ਇਸ ਸ਼ਬਦ ਵਿਚ ਨਾਮ-ਅੰਮ੍ਰਿਤ ਪੀਣ ਦਾ ਉਪਦੇਸ਼ ਹੈ। ਪਰ ਇਹ
ਅੰਮ੍ਰਿਤ ਉਹੀ ਪੀ ਸਕਦਾ ਹੈ, ਜਿਸ ਨੂੰ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ। ਇਸ ਯੋਗ ਬਨਣ ਲਈ ਆਪਾ-ਭਾਵ ਤਿਆਗ ਕੇ ਕੇਵਲ ਇਕ ਪ੍ਰਭੂ ’ਤੇ ਹੀ ਪੂਰਨ ਭਰੋਸਾ ਰਖਣਾ ਪੈਂਦਾ ਹੈ।
ਮਾਰੂ ਮਹਲਾ ੫ ॥
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥
-ਗੁਰੂ ਗ੍ਰੰਥ ਸਾਹਿਬ ੧੦੦੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪੰਚਮ ਪਾਤਸ਼ਾਹ ਆਦੇਸ਼ ਰੂਪ ਵਿਚ ਬਚਨ ਕਰਦੇ ਹਨ ਕਿ ਮਨੁਖ ਜੇਕਰ ਆਪਣੇ ਹਉਂ-ਭਾਵ ਵਾਲੇ ਆਪੇ ਤੋਂ ਨਿਜਾਤ ਪਾ ਲਵੇ ਤਾਂ ਉਸ ਦੇ ਤਮਾਮ ਤਾਪ ਦੂਰ ਹੋ ਸਕਦੇ ਹਨ। ਇਥੇ ਤਾਪ ਦਾ ਅਰਥ ਉਹ ਗਰਮੀ ਹੈ, ਜੋ ਮਨ ਵਿਚਲੇ ਮੈਂ ਹੀ ਮੈਂ ਜਿਹੇ ਅਹੰ-ਭਾਵ ਕਾਰਣ ਉਪਜਦੀ ਹੈ ਤੇ ਸਾਡੇ ਤਨ ਦੇ ਤਮਾਮ ਰੋਗਾਂ ਦਾ ਕਾਰਣ ਬਣਦੀ ਹੈ। ਪਾਤਸ਼ਾਹ ਇਸ ਅਵਸਥਾ ਨੂੰ ਹੋਰ ਉਦਾਹਰਣ ਰਾਹੀਂ ਬਿਆਨ ਕਰਦੇ ਹਨ ਕਿ ਹਉਂ ਦਾ ਤਿਆਗ ਤਦ ਸੰਭਵ ਹੋ ਸਕਦਾ ਹੈ, ਜੇ ਅਸੀਂ ਗੁਰ-ਸ਼ਬਦ ਨਾਲ ਜੁੜੇ ਲੋਕਾਂ ਦੀ ਸੰਗਤ ਕਰੀਏ ਤੇ ਆਪਣੇ-ਆਪ ਨੂੰ ਏਨੀ ਨਿਰਮਾਣਤਾ ਤੇ ਨਿਮਰਤਾ ਵਿਚ ਰਖੀਏ, ਜਿਵੇਂ ਉਨ੍ਹਾਂ ਦੇ ਪੈਰਾਂ ਹੇਠਲੀ ਧੂੜ ਹੋਵੇ।
