕਿ ਜਿਥੇ ਵੀ ਕਿਸੇ ਹਿਸਾਬ ਕਿਤਾਬ ਦੀ ਪੁੱਛ-ਗਿੱਛ ਹੋਈ ਪ੍ਰਭੂ ਆਪ ਹੀ ਉਸ ਨੂੰ ਛਡਾ ਲਵੇਗਾ।

ਬੇਸ਼ੱਕ ਊਠ ਭ੍ਰਮਣ ਵਿਚ ਰਹਿੰਦਾ ਹੈ, ਪਰ ਉਹ ਖਰੂਦ ਮਚਾਉਣ ਵਾਲਾ ਪਸ਼ੂ ਨਹੀਂ ਹੈ। ਇਸੇ ਤਰ੍ਹਾਂ ਮਨ ਨੂੰ ਵੀ ਊਠ ਵਾਂਗ ਬੇਹੱਦ ਸਾਫ-ਚਿੱਤ ਦੱਸਿਆ ਗਿਆ ਹੈ। ਪਰ ਨਾਲ ਇਹ ਵੀ ਦੱਸਿਆ ਗਿਆ ਹੈ ਜਦ ਮਨ ਵਿਚ ਹਉਮੈ ਦਾ ਭਾਵ ਜਾਗ ਪੈਂਦਾ ਹੈ ਤਾਂ ਇਹ ਸਾਫ ਮਨ ਮੈਲਾ ਹੋ ਜਾਂਦਾ ਹੈ।

ਹੰਕਾਰ ਭਾਵ ਨਾਲ ਮੈਲੇ ਹੋਏ ਮਨ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਇਹ ਸਪਸ਼ਟ ਰੂਪ ਵਿਚ ਆਪਣੇ ਅੰਦਰ ਵਸਣ ਵਾਲੇ ਪਿਆਰੇ ਮਾਲਕ ਤੋਂ ਵਿਛੜ ਜਾਂਦਾ ਹੈ ਤੇ ਭਟਕਣ ਵਿਚ ਪਿਆ ਹੋਇਆ ਸੱਟਾਂ ਸਹਿੰਦਾ ਹੋਇਆ ਦੁਖ ਭੋਗਦਾ ਹੈ। 

ਇਸ ਲਈ ਭਟਕਣ ਵਿਚ ਪਏ ਹੋਏ ਊਠ ਰੂਪੀ ਮਨ ਨੂੰ ਆਪਣੇ ਪਿਆਰੇ ਸੱਜਣ ਵਜੋਂ ਮੁਖਾਤਿਬ ਹੋ ਕੇ ਕਿਹਾ ਗਿਆ ਹੈ ਕਿ ਉਹ ਪ੍ਰਭੂ ਨੂੰ ਬਾਹਰ ਭਾਲਣ ਦੀ ਬਜਾਏ ਆਪਣੇ ਹਿਰਦੇ ਅੰਦਰ ਹੀ ਖੋਜੇ।

ਫਿਰ ਦੱਸਿਆ ਗਿਆ ਹੈ ਕਿ ਇਹ ਮਨ ਆਪਣੇ ਆਪ ਯਤਨ ਕਰਨ ਨਾਲ ਪ੍ਰਭੂ ਨੂੰ ਕਿਤੇ ਵੀ ਲਭ ਨਹੀਂ ਸਕਦਾ, ਜਦ ਤਕ ਗੁਰੂ ਇਸ ਨੂੰ ਇਸ ਦੇ ਹਿਰਦੇ ਅੰਦਰ ਹੀ ਪ੍ਰਭੂ ਦੇ ਦੀਦਾਰ ਨਾ ਕਰਵਾ ਦੇਵੇ। ਭਾਵ, ਗੁਰੂ ਬਿਨਾਂ ਪ੍ਰਭੂ ਨਹੀਂ ਮਿਲ ਸਕਦਾ।

ਮਨ ਨੂੰ ਫਿਰ ਊਠ ਵਜੋਂ ਮੁਖਾਤਬ ਹੁੰਦੇ ਹੋਏ ਕਿਹਾ ਗਿਆ ਹੈ ਕਿ ਹੇ ਮੇਰੇ ਪਿਆਰੇ ਤੂੰ ਰਾਤ-ਦਿਨ ਲਗਾਤਾਰ ਪ੍ਰਭੂ ਨਾਲ ਦਿਲ ਦੀ ਸਾਂਝ ਬਣਾ ਕੇ ਰਖ, ਭਾਵ ਹਮੇਸ਼ਾ ਉਸ ਨੂੰ ਆਪਣੇ ਚੇਤੇ ਵਿਚ ਵਸਾਈ ਰਖ। 

