ਇਸ
ਪਉੜੀ ਵਿਚ ਵਰਨਣ ਹੈ ਕਿ ਅਨੰਦ-ਪ੍ਰਾਪਤੀ ਦਾ ਸੋਮਾ
ਨਾਮ ਰੂਪੀ ਅੰਮ੍ਰਿਤ ਹੈ, ਜਿਸ ਦੀ ਭਾਲ ਦੇਵਤੇ, ਮਨੁਖ, ਮੁਨੀ-ਜਨ ਆਦਿ ਚਿਰਾਂ ਤੋਂ ਕਰਦੇ ਆ ਰਹੇ ਹਨ। ਨਾਮ ਰੂਪੀ ਇਹ
ਅੰਮ੍ਰਿਤ ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਾਪਤ ਹੁੰਦਾ ਹੈ। ਇਸ ਦੀ ਪ੍ਰਾਪਤੀ ਨਾਲ ਲਬ, ਲੋਭ, ਹੰਕਾਰ ਆਦਿ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਸੱਚਾ ਪ੍ਰਭੂ ਮਨ ਵਿਚ ਵੱਸ ਜਾਂਦਾ ਹੈ।
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥
ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥
ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥
ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
-ਗੁਰੂ ਗ੍ਰੰਥ ਸਾਹਿਬ ੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਨਮ ਅਤੇ ਮਰਨ ਮਨੁਖੀ ਜੀਵਨ ਦੀਆਂ ਦੋ ਅਹਿਮ ਘਟਨਾਵਾਂ ਹਨ। ਪਹਿਲੇ ਸਾਹ ਦਾ ਆਉਣਾ ਜਨਮ ਹੈ ਤੇ ਆਖਰੀ ਸਾਹ ਦਾ ਨਿਕਲਣਾ ਮੌਤ ਹੈ। ਜਨਮ ਅਤੇ ਮੌਤ ਅਸਲ ਵਿਚ ਜੀਵਨ ਦਾ ਪਹਿਲਾ ਅਤੇ ਆਖਰੀ ਪਲ ਹੈ। ਬੇਸ਼ੱਕ ਨਾ ਸਾਨੂੰ ਆਪਣੇ ਜਨਮ ਦਾ ਪਤਾ ਲੱਗਦਾ ਹੈ ਤੇ ਨਾ ਮਰਨ ਦਾ। ਫਿਰ ਵੀ ਅਸੀਂ ਆਪਣੇ ਜਨਮ ਨੂੰ ਮੁਬਾਰਕ ਘਟਨਾ ਸਮਝਦੇ ਹਾਂ ਤੇ ਮਰਨ ਨੂੰ ਮਨਹੂਸ। ਮਨੁਖ ਮਰਨ ਤੋਂ ਬਹੁਤ ਡਰਦਾ ਹੈ ਤੇ ਇਸੇ ਲਈ ਉਮਰ ਭਰ ਮੌਤ ਤੋਂ ਬਚਣ ਬਾਬਤ ਸੋਚਦਾ ਰਹਿੰਦਾ ਹੈ। ਬੇਸ਼ੱਕ ਉਸ ਨੂੰ ਪਤਾ ਹੈ ਕਿ ਮੌਤ ਅਟੱਲ ਹੈ, ਪਰ ਫਿਰ ਵੀ ਮੌਤ ਨੂੰ ਟਾਲਣ ਲਈ ਜਤਨਸ਼ੀਲ ਰਹਿੰਦਾ ਹੈ। ਇਸ ਇਛਾ ਵਿਚੋਂ ਹੀ ਅੰਮ੍ਰਿਤ ਦਾ ਖਿਆਲ ਉਪਜਿਆ ਪ੍ਰਤੀਤ ਹੁੰਦਾ ਹੈ।