ਫਿਰ ਅਜਿਹੇ ਸਾਧਕ ਦੇ ਮਨ ਵਿਚ ਹੀ ਪ੍ਰਭੂ-ਪਿਆਰੇ ਦੇ ਨਾਮ-ਰੂਪੀ ਯਾਦ ਵਸਦੀ ਹੈ, ਕਿਉਂਕਿ ਪ੍ਰਭੂ ਹਰੀ ਅਜਿਹੇ ਸੱਜਣ ਪੁਰਸ਼ ਨੂੰ ਪ੍ਰਭੂ ਪਿਆਰਾ ਕਿਰਪਾ ਕਰਕੇ ਆਪਣੇ ਨਾਮ-ਰੂਪੀ ਯਾਦ ਦੀ ਦਾਤ ਬਖਸ਼ਦਾ ਹੈ।
ਇਸ ਲਈ ਪਾਤਸ਼ਾਹ ਆਪਣੇ ਮਨ ਰਾਹੀਂ ਮਨੁਖ ਨੂੰ, ਹਰ ਤਰ੍ਹਾਂ ਦੇ ਹੋਛੇ ਰਸਾਂ ਦੀ ਖਿੱਚ ਨੂੰ ਤਿਆਗ ਕੇ, ਪ੍ਰਭੂ ਪਿਆਰੇ ਦਾ ਨਾਮ-ਰੂਪੀ ਅੰਮ੍ਰਿਤ ਪੀਣ ਲਈ ਆਦੇਸ਼ ਕਰਦੇ ਹਨ, ਤਾਂ ਜੋ ਮਨੁਖ ਇਸ ਵਿਸ਼ਵਾਸ ਵਿਚ ਜੀ ਸਕੇ, ਜਿਵੇਂ ਉਸ ਨੂੰ ਜੁਗ-ਜੁਗ ਜੀਣ ਜਿਹਾ ਅਮਰਪਦ ਪ੍ਰਾਪਤ ਹੋ ਗਿਆ ਹੋਵੇ।
ਪਾਤਸ਼ਾਹ ਬਚਨ ਕਰਦੇ ਹਨ ਕਿ ਜਿਸ ਮਨੁਖ ਦੀ ਵੀ ਪ੍ਰਭੂ-ਪਿਆਰੇ ਦੀ ਯਾਦ ਨਾਲ ਲਿਵ ਲੱਗ ਜਾਂਦੀ ਹੈ, ਉਸ ਦੇ ਲਈ ਨਾਮ ਹੀ ਜੀਵਨ ਦਾ ਇਕੋ-ਇਕ ਰਸ ਹੋ ਜਾਂਦਾ ਹੈ ਤੇ ਨਾਮ ਹੀ ਹਰ ਤਰ੍ਹਾਂ ਦੇ ਮਨੋਰੰਜਨ ਦਾ ਸਾਧਨ ਹੁੰਦਾ ਹੈ। ਅਸਲ ਵਿਚ ਆਪਣੇ ਪਿਆਰੇ ਨੂੰ ਨਾਮ ਨਾਲ ਹੀ ਯਾਦ ਕੀਤਾ ਜਾਂਦਾ ਹੈ ਤੇ ਉਸ ਦੀ ਯਾਦ ਹੀ ਜੀਵਨ ਦਾ ਇਕੋ-ਇਕ ਸਰੋਕਾਰ ਹੋ ਜਾਂਦਾ ਹੈ। ਫਿਰ ਉਸੇ ਵਿਚੋਂ ਸਭ ਰੰਗ ਨਜ਼ਰ ਆਉਂਦੇ ਹਨ ਤੇ ਉਸੇ ਵਿਚੋਂ ਹਰੇਕ ਰਸ ਦੀ ਪ੍ਰਾਪਤੀ ਹੁੰਦੀ ਹੈ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਨਾਲ ਲਿਵ ਲਾਉਣ ਵਾਲੇ ਮਨੁਖ ਲਈ ਆਪਣੇ ਮਿੱਤਰ, ਸੱਜਣ, ਸਨੇਹੀ ਅਤੇ ਰਿਸ਼ਤੇਦਾਰ ਸਭ ਦੇ ਸਭ ਉਸ ਪਿਆਰੇ ਦਾ ਰੂਪ ਵਟਾ ਲੈਂਦੇ ਹਨ ਤੇ ਹਰ ਕੋਈ ਉਸੇ ਦਾ ਰੂਪ ਨਜ਼ਰ ਆਉਂਦਾ ਹੈ।