ਜਿਨ੍ਹਾਂ ਨੂੰ ਗੁਰੂ ਮੇਲ ਦਿੰਦਾ ਹੈ, ਭਾਵ ਪ੍ਰਭੂ ਨਾਲ ਮਿਲਾਪ ਕਰਵਾ ਦਿੰਦਾ ਹੈ, ਉਹ ਆਪਣੇ ਘਰ, ਨਿਜ ਸਰੂਪ ਵਿਚ ਪ੍ਰਵੇਸ਼ ਕਰ ਜਾਂਦੇ ਹਨ ਤੇ ਉਸ ਮਹਾਨ ਘਰ ਵਿਚ ਅਨੰਦ ਨਾਲ ਜੀਵਨ ਬਸਰ ਕਰਦੇ ਹਨ।

ਮਨ ਨੂੰ ਭ੍ਰਮਣ ਵਿਚ ਵਿਅਰਥ ਜੀਵਨ ਬਤੀਤ ਕਰਨ ਵਾਲੇ ਊਠ ਵਜੋਂ ਮੁਖਾਤਿਬ ਹੋ ਕੇ ਦੱਸਿਆ ਗਿਆ ਹੈ ਕਿ ਤੂੰ ਮੇਰਾ ਮਿੱਤਰ ਹੈਂ ਤੇ ਲੋਭ ਅਤੇ ਪਖੰਡ ਆਦਿ ਕਰਮ ਤੈਨੂੰ ਸੋਭਾ ਨਹੀਂ ਦਿੰਦੇ, ਜਿਸ ਕਰਕੇ ਅਜਿਹੇ ਕੰਮ ਛੱਡ ਦੇਣੇ ਚਾਹੀਦੇ ਹਨ। 

ਫਿਰ ਦੱਸਿਆ ਗਿਆ ਹੈ ਕਿ ਪਖੰਡ ਅਤੇ ਲੋਭ ਦੀ ਪ੍ਰਵਿਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਜਿਹੜੇ ਲੋਭ-ਲਾਲਚ ਤੇ ਪਖੰਡ ਭਰਪੂਰ ਪ੍ਰਵਿਰਤੀ ਦਾ ਤਿਆਗ ਨਹੀਂ ਕਰਦੇ, ਉਨ੍ਹਾਂ ਨੂੰ ਮੌਤ ਦੇ ਡੰਡੇ ਦੀ ਸਖਤ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵ, ਉਨ੍ਹਾਂ ਨੂੰ ਮੌਤ ਦਾ ਡਰ ਹਰ ਵੇਲੇ ਡਰਾਉਂਦਾ ਅਤੇ ਦੁਖੀ ਕਰਦਾ ਰਹਿੰਦਾ ਹੈ।

ਫਿਰ ਇਸ ਮਨ ਰੂਪ ਊਠ ਨੂੰ ਸਮਝਾਇਆ ਗਿਆ ਹੈ ਕਿ ਤੂੰ ਮੈਨੂੰ ਸਾਹਾਂ ਦੀ ਤਰ੍ਹਾਂ ਪਿਆਰਾ ਹੈਂ। ਇਸ ਕਰਕੇ ਪਿਆਰ ਭਰੀ ਸਲਾਹ ਹੈ ਕਿ ਤੂੰ ਬੁਰੀ ਨੀਅਤ ਦਾ ਤਿਆਗ ਕਰ, ਦੋਹਰੇ ਮਾਪਦੰਡ ਛੱਡ ਦੇ ਤੇ ਕਿਸੇ ਵਹਿਮ ਭਰਮ ਵਿਚ ਨਾ ਰਹਿ। 

ਮਨ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਗੁਰੂ ਨੇ ਪ੍ਰਭੂ ਦੇ ਨਾਮ ਰੂਪ ਅੰਮ੍ਰਿਤ ਦਾ ਸਰੋਵਰ ਤਿਆਰ ਕੀਤਾ ਹੈ, ਜਿਥੇ ਮਿਲਜੁਲ ਕੇ, ਭਾਵ ਵਿਚਾਰ-ਚਰਚਾ ਮੰਥਨ ਕਰਨ ਨਾਲ ਬੁਰੇ ਵਿਚਾਰਾਂ ਦੀ ਮੈਲ ਲੱਥ ਜਾਂਦੀ ਹੈ।

