‘ਘੋੜੀਆ’ ਸਿਰਲੇਖ ਹੇਠ ਉਚਾਰਣ ਕੀਤੀ ਪਹਿਲੀ ਘੋੜੀ ਦੇ ਛੰਤਾਂ ਵਿਚ ਪ੍ਰਭੂ-ਮਿਲਾਪ ਲਈ ਇਸ ਦੇਹੀ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾਉਣ ਦਾ ਵਰਨਣ ਸੀ। ਇਨ੍ਹਾਂ ਛੰਤਾਂ ਵਿਚ ਉਲੇਖ ਹੈ ਕਿ ਗੁਰ-ਸ਼ਬਦ ਰਾਹੀਂ ਇਹ ਦੇਹੀ ਰੂਪੀ ਘੋੜੀ ਪ੍ਰਭੂ ਵਾਂਗ ਨਵੇਂ ਰੰਗ ਵਾਲੀ ਅਤੇ ਸੋਨੇ ਵਾਂਗ ਬੇਸ਼ਕੀਮਤੀ ਹੋ ਜਾਂਦੀ ਹੈ। ਮਨ ਵਸ ਵਿਚ ਆ ਜਾਂਦਾ ਹੈ। ਜਗਿਆਸੂ ਪ੍ਰਭੂ ਨੂੰ ਅਨੁਭਵ ਕਰ ਕੇ ਉਸ ਦੀ ਹਜੂਰੀ ਦਾ ਅਨੰਦ ਮਾਣਦਾ ਹੈ।
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥
ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥
ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥
ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗਕੀ ॥
ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥
ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥
-ਗੁਰੂ ਗ੍ਰੰਥ ਸਾਹਿਬ ੫੭੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੀ ਦੇਹੀ ਨੂੰ ਫਿਰ ਘੋੜੀ ਦੇ ਪ੍ਰਤੀਕ ਵਿਚ ਪੇਸ਼ ਕਰਦੇ ਹੋਏ ਦੱਸਦੇ ਹਨ ਕਿ ਇਸ ਘੋੜੀ ਰੂਪੀ ਦੇਹੀ ਸਦਕਾ ਸਿਮਰਨ ਅਤੇ ਸੇਵਾ ਦੀ ਬਰਕਤ ਨਾਲ ਹਰੀ ਪ੍ਰਭੂ ਨੂੰ ਆਪਣਾ ਬਣਾ ਲਿਆ ਹੈ।
ਪ੍ਰਭੂ ਨੂੰ ਮਿਲਾਉਣ ਵਾਲੇ ਸੱਚ-ਸਰੂਪ ਗੁਰੂ ਨੂੰ ਮਿਲ ਕੇ ਮਨ ਏਨਾ ਝੂਮ ਉੱਠਿਆ ਹੈ ਕਿ ਮੰਗਲਮਈ ਧੁਨਾਂ ਗੁਣਗੁਣਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜਦ ਕਿਤੇ ਮਨੁਖ ਸਹਿਜ-ਸੁਭਾਅ ਖੁਸ਼ੀ ਦੇ ਅਹਿਸਾਸ ਵਾਲੇ ਗੀਤ ਗੁਣਗੁਣਾ ਰਿਹਾ ਹੁੰਦਾ ਹੈ, ਉਸ ਵੇਲੇ ਉਸ ਦਾ ਮਨ ਬਿਲਕੁਲ ਚਿੰਤਾ ਮੁਕਤ ਹਾਲਤ ਵਿਚ ਹੁੰਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਜਿਹੜੀ ਵੀ ਜੀਵ-ਇਸਤਰੀ ਪ੍ਰਭੂ-ਨਾਮ ਦੀ ਮਹਿਮਾ ਜਾਣਦੀ ਅਤੇ ਉਸ ਦੀ ਉਸਤਤਿ ਕਰਦੀ ਹੈ, ਉਹ ਨਾਮ ਦੇ ਗਾਇਨ ਸਦਕਾ ਪ੍ਰਭੂ-ਪਿਆਰੇ ਦੇ ਸੇਵਕਾਂ ਦੀ ਸੇਵਾ ਵਿਚ ਮਗਨ ਰਹਿੰਦੀ ਹੈ। ਅਜਿਹੀ ਇਸਤਰੀ ਪ੍ਰਭੂ ਕੋਲ ਪੁੱਜ ਕੇ ਪ੍ਰਭੂ ਦੇ ਵਿਲਾਸ ਮਹਿਲ ਦਾ ਸੁਖ ਅਤੇ ਸਾਥ ਮਾਣਦੀ ਹੈ। ਉਹ ਹਰੀ-ਪ੍ਰਭੂ ਦੇ ਰੰਗ ਵਿਚ ਭਿੱਜ ਕੇ ਉਸ ਦੇ ਸਾਥ ਦਾ ਅਨੰਦ ਮਾਣਦੀ ਹੈ।
ਉਹ ਜੀਵ ਇਸਤਰੀ ਮਨ ਨੂੰ ਭਾਉਣ ਵਾਲੇ ਪ੍ਰਭੂ ਰਾਮ ਦੇ ਗੁਣ ਗਾਇਨ ਕਰਦੀ ਹੋਈ ਆਪਣੇ ਮਨ-ਚਿੱਤ ਵਿਚ ਹਰੀ-ਪ੍ਰਭੂ ਦੇ ਦੱਸੇ ਹੋਏ ਉਪਦੇਸ਼ ਰੂਪ ਗੁਰਮਤਿ ਨੂੰ ਮਨ ਵਿਚ ਧਾਰਨ ਕਰੀ ਰਖਦੀ ਹੈ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਮਨੁਖ ਉੱਤੇ ਹਰੀ-ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਸ ਨੇ ਘੋੜੀ ਜਿਹੀ ਦੇਹ ਸਦਕਾ ਸੇਵਾ-ਸਿਮਰਨ ਦੀ ਬਰਕਤ ਨਾਲ ਪ੍ਰਭੂ ਹਰੀ ਦੀ ਨੇੜਤਾ ਅਤੇ ਸੰਪਰਕ ਹਾਸਲ ਕਰ ਲਿਆ ਹੈ।