ਮ੍ਰਿਤ ਦਾ ਅਰਥ ਮਰਨਾ ਹੈ ਤੇ ਇਸ ਦੇ ਨਾਲ ਅਗੇਤਰ ਵਜੋਂ ਐੜੇ ਦੀ ਧੁਨੀ ਜੋੜਨ ਨਾਲ ਮਰਨ ਦਾ ਵਿਰੋਧੀ ਸ਼ਬਦ ਅਮ੍ਰਿਤ ਹੋ ਗਿਆ। ਫਿਰ ਅਮ੍ਰਿਤ ਸਮਾਂ ਪਾ ਕੇ ਅੰਮ੍ਰਿਤ ਹੋ ਗਿਆ। ਪੰਜਾਬੀ ਉਚਾਰਣ ਅਨੁਸਾਰ ਕਿਸੇ ਨਾਂ ਵਿਚ ਬਿੰਦੀ ਜਾਂ ਟਿੱਪੀ ਦਾ ਪ੍ਰਯੋਗ ਮੁਹੱਬਤ ਦਾ ਇਕਰਾਰ ਘੋਲ ਦਿੰਦਾ ਹੈ। ਇਸ ਲਈ ਅਮ੍ਰਿਤ ਵਿਚ ਮਰਨ ਤੋਂ ਇਨਕਾਰ ਹੈ ਤੇ ਅੰਮ੍ਰਿਤ ਵਿਚ ਜੀਵਨ ਦਾ ਇਕਰਾਰ ਹੈ।
ਅਸਲ ਵਿਚ ਅੰਮ੍ਰਿਤ ਅਜਿਹੇ ਵਿਚਾਰ ਦਾ ਅਹਿਸਾਸ ਜਾਂ ਅਹਿਸਾਸ ਦਾ ਵਿਚਾਰ ਹੈ, ਜਿਸ ਨਾਲ ਬੇਸ਼ੱਕ ਮੌਤ ਨਹੀਂ ਟਲਦੀ, ਪਰ ਜਿਉਣਾਂ ਸੁਖੈਨ ਅਤੇ ਸਫਲ ਹੋ ਜਾਂਦਾ ਹੈ। ਅੰਮ੍ਰਿਤ ਮੌਤ ਦੀ ਬਜਾਏ ਮੌਤ ਦਾ ਡਰ ਦੂਰ ਕਰ ਦਿੰਦਾ ਹੈ ਤੇ ਡਰ ਤੋਂ ਮੁਕਤ ਜੀਵਨ ਹੀ ਅਸਲ ਜੀਵਨ ਹੈ।
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਵਿਚਲੀ ਇਸ ਪਉੜੀ ਵਿਚ ਦੱਸਿਆ ਹੈ ਕਿ ਮਿਥਿਹਾਸ ਵਿਚ ਵੀ ਦੇਵਤੇ, ਮੁਨੀਜਨ ਅਤੇ ਮਨੁਖ ਅੰਮ੍ਰਿਤ ਦੀ ਭਾਲ ਕਰਦੇ ਰਹੇ ਹਨ। ਅਸੀਂ ਜਾਣਦੇ ਹਾਂ ਕਿ ਮਿਥਿਹਾਸ ਵਿਚ ਦੇਵਤੇ ਅਤੇ ਦੈਂਤ ਮਿਲ ਕੇ ਕਿਸ ਤਰ੍ਹਾਂ ਸਮੁੰਦਰ ਰਿੜਕਦੇ ਹਨ, ਜਿਸ ਵਿਚੋਂ ਚਉਦਾਂ ਕੀਮਤੀ ਰਤਨਾਂ ਸਮੇਤ ਅੰਮ੍ਰਿਤ ਪ੍ਰਾਪਤ ਹੁੰਦਾ ਹੈ।
ਅੰਮ੍ਰਿਤ ਦੀ ਅਹਿਮੀਅਤ ਦੇਖੋ ਕਿ ਤੇਰਾਂ ਰਤਨਾਂ ਨੂੰ ਪ੍ਰਾਪਤ ਕਰਨ ਲਈ ਕਿਸੇ ਨੇ ਵੀ ਜਿੱਦ ਨਹੀਂ ਕੀਤੀ। ਪਰ ਚਉਦਵੇਂ ਰਤਨ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਦੇਵਤਿਆਂ ਤੇ ਰਾਕਸ਼ਾਂ ਦਰਮਿਆਨ ਕਹਿਰ ਦਾ ਸਿਆਸੀ ਘਮਸਾਨ ਮੱਚਿਆ ਸੀ ਕਿ ਅੰਮ੍ਰਿਤ ਦੇਵਤੇ ਪੀਣਗੇ ਕਿ ਦੈਂਤ ਪੀਣਗੇ? ਦੇਵਤਿਆਂ ਦੇ ਲੱਖ ਜਤਨਾਂ ਦੇ ਬਾਵਜੂਦ ਇਕ ਦੈਂਤ ਨੇ ਅੰਮ੍ਰਿਤ ਦਾ ਘੁੱਟ ਅੰਦਰ ਲੰਘਾ ਲਿਆ ਸੀ, ਜਿਸ ਕਾਰਣ ਉਸ ਦਾ ਕਤਲ ਕਰ ਦਿੱਤਾ ਗਿਆ। ਫਿਰ ਵੀ ਉਸ ਦਾ ਸਿਰ ਅਤੇ ਧੜ ਅਮਰ ਹੋ ਗਏ ਸਨ, ਜੋ ਅੱਜ ਵੀ ਹਿੰਦੂ ਮਿਥਿਹਾਸ ਦੀ ਮਾਨਤਾ ਵਿਚ ਵਿਚਰਦੇ ਹਨ।
ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਅੰਮ੍ਰਿਤ ਨੂੰ ਰਿਸ਼ੀ-ਮੁਨੀ ਅਨੰਤ ਸਮੇਂ ਤੋਂ ਖੋਜ ਰਹੇ ਹਨ, ਉਹ ਨਾਮ-ਰੂਪੀ ਅੰਮ੍ਰਿਤ ਮੈਂ ਗੁਰੂ, ਅਰਥਾਤ ਗੁਰ-ਸ਼ਬਦ ਤੋਂ ਪ੍ਰਾਪਤ ਕਰ ਲਿਆ ਹੈ।
ਪਾਤਸ਼ਾਹ ਫਿਰ ਆਖਦੇ ਹਨ ਕਿ ਗੁਰ-ਸ਼ਬਦ ਸਦਕਾ ਹੀ ਇਹ ਨਾਮ-ਰੂਪੀ ਅੰਮ੍ਰਿਤ ਪ੍ਰਾਪਤ ਹੋਇਆ ਹੈ। ਇਸ ਨਾਮ-ਰੂਪੀ ਅੰਮ੍ਰਿਤ ਦੀ ਪ੍ਰਾਪਤੀ ਨਾਲ ਸੱਚ-ਸਰੂਪ ਪ੍ਰਭੂ ਮਨ ਵਿਚ ਆ ਵਸਿਆ ਹੈ।
ਬੇਸ਼ੱਕ ਸਾਰੇ ਜੀਅ-ਜੰਤ ਉਸ ਪ੍ਰਭੂ ਨੇ ਹੀ ਪੈਦਾ ਕੀਤੇ ਹਨ, ਪਰ ਜਿਸ ਉੱਤੇ ਉਹ ਕਿਰਪਾ ਕਰਦਾ ਹੈ, ਉਹੀ ਗੁਰੂ ਦੇ ਸ਼ਬਦ ਨੂੰ ਪ੍ਰਾਪਤ ਕਰਨ ਆਉਂਦਾ ਹੈ। ਅਸਲ ਵਿਚ ਇਹ ਪ੍ਰੇਮ ਦੀ ਕਹਾਣੀ ਹੈ। ਜਿਵੇਂ ਫੁੱਲ ਹਰ ਥਾਂ ਖਿੜਦੇ ਹਨ, ਪਰ ਕੋਈ ਵਿਰਲਾ ਹੀ ਇਨ੍ਹਾਂ ਵਿਚੋਂ ਆਪਣੇ ਪਿਆਰੇ ਦੇ ਦੀਦਾਰ ਕਰ ਸਕਦਾ ਹੈ। ਇਹੀ ਬੁੱਧ, ਵਿੱਦਿਆ ਅਤੇ ਵਿਸ਼ਵਾਸ ਦੀ ਕਰਾਮਾਤ ਹੈ।
ਗੁਰੂ ਦੇ ਸ਼ਬਦ ਨੂੰ ਸੁਣਨ ਅਤੇ ਵਿਚਾਰਨ ਵਾਲੇ ਮਨੁਖਾਂ ਦੇ ਮਨ ਨੂੰ ਇਹ ਸ਼ਬਦ ਏਨਾ ਪਿਆਰਾ ਲੱਗਣ ਲੱਗ ਪੈਂਦਾ ਹੈ ਕਿ ਉਨ੍ਹਾਂ ਦੇ ਤਮਾਮ ਰੋਗ, ਅਰਥਾਤ ਲੋਭ, ਲਾਲਚ, ਹੰਕਾਰ ਆਦਿ ਮਿਟ ਜਾਂਦੇ ਹਨ।
ਇਸ ਪ੍ਰਕਾਰ ਇਸ ਪਉੜੀ ਵਿਚ ਪਾਤਸ਼ਾਹ ਅੰਮ੍ਰਿਤ ਰੂਪੀ ਨਾਮ ਦੀ ਪ੍ਰਾਪਤੀ ਲਈ ਗੁਰੂ, ਭਾਵ ਗੁਰ-ਸ਼ਬਦ ਦੀ ਅਹਿਮੀਅਤ ਪ੍ਰਗਟ ਕਰਦੇ ਹਨ, ਜਿਸ ਰਾਹੀਂ ਅਸੀਂ ਉਸ ਨਾਮ-ਅੰਮ੍ਰਿਤ ਅਤੇ ਸੱਚ ਸਰੂਪ ਪ੍ਰਭੂ ਤਕ ਪੁੱਜ ਸਕਦੇ ਹਾਂ। ਪਉੜੀ ਦੇ ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਜਿਸ ਮਨੁਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ, ਉਹ ਗੁਰ-ਸ਼ਬਦ ਰਾਹੀਂ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰ ਲੈਂਦਾ ਹੈ।