ਫਿਰ ਇਸ ਮਨ ਰੂਪ ਊਠ ਨੂੰ ਪ੍ਰੇਰਨਾ ਕੀਤੀ ਗਈ ਹੈ ਕਿ ਹੇ ਮੇਰੇ ਪਿਆਰੇ ਤੂੰ ਇਕ ਵਾਰੀ ਉਪਰੋਕਤ ਅੰਮ੍ਰਿਤ ਸਰੋਵਰ ਵਿਚ ਆ ਕੇ ਗੁਰੂ ਦਾ ਕੋਈ ਵੀ ਵਿਚਾਰ ਸੁਣ ਕੇ ਦੇਖ। ਭਾਵ, ਇਕ ਵਾਰੀ ਆ ਤਾਂ ਸਹੀ।

ਫਿਰ ਉਸ ਨੂੰ ਦੱਸਿਆ ਗਿਆ ਹੈ ਕਿ ਇਹ ਜੋ ਪਦਾਰਥ ਦੇ ਲੋਭ ਅਤੇ ਸਮਾਜਕ ਰਿਸ਼ਤਿਆਂ ਦੇ ਮੋਹ ਦਾ ਪਸਾਰਾ ਹੈ, ਇਹ ਸਾਡੇ ਅੰਤ ਵਿਚ ਸਹਾਇਤਾ ਨਹੀਂ ਕਰਦਾ ਤੇ ਜੀਵਨ ਵਿਚ ਹੀ ਸਾਥ ਛੱਡ ਜਾਂਦਾ ਹੈ। 

ਫਿਰ ਊਠ ਰੂਪ ਮਨ ਨੂੰ ਆਪਣੇ ਸੱਜਣ ਵਜੋਂ ਮੁਖਤਿਬ ਹੋ ਕੇ ਦੱਸਿਆ ਗਿਆ ਹੈ ਕਿ ਲੋਭ-ਲਾਲਚ ਤੇ ਮੋਹ-ਮਾਇਆ ਦੀ ਬਜਾਏ ਜਿਹੜੇ ਪ੍ਰਭੂ ਦੇ ਸਿਮਰਨ ਦੀ ਪੂੰਜੀ ਜਮਾਂ ਕਰਦੇ ਹੋਏ ਜੀਵਨ ਬਸਰ ਕਰਦੇ ਹਨ, ਉਨ੍ਹਾਂ ਨੂੰ ਇੱਜਤ-ਮਾਣ ਨਸੀਬ ਹੁੰਦਾ ਹੈ।

ਉਨ੍ਹਾਂ ਨੂੰ ਪ੍ਰਭੂ ਆਪਣੇ ਦਰਬਾਰ ਵਿਚ ਇੱਜਤ-ਮਾਣ ਨਾਲ ਅਸਲੋਂ ਹੀ ਨਵਾਂ ਰੂਪ ਬਖਸ਼ ਦਿੰਦਾ ਹੈ ਤੇ ਆਪਣੇ ਗਲ ਨਾਲ ਲਾ ਲੈਂਦਾ ਹੈ। ਭਾਵ, ਆਪਣੇ ਨਾਲ ਮੇਲ ਲੈਂਦਾ ਹੈ।

ਫਿਰ ਭਟਕਣ ਵਿਚ ਪਏ ਹੋਏ ਊਠ ਰੂਪ ਮਨ ਨੂੰ ਨਸੀਹਤ ਦਿੱਤੀ ਗਈ ਹੈ ਕਿ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲੇ ਆਪਣੇ ਜੀਵਨ ਦੇ ਕਾਰ-ਵਿਹਾਰ ਕਰਦੇ ਹੋਏ ਆਪਣਾ ਮੁਖ ਗੁਰੂ ਵੱਲ ਕਰੀ ਰਖਦੇ ਹਨ। ਭਾਵ, ਜੀਵਨ ਬਸਰ ਕਰਦੇ ਹੋਏ ਗੁਰੂ ਦੀ ਸਿੱਖਿਆ ਨੂੰ ਹਮੇਸ਼ਾ ਸਾਹਮਣੇ ਰਖਦੇ ਹਨ।

ਇਸ ਸ਼ਬਦ ਦੇ ਅਖੀਰ ਵਿਚ ਭ੍ਰਮਣ ਵਿਚ ਉਲਝੇ ਹੋਏ ਮਨ ਨੂੰ ਪ੍ਰੇਰਨਾ ਦਿੱਤੀ ਗਈ ਹੈ ਕਿ ਉਹ ਗੁਰੂ ਦੇ ਅੱਗੇ ਅਰਦਾਸ ਕਰੇ ਕਿ ਗੁਰੂ ਉਸ ਨੂੰ ਆਪਣੇ ਪਿਆਰਿਆਂ ਦੀ ਤਰ੍ਹਾਂ ਪ੍ਰਭੂ ਨਾਲ ਮਿਲਾ ਦੇਵੇ।
Tags