ਇਸ ਪਦੇ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਸਿੱਧਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ, ਜਿਸ ਦਾ ਤੱਤ-ਸਾਰ ਇਹ ਹੈ ਕਿ ਜਦੋਂ ਮਨ ਦੀ ਭਟਕਣਾ ਮਿਟ ਜਾਂਦੀ ਹੈ ਤਾਂ ਇਕ-ਰਸ ਵਿਆਪਕ ਰੱਬੀ-ਜੋਤ ਦਾ ਅਨੁਭਵ ਹੋ ਜਾਂਦਾ ਹੈ। ਪਰ ਅਜਿਹਾ ਗੁਰ-ਸ਼ਬਦ ਦੀ ਬਰਕਤ ਸਦਕਾ ਹੀ ਸੰਭਵ ਹੁੰਦਾ ਹੈ।
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
ਅਨਹਤਿ ਰਾਤੇ ਇਹੁ ਮਨੁ ਲਾਇਆ ॥
ਮਨਸਾ ਆਸਾ ਸਬਦਿ ਜਲਾਈ ॥
ਗੁਰਮੁਖਿ ਜੋਤਿ ਨਿਰੰਤਰਿ ਪਾਈ ॥
ਤ੍ਰੈ ਗੁਣ ਮੇਟੇ ਖਾਈਐ ਸਾਰੁ ॥
ਨਾਨਕ ਤਾਰੇ ਤਾਰਣਹਾਰੁ ॥੨੦॥
-ਗੁਰੂ ਗ੍ਰੰਥ ਸਾਹਿਬ ੯੪੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦਾ ਭਾਵ ਸਮਝਣ ਲਈ ਦ੍ਵਿਜ ਸ਼ਬਦ ਦਾ ਅਰਥ ਜਾਣਨਾ ਲਾਹੇਵੰਦ ਰਹੇਗਾ। ਦ੍ਵਿਜ ਉਸ ਮਨੁਖ ਨੂੰ ਕਹਿੰਦੇ ਹਨ, ਜਿਸ ਦਾ ਦੂਸਰਾ ਜਨਮ ਹੋਇਆ ਹੋਵੇ। ਮਨੁਖ ਦਾ ਪਹਿਲਾ ਜਨਮ ਮਾਂ-ਬਾਪ ਦੇ ਘਰ ਹੁੰਦਾ ਹੈ ਤੇ ਦੂਸਰਾ ਜਨਮ ਗੁਰੂ ਦੇ ਗ੍ਰਹਿ ਵਿਖੇ ਹੁੰਦਾ ਹੈ। ਇਹ ਤਕਰੀਬਨ ਸਤ ਸਾਲ ਦੀ ਉਮਰ ਹੁੰਦੀ ਹੈ, ਜਿਸ ਨੂੰ ਅਸੀਂ ਅਕਸਰ ਸੁਰਤ ਆਉਣ ਦੀ ਉਮਰ ਕਹਿੰਦੇ ਹਾਂ। ਬੱਚੇ ਦੀ ਇਹੀ ਉਮਰ ਸਕੂਲ ਜਾਣ ਦੀ ਹੁੰਦੀ ਹੈ। ਇਸ ਤੋਂ ਪਹਿਲਾਂ ਬੱਚਾ ਆਪਣੇ ਮਨ ਭਾਉਂਦਾ ਖਾਣ-ਪੀਣ ਅਤੇ ਕਰਨ-ਕਰਾਉਣ ਦੀ ਅੜੀ ਕਰਦਾ ਹੈ। ਫਿਰ ਗੁਰੂ ਦੇ ਗ੍ਰਹਿ ਵਿਖੇ ਉਸ ਦਾ ਦੂਸਰਾ ਜਨਮ ਹੋਣ ਜਾਂ ਸਕੂਲ ਦਾਖਲ ਹੋਣ ਉਪਰੰਤ ਉਸ ਨੇ ਉਹ ਨਹੀਂ ਕਰਨਾ ਹੁੰਦਾ ਹੈ, ਜੋ ਉਹ ਚਾਹੁੰਦਾ ਹੈ, ਬਲਕਿ ਉਹ ਕਰਨਾ ਹੁੰਦਾ ਹੈ, ਜੋ ਉਸ ਨੂੰ ਕਰਨਾ ਚਾਹੀਦਾ ਹੈ। ਪਹਿਲੇ ਅਤੇ ਦੂਸਰੇ ਜਨਮ ਵਿਚ ਸਿਰਫ ਚਾਹੁੰਦਾ ਅਤੇ ਚਾਹੀਦਾ ਜਿੰਨਾ ਅੰਤਰ ਹੈ।
ਇਸ ਸ਼ਬਦ ਵਿਚ ਗੁਰੂ ਨਾਨਕ ਪਾਤਸ਼ਾਹ ਦੱਸਦੇ ਹਨ ਕਿ ਉਨ੍ਹਾਂ ਦਾ ਦੂਸਰਾ ਜਨਮ ਆਪਣੇ ਅਸਲ ਸੱਚ-ਸਰੂਪ ਗੁਰੂ ਦੇ ਗ੍ਰਹਿ ਵਿਖੇ ਹੋ ਗਿਆ ਹੈ। ਕਿਉਂਕਿ ਪਾਤਸ਼ਾਹ ਆਪਣੀ ਦੈਵੀ ਸਮਰੱਥਾ ਰਾਹੀਂ ਪ੍ਰਭੂ ਪਿਆਰੇ ਦਾ ਸੱਚ-ਸਰੂਪ ਸ਼ਬਦ ਸਰਵਣ ਤੇ ਪ੍ਰਸਾਰਣ ਕਰਦੇ ਹਨ, ਜਿਸ ਸਦਕਾ ਉਨ੍ਹਾਂ ਦੇ ਅੰਦਰ ਜੀਵਨ ਵਿਚ ਆਉਣ ਅਤੇ ਜਾਣ ਦਾ ਦੁਖ ਮਿਟ ਗਿਆ ਹੈ। ਮਨੁਖ ਦੇ ਦੁਖ ਦਾ ਵੱਡਾ ਕਾਰਣ ਮੌਤ ਹੈ, ਭਾਵ ਉਸ ਨੇ ਸੰਸਾਰ ਛੱਡ ਕੇ ਚਲਿਆ ਜਾਣਾ ਹੈ ਤੇ ਇਹ ਸੰਤਾਪ ਇਸ ਕਰਕੇ ਹੈ ਕਿ ਉਹ ਇਸ ਜੀਵਨ ਵਿਚ ਆਇਆ ਹੈ; ਨਾ ਆਉਂਦਾ ਤਾਂ ਜਾਣਾ ਵੀ ਨਾ ਪੈਂਦਾ। ਮੌਤ ਦਾ ਇਹ ਦੁਖ ਪ੍ਰਭੂ ਪਿਆਰੇ ਦੇ ਸ਼ਬਦ ਰਾਹੀਂ ਹੀ ਮਿਟਦਾ ਹੈ।
ਅਨਹਤ ਹੁੰਦਾ ਹੈ, ਜਿਸ ਵਿਚ ਕੰਨਾਂ ਨਾਲ ਸੁਣੀ ਜਾ ਸਕਣ ਵਾਲੀ ਕੋਈ ਧੁਨੀ ਨਾ ਹੋਵੇ। ਇਸੇ ਲਈ ਪ੍ਰਭੂ ਪਿਆਰੇ ਦੇ ਸ਼ਬਦ ਨੂੰ ਅਨਹਤ ਸ਼ਬਦ ਕਹਿੰਦੇ ਹਨ, ਜਿਸ ਨੂੰ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ। ਉਸ ਨੂੰ ਸੁਨਣ ਲਈ ਸੁਰਤ ਰੂਪੀ ਕੰਨਾਂ ਦੀ ਲੋੜ ਹੁੰਦੀ ਹੈ। ਪਾਤਸ਼ਾਹ ਦੱਸਦੇ ਹਨ ਕਿ ਜਦੋਂ ਦਾ ਉਨ੍ਹਾਂ ਨੇ ਆਪਣਾ ਮਨ, ਉਸ ਸੱਚ-ਸਰੂਪ ਪ੍ਰਭੂ ਪਿਆਰੇ ਦੇ ਸ਼ਬਦ ਨਾਲ ਜੋੜ ਲਿਆ ਹੈ, ਉਦੋਂ ਦੇ ਹੀ ਉਹ ਉਸ ਪਰਮ-ਪਿਆਰੇ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਗੁਰੂ ਦੇ ਗ੍ਰਹਿ ਵਿਖੇ ਹੋਏ ਇਸ ਦੂਸਰੇ ਜਨਮ ਤੋਂ ਪਹਿਲਾਂ ਮਨ ਵਿਚ ਪੈਦਾ ਹੋਣ ਵਾਲੀ ਹਰ ਇੱਛਾ ਸੱਚ-ਸਰੂਪ ਗੁਰੂ ਦੇ ਸ਼ਬਦ ਨੇ ਸਾੜ ਕੇ ਰਾਖ ਕਰ ਦਿੱਤੀ ਹੈ। ਹੁਣ ਮਨ ਦਾ ਨਿਜਭਾਵ ਸਮਾਪਤ ਹੋ ਗਿਆ ਹੈ ਤੇ ਪ੍ਰਭੂ ਪਿਆਰ ਪ੍ਰਮੁੱਖ ਹੋ ਗਿਆ ਹੈ, ਜਿਸ ਸਦਕਾ ਸਾਰੀ ਕਾਇਨਾਤ ਆਪਣੀ ਹੋ ਗਈ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਵੱਲ ਮੁਖ ਕੀਤਿਆਂ ਅਹਿਸਾਸ ਹੁੰਦਾ ਹੈ ਕਿ ਉਹ ਪ੍ਰਭੂ ਪਿਆਰਾ ਆਪਣੇ ਜੋਤ-ਰੂਪ ਵਿਚ ਹਰ ਥਾਂ ਮੌਜੂਦ ਹੈ। ਕੋਈ ਥਾਂ ਅਜਿਹੀ ਨਹੀਂ ਜਿਥੇ ਉਹ ਨਹੀਂ ਹੈ।
ਸਾਂਖ ਸ਼ਾਸਤਰ ਅਨੁਸਾਰ ਇਹ ਜਗਤ ਮਾਇਆ ਦੇ ਸਤੋ, ਰਜੋ ਅਤੇ ਤਮੋ ਨਾਮਕ ਤਿੰਨ ਗੁਣਾਂ ਦਾ ਵਰਤਾਰਾ ਅਤੇ ਪਸਾਰਾ ਹੈ, ਜਿਸ ਨੂੰ ਸਮੇਟਣਾ ਲੋਹਾ ਖਾਣ ਦੇ ਤੁੱਲ ਹੈ। ਪਰ ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਨ੍ਹਾਂ ਨੇ ਪ੍ਰਭੂ ਪਿਆਰੇ ਦੇ ਸ਼ਬਦ ਦੀ ਬਖਸ਼ਿਸ਼ ਨਾਲ ਮਾਇਆ ਦੇ ਇਹ ਤਿੰਨੇ ਰੂਪ ਸ਼ਾਂਤ ਕਰ ਦਿੱਤੇ ਹਨ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਜਿਹੀ ਪ੍ਰਾਪਤੀ ਭਵਜਲ ਤਰਨ ਵਰਗੀ ਹੁੰਦੀ ਹੈ ਤੇ ਉਸ ਨੂੰ ਤਾਰਨ ਵਾਲਾ ਪ੍ਰਭੂ ਹੈ। ਇਸੇ ਕਰਕੇ ਜਿਸ ਨੂੰ ਉਹ ਖੁਦ ਤਾਰੇ ਉਹੀ ਤਰ ਸਕਦਾ ਹੈ।